ਪੰਜਾਬ ’ਵਰਸਿਟੀ ’ਚ ਵਿਸ਼ਵ ਪੰਜਾਬੀ ਕਾਨਫ਼ਰੰਸ ਸ਼ੁਰੂ
ਕੁਲਦੀਪ ਸਿੰਘ
ਚੰਡੀਗੜ੍ਹ, 15 ਫ਼ਰਵਰੀ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗੋਲਡਨ ਜੁਬਲੀ ਹਾਲ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਾਨਫ਼ਰੰਸ ‘ਸ਼ਹਾਦਤ ਦਾ ਸਿੱਖ ਸੰਕਲਪ’ ਦੇ ਵਿਸ਼ੇ ’ਤੇ ਆਰੰਭ ਹੋਈ। ਵਿਰਾਸਤ ਪੰਜਾਬ ਮੰਚ ਵੱਲੋਂ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਕਾਨਫਰੰਸ ਦੀ ਸ਼ੁਰੂਆਤ ਪਦਮਸ੍ਰੀ ਬਾਬਾ ਸੇਵਾ ਸਿੰਘ ਦੇ ਆਸ਼ੀਰਵਾਦ ਨਾਲ ਹੋਈ। ਮੁੱਖ ਭਾਸ਼ਣ ਦੌਰਾਨ ਸੰਬੋਧਨ ਕਰਦਿਆਂ ਡਾ. ਗੁਰਿੰਦਰ ਸਿੰਘ ਮਾਨ ਨੇ ਕਿਹਾ ਕਿ ਸਮਕਾਲ ਵਿੱਚ ਸਿੱਖ ਸਟੱਡੀਜ਼ ਦੇ ਅਨੁਸ਼ਾਸਨ ਨੂੰ ਹੁਣ ਆਤਮ ਮੰਥਨ ਕਰਕੇ ਭਵਿੱਖ ਦੀ ਰੂਪ-ਰੇਖਾ ਤਿਆਰ ਕਰਨੀ ਚਾਹੀਦੀ ਹੈ। ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰੇਣੂੰ ਵਿੱਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਗੁਰੂਆਂ ਦੀ ਸ਼ਹਾਦਤ ਨੇ ਬਾਅਦ ਵਾਲੇ ਇਤਿਹਾਸ ਨੂੰ ਨਵੀਂ ਦਿਸ਼ਾ ਦੇਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਪੰਜਾਬ ਐਂਡ ਸਿੰਧ ਬੈਂਕ ਦੇ ਨੁਮਾਇੰਦੇ ਜਤਿੰਦਰਬੀਰ ਸਿੰਘ ਰੰਧਾਵਾ ਨੇ ਸਿੱਖ ਸ਼ਹਾਦਤ ਵਿਚ ਨਿਰਸੁਆਰਥ ਅਤੇ ਪਰਉਪਕਾਰ ਦੀਆਂ ਭਾਵਨਾਵਾਂ ਨੂੰ ਪ੍ਰਮੁੱਖ ਤੱਤ ਦੱਸਿਆ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਰਵੇਲ ਸਿੰਘ ਨੇ ਸਿੱਖ ਸ਼ਹਾਦਤ ਦੀ ਵਿਲੱਖਣਤਾ ਨੂੰ ਉਭਾਰਨ ’ਤੇ ਜ਼ੋਰ ਦਿੱਤਾ। ਉਦਘਾਟਨੀ ਸ਼ੈਸਨ ਦੌਰਾਨ ਸੁਆਗਤੀ ਸ਼ਬਦ ਵਿਰਾਸਤ ਪੰਜਾਬ ਮੰਚ ਦੇ ਮੁਖੀ ਡਾ. ਹਰਜੋਧ ਸਿੰਘ ਅਤੇ ਧੰਨਵਾਦੀ ਸ਼ਬਦ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੇ ਅਕਾਦਮਿਕ ਮੁਖੀ ਡਾ. ਗੁਰਪਾਲ ਸਿੰਘ ਸੰਧੂ ਵੱਲੋਂ ਆਖੇ ਗਏ। ਕਾਨਫ਼ਰੰਸ ਦੇ ਪਹਿਲੇ ਦਿਨ ਵਿਦਵਾਨਾਂ ਨੇ 16 ਖੋਜ ਪੱਤਰ ਪੇਸ਼ ਕੀਤੇ। ਇਸ ਦੌਰਾਨ ‘ਭਾਈ ਵੀਰ ਸਿੰਘ ਜੀਵਨ, ਸਾਹਿਤ ਅਤੇ ਵਿਰਾਸਤ’ ਪੁਸਤਕ ਲੋਕ ਅਰਪਣ ਕੀਤੀ ਗਈ। ਸਿੱਖਿਆ ਖੇਤਰ ਵਿਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਪੰਜ ਸ਼ਖ਼ਸੀਅਤਾਂ ਪ੍ਰੋ. ਅਨਿਰੁਧ ਜੋਸ਼ੀ, ਪ੍ਰੋ. ਤਾਰਾ ਸਿੰਘ ਕਮਲ, ਰਣਜੋਧ ਸਿੰਘ, ਜਸਮੇਰ ਸਿੰਘ ਬਾਲਾ, ਪ੍ਰੋ. ਦਵਿੰਦਰ ਸਿੰਘ ਅਤੇ ਬੱਬੂ ਤੀਰ ਦਾ ਸਨਮਾਨ ਕੀਤਾ ਗਿਆ।