ਵਿਸ਼ਵ ਚੈਂਪੀਅਨਸ਼ਿਪ: ਸਕੀਟ ਤੇ 10 ਮੀਟਰ ਏਅਰ ਰਾਈਫਲ ਟੀਮ ਦਾ ਨਿਰਾਸ਼ਾਜਨਕ ਪ੍ਰਦਰਸ਼ਨ
ਬਾਕੂ, 19 ਅਗਸਤ
ਇੱਥੇ ਆਈਐੱਸਐੱਸਐੱਫ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਪੁਰਸ਼ ਸਕੀਟ ਅਤੇ 10 ਮੀਟਰ ਏਅਰ ਰਾਈਫਲ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਨਿਸ਼ਾਨੇਬਾਜ਼ ਅੰਗਦ ਵੀਰ ਸਿੰਘ ਬਾਜਵਾ (121), ਅਨੰਤ ਜੀਤ ਸਿੰਘ ਨਰੂਕਾ (120), ਅਤੇ ਗੁਰਜੋਤ ਖੰਘੂੜਾ (115) ਦੀ ਸ਼ਮੂਲੀਅਤ ਵਾਲੀ ਸਕੀਟ ਟੀਮ ਪੰਜ ਗੇੜਾਂ ਵਿੱਚ ਕੁੱਲ 356 ਅੰਕਾਂ ਨਾਲ 14ਵੇਂ ਸਥਾਨ ’ਤੇ ਰਹੀ। ਇਸ ਦੌਰਾਨ ਯੂਐੱਸਏ ਦੀ ਟੀਮ ਨੇ 369 ਅੰਕਾਂ ਨਾਲ ਪਹਿਲਾ, ਗਰੀਸ ਦੀ ਟੀਮ ਨੇ 366 ਅੰਕਾਂ ਨਾਲ ਦੂਜਾ ਅਤੇ ਇਟਲੀ ਦੀ ਟੀਮ ਨੇ 365 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਵਿਅਕਤੀਗਤ ਵਰਗ ਵਿੱਚ ਵੀ ਕੋਈ ਵੀ ਭਾਰਤੀ ਸਿਖਰਲੇ 25 ਵਿੱਚ ਜਗ੍ਹਾ ਨਹੀਂ ਬਣਾ ਸਕਿਆ। ਇਸ ਵਰਗ ਵਿੱਚ ਬਾਜਵਾ (121) 29ਵੇਂ, ਅਨੰਤ ਜੀਤ (120) 44ਵੇਂ ਅਤੇ ਗੁਰਜੋਤ (115) 95ਵੇਂ ਸਥਾਨ ’ਤੇ ਰਿਹਾ। ਇਸੇ ਤਰ੍ਹਾਂ 10 ਮੀਟਰ ਏਅਰ ਰਾਈਫਲ ਵਿੱਚ ਵੀ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਇਸ ਵਿੱਚ ਦਿਵਿਆਂਸ਼ ਸਿੰਘ ਪੰਵਾਰ ਦੇ 627.5 ਅੰਕਾਂ, ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਦੇ 627.3 ਅਤੇ ਹਿਰਦੇ ਹਜ਼ਾਰਿਕਾ ਦੇ 623.6 ਅੰਕਾਂ ਨਾਲ ਭਾਰਤੀ ਟੀਮ ਕੁੱਲ 1878.4 ਅੰਕ ਬਣਾ ਕੇ 10ਵੇਂ ਸਥਾਨ ’ਤੇ ਰਹੀ। ਇਸ ਵਿੱਚ ਚੀਨ (1893.3) ਨੇ ਪਹਿਲਾ, ਚੈੱਕ ਗਣਰਾਜ (1884.3) ਨੇ ਦੂਜਾ ਅਤੇ ਕ੍ਰੋਏਸ਼ੀਆ (1883.5) ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਵਿਅਕਤੀਗਤ ਵਰਗ ਦੇ ਕੁਆਲੀਫਿਕੇਸ਼ਨ ਗੇੜ ਵਿੱਚ ਦਿਵਿਆਂਸ਼ 28ਵੇਂ, ਐਸ਼ਵਰਯ 33ਵੇਂ ਅਤੇ ਹਿਰਦੇ 68ਵੇਂ ਸਥਾਨ ’ਤੇ ਰਿਹਾ। ਸਿਖਰਲੇ ਅੱਠ ਸਥਾਨਾਂ ’ਤੇ ਰਹਿਣ ਵਾਲੇ ਨਿਸ਼ਾਨੇਬਾਜ਼ ਫਾਈਨਲ ਵਿੱਚ ਜਗ੍ਹਾ ਬਣਾਉਂਦੇ ਹਨ। -ਪੀਟੀਆਈ