ਵਰਲਡ ਕੈਂਸਰ ਕੇਅਰ ਨੇ ਜਾਂਚ ਕੈਂਪ ਲਗਾਇਆ
ਪੱਤਰ ਪ੍ਰੇਰਕ
ਲਹਿਰਾਗਾਗਾ, 16 ਨਵੰਬਰ
ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੇ ਸਵਰਗਵਾਸੀ ਪੁੱਤਰ ਐਡਵੋਕੇਟ ਸੌਰਵ ਗੋਇਲ ਦੀ 12ਵੀਂ ਬਰਸੀ ਮੌਕੇ ਵਰਲਡ ਕੈਂਸਰ ਕੇਅਰ ਵੱਲੋਂ ਸੌਰਵ ਗੋਇਲ ਫਾਊਂਡੇਸ਼ਨ ਲਹਿਰਾਗਾਗਾ ਦੇ ਸਹਿਯੋਗ ਨਾਲ ਸੌਰਵ ਗੋਇਲ ਕੰਪਲੈਕਸ ਲਹਿਰਾਗਾਗਾ ਵਿੱਚ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਐੱਸਡੀਐੱਮ ਲਹਿਰਾਗਾਗਾ ਸੂਬਾ ਸਿੰਘ ਨੇ ਕੀਤਾ। ਇਸ ਮੌਕੇ ‘ਆਪ’ ਦੇ ਲੋਕ ਸਭਾ ਇੰਚਾਰਜ ਇੰਦਰਜੀਤ ਸਿੰਘ ਸੰਧੂ, ਡੀਐੱਸਪੀ ਲਹਿਰਾਗਾਗਾ ਦੀਪਕ ਰਾਏ ਤੇ ਅਗਰਵਾਲ ਸਭਾ ਯੂਥ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੋਰਵ ਗੋਇਲ ਹਾਜ਼ਰ ਸਨ। ਅਗਰਵਾਲ ਸਭਾ ਯੂਥ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਗੋਇਲ ਨੇ ਕਿਹਾ ਕਿ ਵਰਲਡ ਕੈਂਸਰ ਕੇਅਰ ਦੇ ਸੰਸਥਾਪਕ ਕੁਲਵੰਤ ਸਿੰਘ ਧਾਲੀਵਾਲ ਦੇ ਸਹਿਯੋਗ ਸਦਕਾ ਡਾਕਟਰਾਂ ਦੀ ਟੀਮ ਅਤੇ ਵੱਖ-ਵੱਖ ਮਸ਼ੀਨਾਂ ਨਾਲ ਲੈਸ ਚਾਰ ਵੈਨਾਂ ਜਨਤਾ ਦੀ ਸਹੂਲਤ ਲਈ ਭੇਜੀਆਂ ਗਈਆਂ ਸਨ। ਉਨ੍ਹਾਂ ਦੱਸਿਆਂ ਕਿ ਕੈਂਪ ਵਿੱਚ 500 ਤੋਂ ਵੱਧ ਔਰਤਾਂ ਅਤੇ ਮਰਦਾਂ ਦੇ ਹੱਡੀਆਂ ਦੇ ਕੈਂਸਰ ਦੀ ਜਾਂਚ, ਔਰਤਾਂ ਅਤੇ ਮਰਦਾਂ ਦੇ ਕੈਂਸਰ ਦੀ ਸਰੀਰਕ ਜਾਂਚ, ਔਰਤਾਂ ਦੀ ਬੱਚੇਦਾਨੀ ਦੇ ਕੈਂਸਰ ਦੀ ਜਾਂਚ, ਔਰਤਾਂ ਦੀ ਛਾਤੀ ਦੇ ਕੈਂਸਰ, ਮਰਦਾਂ ਦੇ ਗਦੂਦਾਂ ਦੇ ਕੈਂਸਰ ਦੀ ਜਾਂਚ, ਤੋਂ ਇਲਾਵਾ ਔਰਤਾਂ ਅਤੇ ਮਰਦਾਂ ਦੇ ਬਲੱਡ ਕੈਂਸਰ ਦੀ ਜਾਂਚ ਕੀਤੀ ਗਈ।