ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ: ਡਿੰਗ ਲਿਰੇਨ ਨੇ ਗੁਕੇਸ਼ ਨੂੰ ਦਿੱਤੀ ਮਾਤ
ਸਿੰਗਾਪੁਰ, 9 ਦਸੰਬਰ
ਭਾਰਤੀ ਚੈਲੰਜਰ ਡੀ ਗੁਕੇਸ਼ ਨੂੰ ਅੱਜ ਇੱਥੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੀ 12ਵੀਂ ਬਾਜ਼ੀ ਵਿੱਚ ਮੌਜੂਦਾ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਦੋਵਾਂ ਦੇ ਬਰਾਬਰ ਛੇ-ਛੇ ਅੰਕ ਹਨ। ਲਗਾਤਾਰ 7 ਮੈਚ ਡਰਾਅ ਰਹਿਣ ਤੋਂ ਬਾਅਦ 18 ਸਾਲਾ ਗੁਕੇਸ਼ ਨੇ ਐਤਵਾਰ ਨੂੰ 11ਵੀਂ ਬਾਜ਼ੀ ਜਿੱਤ ਕੇ ਚੀਨੀ ਖਿਡਾਰੀ ’ਤੇ ਇਕ ਅੰਕ ਦੀ ਲੀਡ ਲੈ ਲਈ ਸੀ ਪਰ 32 ਸਾਲਾ ਲਿਰੇਨ ਨੇ ਅਗਲੀ ਹੀ ਬਾਜ਼ੀ ਜਿੱਤ ਕੇ ਮੈਚ ਬਰਾਬਰ ਕਰ ਦਿੱਤਾ। ‘ਕਲਾਸੀਕਲ’ ਫਾਰਮੈਟ ’ਚ 14 ’ਚੋਂ 12 ਬਾਜ਼ੀਆਂ ਖੇਡਣ ਤੋਂ ਬਾਅਦ ਦੋਵੇਂ ਖਿਡਾਰੀ ਖਿਤਾਬ ਤੋਂ 1.5 ਅੰਕ ਦੂਰ ਹਨ। ਜੇ 14 ਬਾਜ਼ੀਆਂ ਤੋਂ ਬਾਅਦ ਵੀ ਨਤੀਜਾ ਬਰਾਬਰ ਰਹਿੰਦਾ ਹੈ ਤਾਂ ਜੇਤੂ ਦਾ ਫੈਸਲਾ ‘ਫਾਸਟਰ ਟਾਈਮ ਕੰਟਰੋਲ’ ਰਾਹੀਂ ਕੀਤਾ ਜਾਵੇਗਾ। ਇਸ ਮੈਚ ਦੀ ਸ਼ੁਰੂਆਤੀ ਬਾਜ਼ੀ ਲਿਰੇਨ ਨੇ ਜਿੱਤੀ ਸੀ ਜਦਕਿ ਗੁਕੇਸ਼ ਨੇ ਤੀਜੀ ਬਾਜ਼ੀ ਵਿੱਚ ਜਿੱਤ ਦਰਜ ਕੀਤੀ ਸੀ। ਮੈਚ ਦੀਆਂ ਦੀਆਂ ਅੱਠ ਬਾਜ਼ੀਆਂ ਡਰਾਅ ਰਹੀਆਂ ਹਨ। ਲਿਰੇਨ ਦੀ ਜਿੱਤ ਨਾਲ ਇਹ ਤੈਅ ਹੋ ਗਿਆ ਕਿ ਵਿਸ਼ਵ ਚੈਂਪੀਅਨਸ਼ਿਪ ਦੇ ਜੇਤੂ ਦਾ ਫੈਸਲਾ 14ਵੀਂ ਬਾਜ਼ੀ ਜਾਂ ਇਸ ਤੋਂ ਬਾਅਦ ਵਿੱਚ ਹੋਵੇਗਾ। -ਪੀਟੀਆਈ