For the best experience, open
https://m.punjabitribuneonline.com
on your mobile browser.
Advertisement

ਵਿਸ਼ਵ ਚੈਂਪੀਅਨ ਅਭਿਨਵ ਬਿੰਦਰਾ

08:35 AM Sep 16, 2023 IST
ਵਿਸ਼ਵ ਚੈਂਪੀਅਨ ਅਭਿਨਵ ਬਿੰਦਰਾ
Advertisement

ਪ੍ਰਿੰ. ਸਰਵਣ ਸਿੰਘ

ਅਭਿਨਵ ਸਿੰਘ ਬਿੰਦਰਾ ਨਿਸ਼ਾਨੇਬਾਜ਼ੀ ਦਾ ਰੁਸਤਮ-ਏ-ਜ਼ਮਾਂ ਹੈ। ਵਿਅਕਤੀਗਤ ਖੇਡ ਦਾ ਪਹਿਲਾ ਭਾਰਤੀ ਓਲੰਪਿਕ ਚੈਂਪੀਅਨ। ਉਹ ਬੀਜਿੰਗ ਦੀਆਂ ਓਲੰਪਿਕ ਖੇਡਾਂ-2008 ਵਿੱਚ ਓਲੰਪਿਕ ਚੈਂਪੀਅਨ ਬਣਨ ਤੋਂ ਪਹਿਲਾਂ 2006 ’ਚ ਜ਼ੈਗਰੇਵ ਦੀ ਵਿਸ਼ਵ ਚੈਂਪੀਅਨਸ਼ਿਪ ਜਿੱਤ ਕੇ ਵਿਸ਼ਵ ਚੈਂਪੀਅਨ ਬਣ ਚੁੱਕਾ ਸੀ। ਇਹ ਵੀ ਪਹਿਲੀ ਵਾਰ ਹੋਇਆ ਸੀ ਕਿ ਕੋਈ ਭਾਰਤੀ ਖਿਡਾਰੀ ਕਿਸੇ ਵਿਅਕਤੀਗਤ ਖੇਡ ਮੁਕਾਬਲੇ ਵਿੱਚ ਵਿਸ਼ਵ ਚੈਂਪੀਅਨ ਬਣਿਆ ਸੀ। ਕਾਮਨਵੈੱਲਥ ਖੇਡਾਂ ਦਾ ਤਾਂ ਉਹ ਚਾਰ ਵਾਰ ਚੈਂਪੀਅਨ ਬਣਿਆ। ਉਹ ਸੱਚਮੁੱਚ ‘ਸਿੰਘ ਇਜ਼ ਕਿੰਗ’ ਹੈ। ਉਸ ਨੇ 22 ਸਾਲ ਦੇ ਖੇਡ ਕਰੀਅਰ ਵਿੱਚ ਪੰਜ ਓਲੰਪਿਕ ਖੇਡਾਂ, ਪੰਜ ਕਾਮਨਵੈੱਲਥ ਖੇਡਾਂ ਤੇ ਤਿੰਨ ਏਸ਼ਿਆਈ ਖੇਡਾਂ ’ਚ ਭਾਗ ਲਿਆ। ਓਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪਾਂ, ਵਿਸ਼ਵ ਕੱਪਾਂ, ਕਾਮਨਵੈੱਲਥ ਖੇਡਾਂ, ਏਸ਼ਿਆਈ ਖੇਡਾਂ ਤੇ ਏਸ਼ਿਆਈ ਚੈਂਪੀਅਨਸ਼ਿਪਾਂ ਵਿੱਚੋਂ ਉਸ ਨੇ 6 ਸੋਨੇ, 3 ਚਾਂਦੀ ਤੇ 3 ਕਾਂਸੀ ਦੇ ਤਗ਼ਮੇ ਜਿੱਤੇ। ਉਸ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਕੁਲ ਮੈਡਲ ਗਿਣਨੇ ਹੋਣ ਤਾਂ ਗਿਣਤੀ ਡੇਢ ਸੌ ਤੋਂ ਵੱਧ ਹੈ। ਭਾਰਤ ਸਰਕਾਰ ਨੇ ਉਸ ਨੂੰ ਪਦਮ ਭੂਸ਼ਨ ਪੁਰਸਕਾਰ ਨਾਲ ਸਨਮਾਨਿਆ ਤੇ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ। ਉਹ ਪੰਜਾਬ ਦਾ ਮਾਣ ਹੈ ਤੇ ਭਾਰਤ ਦੀ ਸ਼ਾਨ!
ਉਸ ਦਾ ਸ਼ੂਟਿੰਗ ਈਵੈਂਟ 10 ਮੀਟਰ ਏਅਰ ਰਾਈਫਲ ਸੀ। ਉਹ 16ਵੇਂ ਸਾਲ ਵਿੱਚ ਸੀ ਜਦੋਂ ਪਹਿਲੀ ਵਾਰ ਕਾਮਨਵੈਲਥ ਖੇਡਾਂ ’ਚ ਭਾਗ ਲੈਣ ਗਿਆ। ਸਿਡਨੀ ਦੀਆਂ ਓਲੰਪਿਕ ਖੇਡਾਂ-2000 ’ਚ ਭਾਗ ਲੈਣ ਸਮੇਂ 18ਵੇਂ ਸਾਲ ’ਚ ਸੀ। ਤਿੰਨ ਵਾਰ ਉਹ ਓਲੰਪਿਕ ਖੇਡਾਂ ਦੇ ਫਾਈਨਲ ਮੁਕਾਬਲਿਆਂ ’ਚ ਪੁੱਜਾ। ਆਖ਼ਰ ਰੀਓ ਦੀਆਂ ਓਲੰਪਿਕ ਖੇਡਾਂ ਵਿੱਚੋਂ ਦੂਜਾ ਗੋਲਡ ਮੈਡਲ ਜਿੱਤਦਾ-ਜਿੱਤਦਾ ਚੌਥਾ ਸਥਾਨ ਲੈ ਕੇ 5 ਸਤੰਬਰ 2016 ਨੂੰ ਸਰਗਰਮ ਖੇਡ ਮੁਕਾਬਲਿਆਂ ਤੋਂ ਰਿਟਾਇਰ ਹੋ ਗਿਆ। ਰਿਟਾਇਰ ਹੋ ਕੇ ਉਸ ਨੇ ਅਭਿਨਵ ਬਿੰਦਰਾ ਫਾਊਂਡੇਸ਼ਨ ਬਣਾਈ ਜੋ ਸਪੋਰਟਸ, ਸਾਇੰਸ, ਟੈਕਨਾਲੋਜੀ ਤੇ ਫਿਜ਼ੀਕਲ ਟ੍ਰੇਨਿੰਗ ਦੇ ਖੇਤਰ ਵਿੱਚ ਭਾਰਤੀ ਖੇਡਾਂ ਤੇ ਖਿਡਾਰੀਆਂ ਲਈ ਯੋਗਦਾਨ ਪਾ ਰਹੀ ਹੈ। ਉਸ ਦੀਆਂ ਖੇਡ ਸੇਵਾਵਾਂ ਲਈ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਨੇ ਉਸ ਨੂੰ ਸਰਬਉੱਚ ਸਨਮਾਨ ਬਲਿਊ ਕਰਾਸ ਨਾਲ ਸਨਮਾਨਿਤ ਕੀਤਾ। ਹੁਣ ਉਹ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਐਥਲੀਟਸ ਕਮਿਸ਼ਨ ਦਾ ਮੈਂਬਰ ਹੈ। ਉਸ ਨੂੰ ਤਿੰਨ ਯੂਨੀਵਰਸਿਟੀਆਂ ਨੇ ਡੀ ਲਿੱਟ ਦੀਆਂ ਆਨਰੇਰੀ ਡਿਗਰੀਆਂ ਨਾਲ ਸਨਮਾਨਿਆ ਹੈ।
ਉਸ ਦੀਆਂ ਖੇਡ ਪ੍ਰਾਪਤੀਆਂ ਸਦਕਾ ਭਾਰਤ ਸਰਕਾਰ ਨੇ ਉਸ ਨੂੰ 2000 ਵਿੱਚ ਅਰਜਨ ਐਵਾਰਡ, 2001 ਵਿੱਚ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਤੇ 2009 ਵਿੱਚ ਪਦਮ ਭੂਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ। 2011 ਵਿੱਚ ਭਾਰਤੀ ਫੌਜ ਨੇ ਟੈਰੀਟੋਰੀਅਲ ਆਰਮੀ ਦੀ ਪੈਰਾਸ਼ੂਟ ਬਟਾਲੀਅਨ ਵਿੱਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਅਹੁਦਾ ਦਿੱਤਾ। ਉਸ ਨੂੰ ਦੇਸ਼ ਵਿਦੇਸ਼ ਦੇ ਹੋਰ ਵੀ ਅਨੇਕਾਂ ਮਾਣ ਸਨਮਾਨ ਮਿਲੇ। ਜ਼ਿਲ੍ਹਾ ਪੱਧਰ ਤੋਂ ਵਿਸ਼ਵ ਪੱਧਰ ਤੱਕ ਉਸ ਦੇ ਜਿੱਤੇ ਮੈਡਲਾਂ ਤੇ ਟਰਾਫੀਆਂ ਦੀ ਗਿਣਤੀ ਸੌ ਤੋਂ ਵੱਧ ਹੈ। ਉਹ ਭਾਰਤ ਦੇ ਕਰੋੜਾਂ ਬੱਚਿਆਂ ਤੇ ਨੌਜੁਆਨਾਂ ਦਾ ਰੋਲ ਮਾਡਲ ਹੈ।
‘ਅਭੀ’ ਦਾ ਜਨਮ ਮਾਤਾ ਕੰਵਰਜੀਤ ਕੌਰ ਬਬਲੀ ਦੀ ਕੁੱਖੋਂ ਪਿਤਾ ਡਾ. ਅਪਜੀਤ ਸਿੰਘ ਬਿੰਦਰਾ ਦੇ ਘਰ 28 ਸਤੰਬਰ 1982 ਨੂੰ ਦੇਹਰਾਦੂਨ ਵਿਖੇ ਹੋਇਆ ਸੀ। ਜਨਮ ਸਮੇਂ ਉਸ ਦਾ ਵਜ਼ਨ 8 ਪੌਂਡ ਸੀ। ਬਾਅਦ ਵਿੱਚ ਅਭਿਨਵ ਨੇ 5 ਫੁੱਟ 8 ਇੰਚ ਕੱਦ ਕੀਤਾ ਤੇ ਓਲੰਪਿਕ ਚੈਂਪੀਅਨ ਬਣਨ ਸਮੇਂ ਉਸ ਦਾ ਵਜ਼ਨ 65.5 ਕਿਲੋਗ੍ਰਾਮ ਸੀ। ਉਸ ਦਾ ਰੰਗ ਗੋਰਾ-ਗੰਦਮੀ, ਸਿਰ ਅਤੇ ਸਿਹਲੀਆਂ ਦੇ ਵਾਲ ਕਾਲੇ ਸੰਘਣੇ, ਬੁੱਲ੍ਹ ਢਾਲਵੇਂ, ਅੱਖਾਂ ਮੋਟੀਆਂ ਤੇ ਚਿਹਰਾ ਗੋਲ ਹੈ। ਉਹਦੇ ਮੂੰਹ ’ਤੇ ਮਾਸੂਮੀਅਤ ਝਲਕਦੀ ਰਹਿੰਦੀ ਹੈ। ਉਹ ਆਮ ਕਰ ਕੇ ਗੰਭੀਰ ਦਿਸਦਾ ਹੈ ਤੇ ਕਦੇ-ਕਦੇ ਹੀ ਹੱਸਦਾ ਤੇ ਮੁਸਕਰਾਉਂਦਾ ਹੈ। ਵੇਖਣ ਨੂੰ ਉਹ ਸਾਧਾਰਨ ਨੌਜੁਆਨ ਲੱਗਦਾ ਹੈ ਜਿਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਫੂੰ-ਫਾਂ ਨਹੀਂ।
ਉਸ ਦੀ ਮਾਤਾ ਕੰਵਰਜੀਤ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਪੰਜਵੀਂ ਪੀੜ੍ਹੀ ਵਿੱਚੋਂ ਹੈ। ਦੰਦ ਕਥਾ ਹੈ ਕਿ ਹਰੀ ਸਿੰਘ ਨਲੂਆ ਨੇ ਬਿਨਾਂ ਕਿਸੇ ਹਥਿਆਰ ਦੇ ਹੱਥਾਂ ਨਾਲ ਸ਼ੇਰ ਦਾ ਸ਼ਿਕਾਰ ਕੀਤਾ ਸੀ। ਉਸ ਦੀ ਛੇਵੀਂ ਪੀੜ੍ਹੀ ਦੇ ਵਾਰਸ ਅਭਿਨਵ ਨੇ ਏਅਰ ਰਾਈਫਲ ਨਾਲ ਓਲੰਪਿਕ ਖੇਡਾਂ ਦਾ ਸੋਨ ਤਗ਼ਮਾ ਫੁੰਡਿਆ। ਅਭਿਨਵ ਦੀ ਮਾਤਾ ਜਿਸ ਦਾ ਨਿੱਕਾ ਨਾਂ ਬਬਲੀ ਹੈ, ਕੌਮੀ ਪੱਧਰ ਦੀ ਹੈਂਡਬਾਲ ਖਿਡਾਰਨ ਰਹੀ ਹੈ। ਸਕੂਲ ਤੇ ਕਾਲਜ ਵਿੱਚ ਪੜ੍ਹਦਿਆਂ ਉਹ ਬਾਸਕਟਬਾਲ, ਟੇਬਲ ਟੈਨਿਸ ਤੇ ਹਾਕੀ ਦੀਆਂ ਟੀਮਾਂ ਦੀ ਕਪਤਾਨ ਰਹੀ। ਉਸ ਦੇ ਪਿਤਾ ਅਪਜੀਤ ਸਿੰਘ ਬਿੰਦਰਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਵੈਟਰਨਰੀ ਸਾਇੰਸ ਦੀ ਮਾਸਟਰ ਡਿਗਰੀ ਕਰ ਕੇ ਡੈਨਮਾਰਕ ਤੋਂ ਡਾਕਟਰੇਟ ਕੀਤੀ ਤੇ ਡੈਨਮਾਰਕ ਵਿੱਚ ਹੀ ਆਪਣਾ ਬਿਜ਼ਨਸ ਸ਼ੁਰੂ ਕੀਤਾ ਜਿਸ ਨੂੰ ਬੜੇ ਰੰਗ ਭਾਗ ਲੱਗੇ। ਫਿਰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਪ੍ਰੇਰਨਾ ਨਾਲ ਉਹੀ ਕਾਰੋਬਾਰ ਪੰਜਾਬ ਵਿੱਚ ਸ਼ੁਰੂ ਕਰ ਲਿਆ। ਉਨ੍ਹਾਂ ਦੇ ਘਰ ਪਹਿਲਾਂ ਧੀ ਦਿਵਿਆ ਨੇ ਜਨਮ ਲਿਆ ਜੋ ਵਿਆਹੀ ਜਾ ਚੁੱਕੀ ਹੈ। ਅਭਿਨਵ ਨੇ ਜਿੰਨੀ ਦੇਰ ਖੇਡ ਜਾਰੀ ਰੱਖੀ, ਵਿਆਹ ਨਹੀਂ ਕਰਵਾਇਆ। ਉਸ ਦੀ ਪ੍ਰੇਮਿਕਾ 1994-95 ਤੋਂ 2016 ਤੱਕ ਉਹਦੀ ਏਅਰ ਰਾਈਫਲ ਹੀ ਰਹੀ ਜਿਸ ਨਾਲ ਉਹ ਵੱਧ ਤੋਂ ਵੱਧ ਸਮਾਂ ਬਿਤਾਉਂਦਾ ਰਿਹਾ।
ਅਭਿਨਵ ਦੇ ਬਾਬਾ ਜੀ ਕਰਨਲ ਬੀਰ ਸਿੰਘ, ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੀ ਕਪਤਾਨੀ ਹੇਠ ਭਾਰਤੀ ਫ਼ੌਜ ਦੀ ਹਾਕੀ ਟੀਮ ਵਿੱਚ ਖੇਡਦੇ ਰਹੇ ਸਨ। ਇੰਜ ਬਿੰਦਰਾ ਪਰਿਵਾਰ ਆਪਣੇ ਪੁਰਖਿਆਂ ਤੋਂ ਹੀ ਖੇਡ ਪ੍ਰੇਮੀ ਪਰਿਵਾਰ ਹੈ। ਅਭਿਨਵ ਨੇ ਦੇਹਰਾਦੂਨ ਦੇ ਦੂਨ ਸਕੂਲ ਤੋਂ ਪੜ੍ਹਨਾ ਸ਼ੁਰੂ ਕੀਤਾ। ਨੌਂਵੀ ਜਮਾਤ ਵਿੱਚ ਉਹ ਚੰਡੀਗੜ੍ਹ ਦੇ ਸੇਂਟ ਸਟੀਫਨਜ਼ ਸਕੂਲ ਵਿੱਚ ਪੜ੍ਹਨ ਆ ਲੱਗਾ। ਉਸ ਦੇ ਪਿਤਾ ਜੀ ਨੇ ਛੱਤਬੀੜ ਨੇੜੇ ਜ਼ੀਰਕਪੁਰ-ਪਟਿਆਲਾ ਸੜਕ ’ਤੇ ਬਿੰਦਰਾ ਫਾਰਮਜ਼ ਨਾਂ ਦਾ ਆਲੀਸ਼ਾਨ ਨਿਵਾਸ ਬਣਾ ਲਿਆ ਸੀ। ਇਹ ਫਾਰਮ, ਪਿੰਡ ਕਿਸ਼ਨਪੁਰਾ, ਜ਼ਿਲ੍ਹਾ ਮੁਹਾਲੀ ਦੀ ਜ਼ਮੀਨ ਵਿੱਚ ਹੈ। ਤੇਰ੍ਹਾਂ ਏਕੜ ਦੇ ਇਸ ਵਿਸ਼ਾਲ ਬਿੰਦਰਾ ਫਾਰਮਜ਼ ਵਿੱਚ ਪਿਤਾ ਨੇ ਪੁੱਤਰ ਨੂੰ ਨਿਸ਼ਾਨੇਬਾਜ਼ੀ ਦੀ ਟ੍ਰੇਨਿੰਗ ਦੇਣ ਲਈ ਓਲੰਪਿਕ ਪੱਧਰ ਦੀ ਇਨਡੋਰ ਸ਼ੂਟਿੰਗ ਰੇਂਜ ਬਣਵਾਈ ਤੇ ਵਧੀਆ ਕੋਚਿੰਗ ਦਾ ਪ੍ਰਬੰਧ ਕੀਤਾ ਸੀ।
ਅਭਿਨਵ ਅਜੇ ਬੱਚਾ ਹੀ ਸੀ ਜਦੋਂ ਅਮਰੀਕਾ ਦੇ ਅਥਲੀਟ ਕਾਰਲ ਲੇਵਿਸ ਦੀਆਂ ਵੀਡੀਓਜ਼ ਉਸ ਦੀ ਨਜ਼ਰੀਂ ਪਈਆਂ। ਉਸ ਨੇ ਚਾਰ ਓਲੰਪਿਕਸ ਵਿੱਚੋਂ ਨੌਂ ਗੋਲਡ ਮੈਡਲ ਜਿੱਤੇ ਸਨ ਤੇ ਇੱਕ ਸਿਲਵਰ ਮੈਡਲ। 1984, 88, 92, 96 ਦੀਆਂ ਓਲੰਪਿਕ ਖੇਡਾਂ ਵਿੱਚ ਉਹ ਲਗਾਤਾਰ ਲੰਮੀ ਛਾਲ ਦਾ ਓਲੰਪਿਕ ਚੈਂਪੀਅਨ ਬਣਦਾ ਰਿਹਾ ਸੀ। ਉਸ ਦੀ ਮਹਿਮਾਂ ਸੁਣ ਕੇ ਉਹਦੇ ਮਨ ਵਿੱਚ ਵੀ ਖਿਡਾਰੀ ਬਣਨ ਤੇ ਓਲੰਪਿਕ ਖੇਡਾਂ ’ਚੋਂ ਮੈਡਲ ਜਿੱਤਣ ਦਾ ਚਾਅ ਪੈਦਾ ਹੋ ਗਿਆ ਸੀ। ਜਦੋਂ ਉਸ ਨੂੰ ਜਨਮ ਦਿਨ ਦੇ ਤੋਹਫ਼ੇ ਵਜੋਂ ਏਅਰ ਰਾਈਫਲ ਮਿਲੀ ਤਾਂ ਉਹ ਸ਼ੌਕ ਨਾਲ ਸ਼ੂਟਿੰਗ ਕਰਨ ਲੱਗਾ। ਇੱਕ ਦਿਨ ਉਹਦੇ ਪਿਤਾ ਜੀ ਉਹਦੀ ਪੜ੍ਹਾਈ ਲਈ ਸਾਇੰਸ ਦਾ ਟਿਊਟਰ ਲੱਭਣ ਚੰਡੀਗੜ੍ਹ ਗਏ। ਉੱਥੇ ਉਨ੍ਹਾਂ ਦਾ ਮੇਲ ਪੀਜੀਆਈ ਦੇ ਰਿਸਰਚ ਸਕਾਲਰ ਡਾ. ਅਮਿਤ ਭੱਟਾਚਾਰਜੀ ਨਾਲ ਹੋਇਆ। ਤਦ ਤੱਕ ਅਭਿਨਵ, ਮਿਲਖਾ ਸਿੰਘ ਦੇ ਸਾਥੀ ਲੈਫਟੀਨੈਂਟ ਕਰਨਲ ਜੇ. ਐੱਸ. ਢਿੱਲੋਂ ਤੋਂ ਸ਼ੂਟਿੰਗ ਦੀ ਕੋਚਿੰਗ ਲੈਣ ਲੱਗ ਪਿਆ ਸੀ। ਜਦੋਂ ਭੱਟਾਚਾਰਜੀ ਨੂੰ ਅਭਿਨਵ ਦੀ ਪੜ੍ਹਾਈ ਤੇ ਸ਼ੂਟਿੰਗ ਬਾਰੇ ਦੱਸਿਆ ਤਾਂ ਉਹ ਡਾ. ਬਿੰਦਰਾ ਦੇ ਨਾਲ ਹੀ ਅਭੀ ਨੂੰ ਆ ਮਿਲਿਆ। ਉਦੋਂ ਉਹਦੀ ਉਮਰ ਤੇਰਾਂ ਸਾਲ ਦੀ ਸੀ। ਭੱਟਾਚਾਰਜੀ ਨੇ ਡਾਕਟਰੀ ਦੀਆਂ ਡਿਗਰੀਆਂ ਨਾਲ ਕੁਝ ਸਰਟੀਫਾਈਡ ਕੋਰਸ ਵੀ ਕੀਤੇ ਸਨ। ਉਹ ਮਨੋਵਿਗਿਆਨਕ ਦਬਾਅ, ਪੱਠਿਆਂ ਦੀ ਹਰਕਤ ਤੇ ਸਾਹ ਕਿਰਿਆ ਦੀ ਸਿੱਖਿਆ ਦਾ ਮਾਹਿਰ ਕੋਚ ਸੀ। ਕਰਨਲ ਢਿੱਲੋਂ ਨਾਲ ਉਹ ਵੀ ਉਹਦਾ ਕੋਚ ਬਣ ਗਿਆ।
ਅਭਿਨਵ ਬਿੰਦਰਾ ਇਸ ਗੱਲੋਂ ਖੁਸ਼ਕਿਸਮਤ ਰਿਹਾ ਕਿ ਉਸ ਨੂੰ ਖੁਸ਼ਹਾਲ ਮਾਪੇ ਮਿਲੇ ਜਿਨ੍ਹਾਂ ਨੇ ਪੁੱਤਰ ਨੂੰ ਓਲੰਪਿਕ ਪੱਧਰ ਦਾ ਨਿਸ਼ਾਨੇਬਾਜ਼ ਬਣਾਉਣ ਲਈ ਲੱਖਾਂ ਰੁਪਏ ਖਰਚੇ। ਅਭਿਨਵ ਵਿੱਚ ਏਨੀ ਲਗਨ ਸੀ ਕਿ ਉਹ ਹਰ ਰੋਜ਼ ਬਾਰਾਂ-ਬਾਰਾਂ ਘੰਟੇ ਸ਼ੂਟਿੰਗ ਕਰਦਾ ਵੀ ਨਾ ਥੱਕਦਾ। ਅਰਜਨ ਦੇ ਮੱਛੀ ਦੀ ਅੱਖ ਵੇਖਣ ਵਾਂਗ ਉਹਦਾ ਇੱਕੋ ਨਿਸ਼ਾਨਾ ਸੀ ਕਿ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਜਿੱਤਣਾ ਹੈ। ਭਾਰਤ ਵਿੱਚ ਬਹੁਤੇ ਖਿਡਾਰੀ ਸਹੂਲਤਾਂ ਤੋਂ ਸੱਖਣੇ ਰਹਿ ਜਾਂਦੇ ਹਨ, ਪਰ ਅਭਿਨਵ ਨੂੰ ਸਹੂਲਤਾਂ ਦੀ ਕੋਈ ਕਮੀ ਨਹੀਂ ਸੀ। ਉਹ ਛੋਟੀ ਉਮਰ ਵਿੱਚ ਹੀ ਜ਼ਿਲ੍ਹੇ, ਸੂਬੇ ਤੇ ਕੌਮੀ ਪੱਧਰ ਦੇ ਮੁਕਾਬਲੇ ਜਿੱਤਣ ਲੱਗਾ।
ਸਕੂਲ ਦੀ ਪੜ੍ਹਾਈ ਪੂਰੀ ਕਰ ਕੇ ਉਸ ਨੇ ਬੈੱਚਲਰ ਆਫ ਬਿਜ਼ਨਿਸ ਐਡਮਨਿਸਟ੍ਰੇਸ਼ਨ ਤੇ ਮਾਸਟਰ ਆਫ ਬਿਜ਼ਨਿਸ ਦੀਆਂ ਡਿਗਰੀਆਂ ਅਮਰੀਕਾ ਦੀ ਯੂਨੀਵਰਸਿਟੀ ਆਫ ਕਲੋਰਾਡੋ ਤੋਂ ਹਾਸਲ ਕੀਤੀਆਂ। 2001 ਵਿੱਚ ਉਹ ਮਿਊਨਿਖ ਵਿਖੇ 10 ਮੀਟਰ ਏਅਰ ਰਾਈਫਲ ਨਿਸ਼ਾਨੇਬਾਜ਼ੀ ਵਿੱਚ 597/600 ਅੰਕ ਲੈ ਕੇ ਨਵੇਂ ਰਿਕਾਰਡ ਨਾਲ ਜੂਨੀਅਰ ਵਰਲਡ ਚੈਂਪੀਅਨ ਬਣਿਆ। ਫਿਰ ਤਾਂ ਚੱਲ ਸੋ ਚੱਲ ਹੋ ਗਈ ਤੇ ਉਹ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਰਤ ਲਈ ਤਗ਼ਮੇ ਜਿੱਤਣ ਲੱਗਾ। 2002 ਵਿੱਚ ਉਸ ਨੇ ਯੂਰਪੀ ਸਰਕਟ ਚੈਂਪੀਅਨਸ਼ਿਪਾਂ ’ਚੋਂ 7 ਸੋਨੇ, 1 ਕਾਂਸ਼ੀ ਤੇ 4 ਚਾਂਦੀ ਦੇ ਤਗ਼ਮੇ ਜਿੱਤੇ। ਉਨ੍ਹਾਂ ਵਿੱਚ ਇੱਕ ਗੋਲਡ ਤੇ ਇੱਕ ਸਿਲਵਰ ਮੈਡਲ ਮਾਨਚੈਸਟਰ ਦੀਆਂ ਕਾਮਨਵੈੱਲਥ ਖੇਡਾਂ ਦੇ ਸਨ। ਕੋਚ ਕਰਨਲ ਢਿੱਲੋਂ ਤੋਂ ਬਾਅਦ ਡਾ. ਭੱਟਾਚਾਰਜੀ, ਲਾਜ਼ਲੋ ਸਜੂਜਕ, ਗੈਬਰੀਲਾ ਬੁਲ੍ਹਮੈਨ ਤੇ ਸਨੀ ਥਾਮਸ ਉਸ ਦੇ ਕੋਚ ਰਹੇ। ਭੱਟਾਚਾਰਜੀ ਤਾਂ ਹਮੇਸ਼ਾਂ ਉਸ ਦੇ ਅੰਗ ਸੰਗ ਰਿਹਾ।
ਏਥਨਜ਼-2004 ਦੀਆਂ ਓਲੰਪਿਕ ਖੇਡਾਂ ਵਿੱਚ ਉਸ ਨੇ ਪੁਰਾਣਾ ਓਲੰਪਿਕ ਰਿਕਾਰਡ ਤੋੜ ਦਿੱਤਾ, ਪਰ ਕੋਈ ਮੈਡਲ ਨਾ ਜਿੱਤ ਸਕਿਆ। 2005 ਵਿੱਚ ਉਸ ਨੇ ਏਸ਼ਿਆਈ ਸ਼ੂਟਿੰਗ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਤੇ 2006 ਵਿੱਚ ਜ਼ੈਗਰੇਬ ਤੋਂ ਵਰਲਡ ਚੈਂਪੀਅਨਸ਼ਿਪ ਦਾ ਗੋਲਡ ਮੈਡਲ 669.1 ਅੰਕ ਹਾਸਲ ਕਰ ਕੇ ਜਿੱਤਿਆ। 2006 ਵਿੱਚ ਹੀ ਉਸ ਨੂੰ ਰੀੜ੍ਹ ਦੀ ਹੱਡੀ ਦਾ ਦਰਦ ਸ਼ੁਰੂ ਹੋ ਗਿਆ ਜਿਸ ਕਰਕੇ ਉਹ ਦੋਹਾ ਦੀਆਂ ਏਸ਼ਿਆਈ ਖੇਡਾਂ ਵਿੱਚ ਭਾਗ ਨਾ ਲੈ ਸਕਿਆ। ਇਲਾਜ ਕਰਾਉਣ ਪਿੱਛੋਂ ਉਹ ਫਿਰ ਕਾਇਮ ਹੋ ਗਿਆ ਤੇ ਮੁੜ ਨਿਸ਼ਾਨੇਬਾਜ਼ੀ ਦਾ ਅਭਿਆਸ ਕਰਨ ਲੱਗਾ। ਬੀਜਿੰਗ-2008 ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਉਸ ਨੇ ਜਰਮਨੀ ਵਿੱਚ ਤਿੰਨ ਹਫ਼ਤਿਆਂ ਦੀ ਕਮਾਂਡੋ ਟ੍ਰੇਨਿੰਗ ਲਈ। ਬੀਜਿੰਗ ਵਿੱਚ ਉਸ ਨੇ ਉਹ ਕੁਝ ਕਰ ਵਿਖਾਇਆ ਜਿਸ ਉਤੇ ਭਾਰਤਵਾਸੀ ਸਦਾ ਮਾਣ ਕਰਦੇ ਰਹਿਣਗੇ। ਉੱਥੇ ਉਸ ਨੇ 10 ਮੀਟਰ ਏਅਰ ਰਾਈਫਲ ਸ਼ੂਟਿੰਗ ਮੁਕਾਬਲੇ ਵਿੱਚ 700.5 ਅੰਕ ਲੈ ਕੇ ਗੋਲਡ ਮੈਡਲ ਜਿੱਤਿਆ ਜਿਸ ਨੇ ਭਾਰਤ ਵਾਸੀਆਂ ਵਿੱਚ ਖ਼ੁਸ਼ੀ ਤੇ ਉਤਸ਼ਾਹ ਦੀ ਲਹਿਰ ਪੈਦਾ ਕਰ ਦਿੱਤੀ। ਉਦੋਂ ਤੋਂ ਭਾਰਤ ਵਿੱਚ ਏਅਰ ਰਾਈਫਲਾਂ ਦੀ ਵਿਕਰੀ ਵਧ ਗਈ।
ਪੰਜਾਬ ਸਰਕਾਰ ਨੇ ਉਸ ਨੂੰ ਖੇਡਾਂ ਦਾ ਸਰਬੋਤਮ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਪਹਿਲਾਂ ਹੀ ਦੇ ਦਿੱਤਾ ਸੀ, ਓਲੰਪਿਕ ਚੈਂਪੀਅਨ ਬਣਨ ’ਤੇ ਇੱਕ ਕਰੋੜ ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ। ਕੇਂਦਰ ਸਰਕਾਰ, ਹਰਿਆਣਾ ਸਰਕਾਰ ਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਅਤੇ ਸਨਅਤੀ ਘਰਾਣਿਆਂ ਨੇ ਕਰੋੜਾਂ ਰੁਪਏ ਦੇ ਇਨਾਮ ਦਿੱਤੇ। ਪੰਜਾਬ ਦੇ ਰਾਜਪਾਲ ਤੋਂ ਲੈ ਕੇ ਭਾਰਤ ਦੇ ਰਾਸ਼ਟਰਪਤੀ ਤੱਕ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਤੱਕ ਸਭ ਨੇ ਉਸ ਨੂੰ ਵਧਾਈਆਂ ਦਿੱਤੀਆਂ। ਓਲੰਪਿਕ ਚੈਂਪੀਅਨ ਬਣਨ ਨਾਲ ਉਸ ਦੀ ਚਾਰੇ ਪਾਸੇ ਜੈ ਜੈ ਕਾਰ ਹੋ ਗਈ।
ਉਸ ਦੇ ਪਿਤਾ ਨੇ ਉਹਨੂੰ ਇੱਕ ਆਲੀਸ਼ਾਨ ਹੋਟਲ ਦਾ ਤੋਹਫ਼ਾ ਦਿੱਤਾ। ਬਹੁਤ ਸਾਰੀਆਂ ਸੰਸਥਾਵਾਂ ਨੇ ਉਸ ਨੂੰ ਆਪਣਾ ਸਨਮਾਨਯੋਗ ਮੈਂਬਰ ਬਣਾਇਆ। ਫਿਲਮੀ ਕਲਾਕਾਰਾਂ ਨੇ ਉਸ ਨੂੰ ਅੱਖਾਂ ’ਤੇ ਬਿਠਾਇਆ ਤੇ ਉਹਦੇ ਨਾਲ ਫੋਟੋ ਖਿਚਵਾਏ। ਉਹ ਪ੍ਰਸਿੱਧ ਕੰਪਨੀਆਂ ਸੈਮਸੰਗ ਤੇ ਸਹਾਰਾ ਗਰੁੱਪ ਦਾ ਅੰਬੈਸਡਰ ਬਣਿਆ। ਹੁਣ ਉਹ ਅਭਿਨਵ ਫਿਊਰਿਸਟਿਕਸ ਕੰਪਨੀ ਦਾ ਸੀਈਓ ਹੈ। ਉਸ ਨੇ ਬੱਚਿਆਂ ਤੇ ਨੌਜੁਆਨਾਂ ਵਿੱਚ ਖੇਡਾਂ ਦਾ ਸ਼ੌਕ ਪੈਦਾ ਕਰਨ ਤੇ ਲੋੜੀਂਦੀਆਂ ਖੇਡ ਸਹੂਲਤਾਂ ਦੇਣ ਲਈ ਅਭਿਨਵ ਸਪੋਰਟਸ ਟਰੱਸਟ ਬਣਾਇਆ। ਉਸ ਨੂੰ ਬਾਹਰ ਦੇ ਖਾਣੇ ਨਾਲੋਂ ਮਾਂ ਦਾ ਬਣਾਇਆ ਖਾਣਾ ਵਧੇਰੇ ਪਸੰਦ ਹੈ ਤੇ ਚਿਕਨ ਕਰੀ ਉਹਦੀ ਮਨਭਾਉਂਦੀ ਤਰਕਾਰੀ ਹੈ। ਫਿਲਮਾਂ ਉਹ ਘੱਟ ਹੀ ਵੇਖਦਾ ਹੈ। ਫਿਰ ਵੀ ਕ੍ਰਿਸ਼ਮਾ ਕਪੂਰ ਉਹਦੀ ਮਨਭਾਉਂਦੀ ਅਦਾਕਾਰਾ ਹੈ। ਉਸ ਨੇ ਦੋ ਪਾਲਤੂ ਕੁੱਤੇ ਰੱਖੇ ਹਨ ਜਿਨ੍ਹਾਂ ਨਾਲ ਉਹ ਵਿਹਲੇ ਵੇਲੇ ਖੇਡਦਾ ਹੈ। ਉਸ ਨੇ ਖੇਡ ਲੇਖਕ ਰੋਹਿਤ ਬ੍ਰਿਜਨਾਥ ਨਾਲ ਮਿਲ ਕੇ ਆਪਣੀ ਸਵੈਜੀਵਨੀ ‘ਏ ਸ਼ਾਟ ਐਟ ਹਿਸਟਰੀ: ਮਾਈ ਓਬਸੈਸਿਵ ਜਰਨੀ ਟੂ ਓਲੰਪਿਕ ਗੋਲਡ’ ਲਿਖੀ ਜੋ ਭਾਰਤ ਦੇ ਖੇਡ ਮੰਤਰੀ ਨੇ ਅਕਤੂਬਰ 2011 ਵਿੱਚ ਲੋਕ ਅਰਪਣ ਕੀਤੀ।
ਅਭਿਨਵ ਬਿੰਦਰਾ ਨਵੀਂ ਦਿੱਲੀ ਵਿੱਚ ਹੋਈਆਂ ਕਾਮਨਵੈਲਥ ਖੇਡਾਂ-2010 ਸਮੇਂ ਭਾਰਤੀ ਦਲ ਦਾ ਝੰਡਾਬਰਦਾਰ ਸੀ ਜਿਸ ਨੇ 71 ਦੇਸ਼ਾਂ ਦੇ 6700 ਖਿਡਾਰੀਆਂ ਵੱਲੋਂ ਸਹੁੰ ਚੁੱਕੀ। ਉਹ ਚਾਹੁੰਦਾ ਹੈ ਕਿ ਭਾਰਤ ਦੇ ਬੱਚੇ ਤੇ ਨੌਜੁਆਨ ਖੂਬ ਪੜ੍ਹਾਈ ਕਰਨ, ਨਸ਼ਿਆਂ ਵਿੱਚ ਨਾ ਪੈਣ ਸਗੋਂ ਕਸਰਤਾਂ ਕਰਨ ਤੇ ਖੇਡਾਂ ਖੇਡਣ। ਇੰਜ ਉਹ ਆਪਣੀ ਸਿਹਤ ਨਰੋਈ ਰੱਖ ਸਕਦੇ ਹਨ ਅਤੇ ਖੇਡਾਂ ਦੇ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਦੇ ਹਨ।
ਈ-ਮੇਲ: principalsarwansingh@gmail.com

Advertisement

Advertisement
Advertisement
Author Image

joginder kumar

View all posts

Advertisement