ਦੁਨੀਆ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਸਰਕਾਰਾਂ ਦੀ ਲੋੜ: ਮੋਦੀ
ਦੁਬਈ, 14 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੁਨੀਆ ਨੂੰ ਅੱਜ ਅਜਿਹੀਆਂ ਸਰਕਾਰਾਂ ਦੀ ਲੋੜ ਹੈ ਜੋ ਭ੍ਰਿਸ਼ਟਾਚਾਰ ਤੋਂ ਮੁਕਤ ਹੋਣ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ’ਚ ਯਕੀਨ ਰੱਖਣ। ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰ ‘ਘੱਟੋ ਘੱਟ ਸਰਕਾਰ ਅਤੇ ਵਧੇਰੇ ਸ਼ਾਸਨ’ ਰਿਹਾ ਹੈ। ਵਰਲਡ ਗਵਰਨਮੈਂਟਸ ਸਮਿਟ (ਆਲਮੀ ਸਰਕਾਰਾਂ ਬਾਰੇ ਸਿਖਰ ਸੰਮੇਲਨ) ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੀਆਂ ਜ਼ਿੰਦਗੀਆ ’ਚ ਜਿਥੋਂ ਤੱਕ ਸੰਭਵ ਹੋਵੇ, ਘੱਟ ਹੀ ਦਖ਼ਲ ਦੇਣਾ ਚਾਹੀਦਾ ਹੈ। ‘ਮੈਂ ਸਮਝਦਾ ਹਾਂ ਕਿ ਲੋਕ ਸਰਕਾਰ ਦੀ ਗ਼ੈਰਹਾਜ਼ਰੀ ਵੀ ਮਹਿਸੂਸ ਨਾ ਕਰਨ ਅਤੇ ਨਾ ਹੀ ਉਨ੍ਹਾਂ ’ਤੇ ਸਰਕਾਰ ਦਾ ਦਬਾਅ ਹੋਣਾ ਚਾਹੀਦਾ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਭਾਰਤ ’ਚ ਲੋਕਾਂ ਦਾ ਸਰਕਾਰ ਪ੍ਰਤੀ ਭਰੋਸਾ ਵਧਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਸਫ਼ਾਈ ਮੁਹਿੰਮ, ਡਿਜੀਟਲ ਸਾਖਰਤਾ ਜਾਂ ਬੇਟੀ ਪੜ੍ਹਾਓ ਮੁਹਿੰਮ ਹੋਵੇ, ਲੋਕਾਂ ਦੀ ਸ਼ਮੂਲੀਅਤ ਰਾਹੀਂ ਇਨ੍ਹਾਂ ਮੁਹਿੰਮਾਂ ਦਾ ਟੀਚਾ ਸਰ ਕਰ ਲਿਆ ਗਿਆ ਹੈ। ਸਰਕਾਰ ਨੇ ਮਹਿਲਾ ਆਧਾਰਿਤ ਵਿਕਾਸ, ਭਾਰਤੀ ਮਹਿਲਾਵਾਂ ਦੇ ਵਿੱਤੀ, ਸਮਾਜਿਕ ਅਤੇ ਸਿਆਸੀ ਹਾਲਾਤ ਦੀ ਮਜ਼ਬੂਤੀ ’ਤੇ ਧਿਆਨ ਕੇਂਦਰਿਤ ਕੀਤਾ ਹੈ। ਮੋਦੀ ਨੇ ਕਿਹਾ ਕਿ ਅਤਿਵਾਦ ਦੇ ਵੱਖ ਵੱਖ ਰੂਪ ਮਨੁੱਖਤਾ ਲਈ ਰੋਜ਼ਾਨਾ ਨਵੀਆਂ ਚੁਣੌਤੀਆਂ ਪੈਦਾ ਕਰ ਰਹੇ ਹਨ। ਜਲਵਾਯੂ ਚੁਣੌਤੀਆਂ ਲਗਾਤਾਰ ਫੈਲਦੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਅਜਿਹੀਆਂ ਸਰਕਾਰਾਂ ਦੀ ਲੋੜ ਹੈ ਜੋ ਆਵਾਸ, ਨਿਆਂ, ਗਤੀਸ਼ੀਲਤਾ, ਕਾਢਾਂ ਅਤੇ ਕਾਰੋਬਾਰ ਆਸਾਨੀ ਨਾਲ ਕਰਨ ਦੀ ਸਹੂਲਤ ਦਿੰਦੀਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਯੂਏਈ ਦੇ ਹਮਰੁਤਬਾ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨਾਲ ਮੁਲਾਕਾਤ ਕਰਕੇ ਦੁਵੱਲੇ ਸਹਿਯੋਗ ਵਾਲੇ ਖੇਤਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਦੋਵੇਂ ਆਗੂਆਂ ਨੇ ਦੁਵੱਲੀ ਨਿਵੇਸ਼ ਸੰਧੀ ’ਤੇ ਦਸਤਖ਼ਤ ਅਤੇ ਵਧ ਰਹੇ ਆਰਥਿਕ ਸਬੰਧਾਂ ਦਾ ਸਵਾਗਤ ਕੀਤਾ। ਸ੍ਰੀ ਮੋਦੀ ਨੇ ਉਪ ਰਾਸ਼ਟਰਪਤੀ ਅਤੇ ਯੂਏਈ ਦੇ ਪ੍ਰਧਾਨ ਮੰਤਰੀ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਨੂੰ ਭਾਰਤ ਦੌਰੇ ਦਾ ਸੱਦਾ ਵੀ ਦਿੱਤਾ। ਉਨ੍ਹਾਂ ਮੈਡਗਾਸਕਰ ਦੇ ਰਾਸ਼ਟਰਪਤੀ ਆਂਦਰੀ ਰਾਜੋਲੀਨਾ ਨਾਲ ਮੁਲਾਕਾਤ ਕਰਕੇ ਦੋਵੇਂ ਮੁਲਕਾਂ ਵਿਚਕਾਰ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਪ੍ਰਤੀ ਵਚਨਬੱਧਤਾ ਦੁਹਰਾਈ। ਸੰਮੇਲਨ ਦੌਰਾਨ ਹੀ ਇਥੋਂ ਦਾ ਮਸ਼ਹੂਰ ਬੁਰਜ ਖ਼ਲੀਫ਼ਾ ਤਿਰੰਗੇ ਦੇ ਰੰਗਾਂ ’ਚ ਜਗਮਗਾ ਉਠਿਆ। ਸਿਖਰ ਸੰਮੇਲਨ ’ਚ ਭਾਰਤ ਮਹਿਮਾਨ ਵਜੋਂ ਸ਼ਾਮਲ ਹੋਇਆ ਹੈ। ਉਧਰ ਕੌਮਾਂਤਰੀ ਊਰਜਾ ਏਜੰਸੀ ਦੀ ਮੰਤਰੀ ਪੱਧਰ ਦੀ ਮੀਟਿੰਗ ਨੂੰ ਭੇਜੇ ਆਪਣੇ ਸੁਨੇਹੇ ’ਚ ਮੋਦੀ ਨੇ ਕਿਹਾ ਕਿ ਭਾਰਤ ’ਚ ਪ੍ਰਤਿਭਾ ਤੇ ਕਾਢਾਂ ਦੀ ਕਮੀ ਨਹੀਂ ਹੈ। ਬਾਅਦ ’ਚ ਮੋਦੀ ਤੇ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਭਾਰਤ ਮਾਰਟ ਦਾ ਵਰਚੁਅਲੀ ਨੀਂਹ ਪੱਥਰ ਰੱਖਿਆ। -ਪੀਟੀਆਈ
ਮੋਦੀ ਵੱਲੋਂ ਅਬੂ ਧਾਬੀ ਵਿੱਚ ਪਹਿਲੇ ਮੰਦਰ ਦਾ ਉਦਘਾਟਨ
ਅਬੂ ਧਾਬੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਮੀਨਾਰਾਇਣ ਸੰਪਰਦਾ ਦੇ ਅਹੁਦੇਦਾਰਾਂ ਦੀ ਹਾਜ਼ਰੀ ’ਚ ਮੰਤਰਾਂ ਦੇ ਉਚਾਰਨ ਦਰਮਿਆਨ ਅਬੂ ਧਾਬੀ ਦੇ ਪਹਿਲੇ ਮੰਦਰ ਦਾ ਉਦਘਾਟਨ ਕੀਤਾ। ਹਲਕੇ ਗੁਲਾਬੀ ਰੰਗ ਦਾ ਰੇਸ਼ਮੀ ਕੁੜਤਾ ਪਜਾਮਾ, ਬਿਨ੍ਹਾਂ ਬਾਂਹ ਵਾਲੀ ਜੈਕੇਟ ਅਤੇ ਪਟਕਾ ਪਹਿਨੇ ਹੋਏ ਪ੍ਰਧਾਨ ਮੰਤਰੀ ਨੇ ਮੰਦਰ ਦੇ ਉਦਘਾਟਨੀ ਸਮਾਗਮ ’ਚ ਪੂਜਾ ਵੀ ਕੀਤੀ। ਉਨ੍ਹਾਂ ‘ਗਲੋਬਲ ਆਰਤੀ’ ’ਚ ਵੀ ਹਿੱਸਾ ਲਿਆ ਜੋ ਬੋਚਾਸਨਵਾਸੀ ਸ੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (ਬੀਏਪੀਐੱਸ) ਵੱਲੋਂ ਦੁਨੀਆ ਭਰ ’ਚ ਬਣੇ ਸਵਾਮੀਨਾਰਾਇਣ ਸੰਪਰਦਾ ਦੇ 1200 ਤੋਂ ਵੱਧ ਮੰਦਰਾਂ ’ਚ ਇਕੋ ਸਮੇਂ ਕਰਵਾਈ ਗਈ। ਇਸ ਤੋਂ ਪਹਿਲਾਂ ਮੋਦੀ ਨੇ ਇਥੇ ਪਹਿਲੇ ਮੰਦਰ ਦੇ ਨਿਰਮਾਣ ’ਚ ਯੋਗਦਾਨ ਦੇਣ ਵਾਲੇ ਵੱਖ ਵੱਖ ਸੰਪਰਦਾਵਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਦੁਬਈ-ਅਬੂ ਧਾਬੀ ਸ਼ੇਖ਼ ਜ਼ਾਯਦ ਰਾਜਮਾਰਗ ’ਤੇ ਅਲ ਰਾਹਬਾ ਕੋਲ 27 ਏਕੜ ਰਕਬੇ ’ਚ ਕਰੀਬ 700 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਮੰਦਰ ਦੇ ਉਦਘਾਟਨ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਮੰਦਰ ’ਚ ਤਿਆਰ ਕੀਤੇ ਗਏ ਗੰਗਾ ਅਤੇ ਯਮੁਨਾ ਦਰਿਆਵਾਂ ’ਚ ਜਲ ਅਰਪਣ ਵੀ ਕੀਤਾ। ਮੰਦਰ ਦੇ ਸੇਵਕ ਉਮੇਸ਼ ਰਾਜਾ ਮੁਤਾਬਕ 20 ਹਜ਼ਾਰ ਟਨ ਤੋਂ ਵਧ ਚੂਨਾ ਪੱਥਰ ਦੇ ਟੁੱਕੜਿਆਂ ਨੂੰ ਰਾਜਸਥਾਨ ’ਚ ਤਰਾਸ਼ਿਆ ਗਿਆ ਅਤੇ 700 ਕੰਟੇਨਰਾਂ ’ਚ ਅਬੂ ਧਾਬੀ ਲਿਆਂਦਾ ਗਿਆ ਸੀ। -ਪੀਟੀਆਈ