For the best experience, open
https://m.punjabitribuneonline.com
on your mobile browser.
Advertisement

ਵਿਸ਼ਵ ਪੰਜਾਬੀ ਸਭਾ ਵੱਲੋਂ ਟੋਰਾਂਟੋ ’ਚ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸ ਦਾ ਆਗ਼ਾਜ਼

01:16 PM Jun 21, 2025 IST
ਵਿਸ਼ਵ ਪੰਜਾਬੀ ਸਭਾ ਵੱਲੋਂ ਟੋਰਾਂਟੋ ’ਚ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸ ਦਾ ਆਗ਼ਾਜ਼
ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦਾ ਉਦਘਾਟਨ ਕਰਦੇ ਹੋਏ ਵਰਿਆਮ ਸੰਧੂ, ਦਲਬੀਰ ਕਥੂਰੀਆ, ਇੰਦਰਜੀਤ ਬੱਲ, ਡਾ. ਬਲਵਿੰਦਰ ਸਿੰਘ ਤੇ ਹੋਰ ਪਤਵੰਤੇ
Advertisement

ਡਾ. ਵਰਿਆਮ ਸਿੰਘ ਸੰਧੂ ਨੇ ਮਾਂ ਬੋਲੀ ਦਾ ਵਿਕਾਸ ਆਪੋ ਆਪਣੇ ਘਰੋਂ ਸ਼ੁਰੂ ਕਰਨ ਦਾ ਅਹਿਦ ਦਿਵਾਇਆ
ਸਤਬੀਰ ਸਿੰਘ
ਬਰੈਂਪਟਨ, 21 ਜੂਨ
ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਸਾਂਝ ਨੂੰ ਹੋਰ ਮਜ਼ਬੂਤ ਕਰਨ, ਨਿਖਾਰਨ ਅਤੇ ਤਰਾਸ਼ਣ ਦੇ ਮਨੋਰਥ ਨਾਲ ਛੇਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਕੈਨੇਡਾ ਦੇ ਸ਼ਹਿਰ ਬਰੈਂਪਟਨ (ਟੋਰਾਂਟੋ) ਦੇ ਵਿਸ਼ਵ ਪੰਜਾਬੀ ਭਵਨ ਵਿਖੇ ਅੱਜ ਬੜੇ ਉਤਸ਼ਾਹ ਨਾਲ ਸ਼ੁਰੂ ਹੋ ਗਈ ਹੈ। ਕਾਨਫਰੰਸ ਦਾ ਆਰੰਭ ਸਿੱਖ ਰਹੁ-ਰੀਤਾਂ ਨਾਲ ਸੁਬੇਗ ਸਿੰਘ ਕਥੂਰੀਆ ਵੱਲੋਂ ਰਸਭਿੰਨੇ ਸ਼ਬਦ ਗਾਇਨ ਨਾਲ ਕੀਤਾ ਗਿਆ।
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਹੇਠ ਸ਼ੁਰੂ ਹੋਈ ਕਾਨਫਰੰਸ ਦੇ ਪ੍ਰਧਾਨਗੀ ਭਾਸ਼ਨ ਦੌਰਾਨ ਸ਼੍ਰੋਮਣੀ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਸਭਾ ਨੇ ਇਹ ਕਾਨਫਰੰਸ ਕਰ ਕੇ ਪੂਰੇ ਸੰਸਾਰ ਨੂੰ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਸੁਚੇਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਫ਼ਰ ਸਾਨੂੰ ਆਪੋ ਆਪਣੇ ਘਰੋਂ ਸ਼ੁਰੂ ਕਰਨਾ ਪਵੇਗਾ।
ਡਾ. ਸੰਧੂ ਨੇ ਹਾਜ਼ਰ ਸਰੋਤਿਆਂ, ਲੇਖਕਾਂ ਤੇ ਪੰਜਾਬੀ ਭਾਸ਼ਾ ਦੇ ਦਰਦੀਆਂ ਨੂੰ ਇਹ ਉਪਰਾਲਾ ਆਪੋ ਆਪਣੇ ਘਰਾਂ ਤੋਂ ਸ਼ੁਰੂ ਕਰਨ ਲਈ ਪ੍ਰਣ ਵੀ ਕਰਵਾਇਆ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਵਿਸਾਰਨ ਕਰ ਕੇ ਹੀ ਅਸੀਂ ਬਹੁਤੇ ਕਸ਼ਟ ਸਹਾਰ ਰਹੇ ਹਾਂ।
ਇਸ ਤੋਂ ਪਹਿਲਾਂ ਡਾ. ਦਲਬੀਰ ਸਿੰਘ ਕਥੂਰੀਆ, ਸ਼੍ਰੋਮਣੀ ਪੰਜਾਬੀ ਲੇਖਕ ਡਾ.ਵਰਿਆਮ ਸਿੰਘ ਸੰਧੂ, ਪੰਜਾਬ ਯੂਨੀਵਰਸਿਟੀ ਦੇ ਸਾਬਕਾ ਡੀਨ ਡਾ. ਜਸਪਾਲ ਕੌਰ ਕਾਂਗ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਚਾਂਸਲਰ ਡਾ. ਗੁਰਲਾਭ ਸਿੰਘ, ਡਾ. ਪਰਗਟ ਸਿੰਘ ਬੱਗਾ, ਇੰਦਰਜੀਤ ਸਿੰਘ ਬੱਲ, ਡਾ. ਬਲਵਿੰਦਰ ਸਿੰਘ ਧਾਲੀਵਾਲ, ਡਾ. ਅਮਰਜੀਤ ਕਾਉਂਕੇ, ਰੂਪ ਕਾਹਲੋਂ ਅਤੇ ਚੜ੍ਹਦੀਕਲਾ ਟਾਈਮ ਟੀਵੀ ਦਿੱਲੀ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਵੱਲੋਂ ਸ਼ਮ੍ਹਾ ਰੌਸ਼ਨ ਕਰ ਕੇ ਸਮਾਰੋਹ ਦਾ ਉਦਘਾਟਨ ਕੀਤਾ ਗਿਆ।
ਸਮਾਰੋਹ ਦਾ ਸਵਾਗਤੀ ਭਾਸ਼ਨ ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਇੰਦਰਜੀਤ ਸਿੰਘ ਬੱਲ ਵੱਲੋਂ ਪੜ੍ਹਿਆ ਗਿਆ। ਗੁਰਲਾਭ ਸਿੰਘ ਵੱਲੋਂ ਉਦਘਾਟਨੀ ਸ਼ਬਦ ਬੋਲੇ ਗਏ। ਕੁੰਜੀਵਤ ਭਾਸ਼ਣ ਦੌਰਾਨ ਡਾ. ਜਸਪਾਲ ਕੌਰ ਕਾਂਗ ਵੱਲੋਂ ਗੁਰੂ ਆਸ਼ੇ ਅਨੁਸਾਰੀ ਸਮਾਜ ਸਿਰਜਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ।
ਰਿੰਟੂ ਭਾਟੀਆ ਵੱਲੋਂ ਵੀ ਸ਼ਬਦ ਗਾਇਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪੰਜਾਬੀ ਪੱਤਰਕਾਰ ਸਰਬਜੀਤ ਸਿੰਘ ਭੰਗੂ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕੇ ਪੰਜਾਬੀ ਬੋਲੀ ਦੇ ਵਿਕਾਸ ਲਈ ਦੁਨੀਆਂ ਭਰ ਵਿਚ ਅਜਿਹੀਆਂ ਕਾਨਫਰੰਸਾਂ ਤੇ ਜਥੇਬੰਦਕ ਉਪਰਾਲਿਆਂ ਦੀ ਸਖ਼ਤ ਲੋੜ ਹੈ। ਡਾ. ਪ੍ਰਗਟ ਸਿੰਘ ਬੱਗਾ ਨੇ ਧੰਨਵਾਦ ਦੇ ਸ਼ਬਦ ਕਹੇ।
ਪ੍ਰੋ. ਜਗੀਰ ਸਿੰਘ ਕਾਹਲੋਂ, ਡਾ. ਗੁਰਪ੍ਰੀਤ ਕੌਰ ਅਤੇ ਡਾ. ਅਮਰਦੀਪ ਬਿੰਦਰਾ ਵੱਲੋਂ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਕਾਨਫਰੰਸ ਵਿੱਚ ਉੁੱਘੇ ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਸਾਬਕਾ ਵਿਧਾਇਕ ਤੇ ਪ੍ਰਸਿੱਧ ਪੱਤਰਕਾਰ ਕੰਵਰ ਸੰਧੂ, ਬਿੱਟੂ ਸੰਧੂ, ਜਸਵਿੰਦਰ ਸਿੰਘ ਰੁਪਾਲ, ਪੂਰਨ ਸਿੰਘ ਪਾਂਧੀ, ਰਜਵੰਤ ਕੌਰ ਸੰਧੂ, ਡਾ. ਜਾਗੀਰ ਸਿੰਘ ਨੂਰ, ਸੁਰਿੰਦਰ ਪ੍ਰੀਤ ਘਣੀਆ, ਕੰਵਲਜੀਤ ਸਿੰਘ ਲੱਕੀ, ਦਲਬੀਰ ਸਿੰਘ ਰਿਆੜ, ਪਾਕਿਸਤਾਨੀ ਲੇਖਿਕਾ ਤਾਹਿਰਾ ਸਰਾ, ਲੋਕ ਗਾਇਕ ਹਸਨੈਨ ਅਕਬਰ, ਕਵਿੱਤਰੀ ਸੁਰਜੀਤ ਕੌਰ, ਪ੍ਰੋ. ਕੁਲਜੀਤ ਕੌਰ, ਡਾ. ਨਵਜੋਤ ਕੌਰ ਤੇ ਕਈ ਹੋਰ ਲੇਖਕ ਹਾਜ਼ਰ ਸਨ।
ਡਾ. ਕਥੂਰੀਆ ਨੇ ਕਿਹਾ ਕਿ ਪੰਜਾਬੀ ਸਿਰਫ ਇੱਕ ਭਾਸ਼ਾ ਹੀ ਨਹੀਂ ਬਲਕਿ ਇਹ ਮੁਹੱਬਤ, ਭਾਈਚਾਰਕ ਸਾਂਝ ਅਤੇ ਦੁਨੀਆਂ ਨੂੰ ਰਿਸ਼ਤਿਆਂ ਨਾਲ ਜੋੜ ਕੇ ਰੱਖਣ ਵਾਲੀ ਭਾਸ਼ਾ ਹੈ। ਇਸ ਦੀਆਂ ਜੜ੍ਹਾਂ ਵਿੱਚ, ਇਸ ਦੀਆਂ ਰਗਾਂ ਵਿੱਚ, ਇਸ ਦੇ ਸੀਨੇ ਵਿੱਚ, ਇਸ ਦੀ ਧੜਕਣ ਵਿੱਚ ਰੂਹਾਨੀਅਤ ਦੇ ਬੀਜ ਹਨ ਅਤੇ ਅੱਜ ਜਦੋਂ ਦੁਨੀਆਂ ਦੇ ਬਹੁਤ ਸਾਰੇ ਮੁਲਕ ਆਪਸੀ ਖਿਚੋਤਾਣ ਵਿੱਚ ਅਤੇ ਆਪਣੀ ਚੌਧਰ ਕਾਇਮ ਰੱਖਣ ਲਈ ਸੰਘਰਸ਼ ਕਰ ਰਹੇ ਹਨ, ਇਸ ਸਮੇਂ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਭੂਮਿਕਾ ਅਤੇ ਯੋਗਦਾਨ ਹੋਰ ਵੀ ਵਧ ਜਾਂਦਾ ਹੈ। ਦੱਸਣਯੋਗ ਹੈ ਕਿ ਕਾਨਫਰੰਸ ਦਾ ਸਮਾਪਤੀ ਸਮਾਰੋਹ 22 ਜੂਨ ਨੂੰ ਹੋਵੇਗਾ।

Advertisement

Advertisement
Advertisement

Advertisement
Author Image

Balwinder Singh Sipray

View all posts

Advertisement