World Book Fair: ਦਿੱਲੀ ’ਚ ਵਿਸ਼ਵ ਪੁਸਤਕ ਮੇਲਾ 1 ਤੋਂ 9 ਫਰਵਰੀ ਤੱਕ ਭਰੇਗਾ
ਨੈਸ਼ਨਲ ਬੁੱਕ ਟਰੱਸਟ ਵੱਲੋਂ ਪ੍ਰਗਤੀ ਮੈਦਾਨ ’ਚ ਭਾਰਤ ਮੰਡਪਮ ਵਿਚ ਲਾਏ ਜਾ ਰਹੇ ਮੇਲੇ ਦਾ ਥੀਮ ਹੋਵੇਗਾ ‘ਅਸੀਂ ਭਾਰਤ ਦੇ ਲੋਕ...’; ਰੂਸ ਹੋਵੇਗਾ ਇਸ ਵਾਰ ਮੇਲੇ ਦਾ ਸਹਿਯੋਗੀ ਮੁਲਕ
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜਨਵਰੀ
World Book Fair: ਨੈਸ਼ਨਲ ਬੁੱਕ ਟਰੱਸਟ (National Book Trust) ਵੱਲੋਂ ਇਸ ਵਾਰ ਦਾ ਵਿਸ਼ਵ ਪੁਸਤਕ ਮੇਲਾ 1 ਤੋਂ 9 ਫਰਵਰੀ ਤੱਕ ਪ੍ਰਗਤੀ ਮੈਦਾਨ ਵਿੱਚ ਭਾਰਤ ਮੰਡਪਮ ਵਿਖੇ ਲਾਇਆ ਜਾਵੇਗਾ। ਇਹ ਮੇਲਾ ਰੋਜ਼ਾਨਾ ਸਵੇਰੇ 11 ਤੋਂ ਸ਼ਾਮ 8 ਵਜੇ ਤੱਕ ਭਰੇਗਾ।
ਨੈਸ਼ਨਲ ਬੁੱਕ ਟਰੱਸਟ ਵੱਲੋਂ ਇਸ ਵਾਰ ਮੇਲੇ ਦਾ ਥੀਮ 'ਅਸੀਂ ਭਾਰਤ ਦੇ ਲੋਕ...' (We, The People of India...) ਰੱਖਿਆ ਗਿਆ ਹੈ। ਨੈਸ਼ਨਲ ਬੁੱਕ ਟਰੱਸਟ ਦੇ ਡਾਇਰੈਕਟਰ ਯੁਵਰਾਜ ਮਲਿਕ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਹਾਲ 2 ਤੋਂ 6 ਵਿੱਚ ਸੂਬਾਈ, ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਕਿਤਾਬਾਂ ਪਾਠਕਾਂ ਦੇ ਰੂ-ਬ-ਰੂ ਹੋਣਗੀਆਂ।
ਰੂਸ ਸਹਿਯੋਗੀ ਮੁਲਕ ਹੋਵੇਗਾ ਅਤੇ 75 ਲੇਖਕ, ਬੁਧੀਜੀਵੀ ਇਸ ਮੇਲੇ ਵਿਚ ਸ਼ਮੂਲੀਅਤ ਕਰਨਗੇ। ਰੂਸੀ ਕਿਤਾਬਾਂ ਦਾ ਵਿਸ਼ੇਸ਼ ਸਟਾਲ ਲਾਇਆ ਜਾਵੇਗਾ ਅਤੇ ਰੂਸੀ ਸੱਭਿਆਚਾਰ ਬਾਰੇ ਰੋਜ਼ਾਨਾ ਪ੍ਰੋਗਰਾਮ ਹੋਣਗੇ।
ਮਲਿਕ ਨੇ ਕਿਹਾ ਕਿ ਜਿਵੇਂ ਕਿ ਭਾਰਤ ਗਣਤੰਤਰ ਵਜੋਂ ਆਪਣੇ 75 ਸਾਲ ਪੂਰੇ ਕਰ ਰਿਹਾ ਹੈ, ਇਸ ਕਰਕੇ ਭਾਰਤੀ ਸੰਵਿਧਾਨ ਦੇ ਮੁੱਲਾਂ ਅਤੇ ਭਾਰਤੀ ਭਾਸ਼ਾਵਾਂ ਤੇ ਸੱਭਿਆਚਾਰਾਂ ਦੀ ਬਾਤ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬੱਚਿਆਂ ਲਈ ਖ਼ਾਸ ਕੋਨਾ ਬਣਾਇਆ ਗਿਆ ਹੈ।
ਵੱਖ ਵੱਖ ਭਾਸ਼ਾਵਾਂ ਦੇ ਹਜ਼ਾਰ ਦੇ ਕਰੀਬ ਲੇਖਕਾਂ ਨਾਲ ਸੰਵਾਦ ਹੋਵੇਗਾ। ਰੂਸੀ ਵਫ਼ਦ ਦੇ ਮੁਖੀ ਅਲੈਕਸੀ ਵਾਰਲਾਮੋਵ ਨੇ ਕਿਹਾ ਕਿ ਰੂਸੀ ਸਾਹਿਤ ਵਿੱਚ ਨਵੇਂ ਰੂਸ ਦੇ ਦਰਸ਼ਨ ਹੋਣਗੇ।