ਵਿਸ਼ਵ ਬਾਲ ਮਜ਼ਦੂਰੀ ਦਿਵਸ: ਕਿਸੇ ਨੇ ਨਾ ਲਈ ਬੱਚਿਆਂ ਦੀ ਸਾਰ
ਪੱਤਰ ਪ੍ਰੇਰਕ
ਮਾਨਸਾ, 12 ਜੂਨ
ਵਿਸ਼ਵ ਬਾਲ ਮਜ਼ਦੂਰੀ ਵਿਰੋਧੀ ਦਿਵਸ ਮੌਕੇ ਅੱਜ ਕਿਸੇ ਨੇ ਵੀ ਗ਼ਰੀਬ ਮਜ਼ਦੂਰ ਬੱਚਿਆਂ ਦੀ ਮਾਨਸਾ ਵਿੱਚ ਸਾਰ ਨਾ ਲਈ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਲਈ ਹਾਅ ਦਾ ਨਾਅਰਾ ਮਾਰਿਆ। ਨੇਤਾ, ਅਧਿਕਾਰੀ ਤੇ ਅਤੇ ਹੋਰ ਸਭ ਆਪਣੀ ਮੌਜ ਵਿੱਚ ਮਸਤ ਰਹੇ ਅਤੇ ਕਿਸੇ ਨੇ ਵੀ ਅੱਜ ਇਸ ਦਿਨ ਅਮਲੀ ਰੂਪ ਵਿਚ ਬਾਲ ਮਜ਼ਦੂਰਾਂ ਲਈ ਕੁੱਝ ਵੀ ਨਾ ਕੀਤਾ। ਇੱਥੋਂ ਤੱਕ ਕਿ ਬਾਲ ਮਜ਼ਦੂਰੀ ਵਿਰੋਧੀ ਕੋਈ ਸਮਾਗਮ ਵੀ ਪੂਰੇ ਇਲਾਕੇ ਵਿੱਚ ਨਾ ਹੋਇਆ।
ਭਾਵੇਂ ਵਿਸ਼ਵ ਬਾਲ ਮਜ਼ਦੂਰੀ ਦਿਵਸ ਮੌਕੇ ਵੱਡੇ-ਵੱਡੇ ਦਮਗਜ਼ੇ ਮਾਰੇ ਜਾਂਦੇ ਹਨ, ਪਰ ਅੱਜ ਇਸ ਖੇਤਰ ਵਿਚ ਦੇਖਣ ‘ਚ ਆਇਆ ਕਿ ਸ਼ਰ੍ਹੇਆਮ ਨੰਨ੍ਹੇ ਬੱਚੇ ਅਤੇ ਨੰਨ੍ਹੀਆਂ ਛਾਵਾਂ ਲਈ ਅੱਜ ਦਾ ਦਿਨ ਵੀ ਆਮ ਦਿਨਾਂ ਵਾਂਗ ਹੀ ਚੜ੍ਹਿਆ ਅਤੇ ਰੋਜ਼ਾਨਾ ਵਾਂਗ ਹੀ ਛਿਪਿਆ। ਇਸ ਖੇਤਰ ਵਿਚ ਕਿਸੇ ਨੇ ਛੋਟੇ ਬੱਚਿਆਂ ਦੇ ਸਿਰ ‘ਤੇ ਹੱਥ ਨਹੀਂ ਧਰਿਆ ਅਤੇ ਨਾ ਹੀ ਮਜ਼ਦੂਰੀ ਦਾ ਛੋਟੀ ਉਮਰੇ ਕੰਮ ਕਰਦੇ ਕਿਸੇ ਬੱਚੇ ਦੀ ਸਾਰ ਲਈ ਗਈ।
ਜਾਣਕਾਰੀ ਅਨੁਸਾਰ ਖੇਤਰ ਦੇ ਸੈਂਕੜੇ ਬੱਚਿਆਂ ਨੂੰ ਕਦੇ ਸਕੂਲ ਨਸੀਬ ਨਹੀਂ ਹੋਇਆ ਹੈ, ਜੋ ਝੁੱਗੀਆਂ-ਝੌਪੜੀਆਂ ‘ਚ ਜਨਮ ਲੈ ਕੇ ਆਪਣੀ ਸੁਰਤ ਸੰਭਲਦਿਆਂ ਹੀ ਕਾਗਜ਼ ਇਕੱਠੇ ਕਰ ਕੇ ਆਪਣਾ ਢਿੱਡ ਭਰਨ ਲਈ ਮਜਬੂਰ ਹੋ ਰਹੇ ਹਨ। ਅਧਿਕਾਰੀਆਂ ਦੀ ਇਸ ਸੁਸਤੀ ਕਾਰਨ ਮਾਨਸਾ ਜ਼ਿਲ੍ਹੇ ਵਿੱਚ ਬਾਲ-ਮਜ਼ਦੂਰੀ ਵੀ ਲਗਾਤਾਰ ਵਧਣ ਲੱਗੀ ਹੈ। ਜ਼ਿਲ੍ਹੇ ਵਿਚ ਬੰਧੂਆ ਮਜ਼ਦੂਰੀ ਰੋਕਣ ਲਈ ਵੀ ਪ੍ਰਸ਼ਾਸਨ ਸਿਰਫ਼ ਖ਼ਾਨਾਪੂਰਤੀ ਹੀ ਕਰ ਰਿਹਾ ਹੈ। ਬੇਸ਼ੱਕ ਬੰਧੂਆ ਮਜ਼ਦੂਰੀ ਰੋਕਣ ਲਈ ਬਣੀ ਜ਼ਿਲ੍ਹਾ ਵਿਜੀਲੈਂਸ ਕਮੇਟੀ ਦੀਆਂ ਮੀਟਿੰਗਾਂ ਹਰ ਮਹੀਨੇ ਹੀ ਹੁੰਦੀਆਂ ਹਨ, ਪਰ ਇਨ੍ਹਾਂ ਮੀਟਿੰਗਾਂ ਦੇ ਕਦੇ ਸਾਰਥਕ ਸਿੱਟੇ ਸਾਹਮਣੇ ਨਹੀਂ ਆਏ ਹਨ।
ਮਾਨਸਾ ਦੇ ਡਿਪਟੀ ਕਮਿਸ਼ਨਰ ਟੀ.ਬੈਨਿਥ ਵੱਲੋਂ ਲੇਬਰ ਇੰਸਪੈਕਟਰ ਨੂੰ ਬੇਸ਼ੱਕ ਹਦਾਇਤ ਕੀਤੀ ਹੋਈ ਹੈ ਕਿ ਉਹ ਭੱਠਿਆਂ, ਫੈਕਟਰੀਆਂ, ਦੁਕਾਨਾਂ ਅਤੇ ਹੋਟਲਾਂ ਆਦਿ ਦੀ ਚੈਕਿੰਗ ਕਰ ਕੇ ਉੱਥੇ ਕੰਮ ਕਰਦੇ ਬਾਲ ਮਜ਼ਦੂਰਾਂ ਨੂੰ ਤੁਰੰਤ ਇਸ ਤੋਂ ਛੁਟਕਾਰਾ ਦਿਵਾਇਆ ਜਾਵੇ। ਇਨ੍ਹਾਂ ਬੱਚਿਆਂ ਨੂੰ ਸਕੂਲਾਂ ਜਾਂ ਪੜ੍ਹਨ ਵਾਲੇ ਹੋਰ ਕੇਂਦਰਾਂ ਵਿਚ ਦਾਖ਼ਲ ਕਰਵਾਇਆ ਜਾਵੇ ਪਰ ਮਾਨਸਾ ਜ਼ਿਲ੍ਹੇ ਵਿਚ ਅਜਿਹੇ ਹੁਕਮ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹਨ।
ਇਸੇ ਦੌਰਾਨ ਲੇਬਰ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਾਲ ਮਜ਼ਦੂਰੀ ਵਿਰੋਧੀ ਮੁਹਿੰਮ ਲਗਾਤਾਰ ਜਾਰੀ ਹੈ। ਇਸ ਤਹਿਤ ਹੋਟਲਾਂ, ਦੁਕਾਨਾਂ ਅਤੇ ਹੋਰ ਥਾਵਾਂ ‘ਤੇ ਛਾਪੇ ਮਾਰੇ ਜਾ ਰਹੇ ਹਨ।