ਕ੍ਰਿਕਟ ਵਿਸ਼ਵ ਕੱਪ ’ਚ ਇੰਗਲੈਂਡ ਦੀ ਦੂਜੀ ਜਿੱਤ
ਪੁਣੇ, 8 ਨਵੰਬਰ
ਇੰਗਲੈਂਡ ਨੇ ਅੱਜ ਇਥੇ ਕ੍ਰਿਕਟ ਵਿਸ਼ਵ ਕੱਪ ਵਿਚ ਨੈਦਰਲੈਂਡਜ਼ ਨੂੰ 160 ਦੌੜਾਂ ਨਾਲ ਹਰਾ ਕੇ ਇਸ ਟੂਰਨਾਮੈਂਟ ਵਿੱਚ ਦੂਜੀ ਜਿੱਤ ਦਰਜ ਕੀਤੀ ਹੈ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ’ਤੇ 339 ਦੌੜਾਂ ਬਣਾਈਆਂ ਅਤੇ ਡੱਚ ਟੀਮ ਨੂੰ 37.2 ਓਵਰਾਂ ਵਿੱਚ 179 ਦੌੜਾਂ ’ਤੇ ਸਮੇਟ ਦਿੱਤਾ। ਇਸ ਤਰ੍ਹਾਂ ਇੰਗਲੈਂਡ ਨੇ ਚੈਂਪੀਅਨਜ਼ ਟਰਾਫੀ ਵਿੱਚ ਦਾਖਲੇ ਲਈ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਮੈਚ ਦੌਰਾਨ ਬੈੱਨ ਸਟੋਕਸ ਨੇ 84 ਗੇਂਦਾਂ ਵਿੱਚ 108 ਦੌੜਾਂ ਦੀ ਪਾਰੀ ਖੇਡੀ ਜਦੋਂਕਿ ਡੇਵਿਡ ਮਲਾਨ ਨੇ 87 ਤੇ ਕ੍ਰਿਸ ਵੋਕਜ਼ ਨੇ 51 ਦੌੜਾਂ ਦਾ ਯੋਗਦਾਨ ਪਾਇਆ। ਇਸ ਦੇ ਜਵਾਬ ਵਿੱਚ ਨੈਦਰਲੈਂਡਜ਼ ਦੇ ਬੱਲੇਬਾਜ਼ ਤੇਜਾ ਨਿਦਾਮਾਨੁਰੂ ਨੇ ਟੀਮ ਲਈ ਸਭ ਤੋਂ ਵੱਧ ਨਾਬਾਦ 41 ਦੌੜਾਂ ਬਣਾਈਆਂ ਜਦੋਂ ਵੈਸਲੇ ਬਰੇਸੀ ਨੇ 37, ਸਾਈਬਰੈਂਡ ਐਂਜਲਬਰੈਚ ਨੇ 33 ਅਤੇ ਸਕੋਟ ਐਡਵਰਡਜ਼ ਨੇ 38 ਦੌੜਾਂ ਬਣਾਈਆਂ। ਇੰਗਲੈਂਡ ਲਈ ਫਿਰਕੀ ਗੇਂਦਬਾਜ਼ ਆਦਿਲ ਰਾਸ਼ਿਦ ਤੇ ਮੋਈਨ ਅਲੀ ਨੇ ਕ੍ਰਮਵਾਰ 54 ਤੇ 42 ਦੌੜਾਂ ਦੇ ਕੇ ਤਿੰਨ-ਤਿੰਨ ਵਿਕਟਾਂ ਲਈਆਂ।