ਵਿਸ਼ਵ ਸਾਈਕਲ ਦਿਵਸ: ਤੰਦਰੁਸਤ ਜੀਵਨ ਲਈ ਸਾਈਕਲ ਚਲਾਉਣ ਦਾ ਸੱਦਾ
ਨਿੱਜੀ ਪੱਤਰ ਪ੍ਰੇਰਕ
ਸਮਾਣਾ, 3 ਜੂਨ
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਵਿਸ਼ਵ ਸਾਈਕਲ ਦਿਵਸ ‘ਤੇ ਲੋਕਾਂ ਨੂੰ ਤੰਦਰੁਸਤ ਜੀਵਨ ਲਈ ਸਾਈਕਲ ਚਲਾਉਣ ਦਾ ਸੱਦਾ ਦਿੱਤਾ। ਕੈਬਨਿਟ ਮੰਤਰੀ ਜੌੜਾਮਾਜਰਾ ਅੱਜ ਯੂਐੱਨਓ ਵੱਲੋਂ ਸਾਈਕਲਿੰਗ ਨੂੰ ਉਤਸ਼ਾਹਤ ਕਰਨ ਅਤੇ ਆਵਾਜਾਈ ਦੇ ਟਿਕਾਊ ਸਾਧਨ ਵਜੋਂ ਸਾਈਕਲ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਮਨਾਏ ਜਾਂਦੇ ‘ਵਿਸ਼ਵ ਸਾਈਕਲ ਦਿਵਸ’ ਮੌਕੇ ਸਥਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਕੱਢੀ ਗਈ ਸਾਇਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਪੁੱਜੇ ਹੋਏ ਸਨ। ਇਸ ਮੌਕੇ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਆਮ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਜਿੱਥੇ ਆਮ ਆਦਮੀ ਕਲੀਨਿਕ ਖੋਲ੍ਹੇ ਉਥੇ ਹੀ ਸਿਹਤ ਨੂੰ ਆਪਣੀ ਮੁਢਲੀ ਤਰਜੀਹ ਬਣਾਇਆ।
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਗ਼ੈਰ-ਸਿਹਤਮੰਦ ਜੀਵਨ ਸ਼ੈਲੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੇ ਫ਼ਾਇਦਿਆਂ ਬਾਰੇ ਜਾਗਰੂਕ ਕਰਨ ਦੇ ਮੱਦੇਨਜ਼ਰ ਵਿਸ਼ਵ ਸਾਈਕਲ ਦਿਵਸ ਮੌਕੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਅੱਜ ਸਾਈਕਲ ਰੈਲੀ ਕੀਤੀ ਗਈ। ਸਾਈਕਲ ਰੈਲੀ ਨੂੰ ਸਹਾਇਕ ਸਿਵਿਲ ਸਰਜਨ ਡਾ. ਸਜੀਲਾ ਖ਼ਾਨ ਨੇ ਸਥਾਨਕ ਆਮ ਆਦਮੀ ਕਲੀਨਿਕ ਲਾਲ ਬਾਜ਼ਾਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਰੈਲੀ ਕੱਢਣ ਦਾ ਮਕਸਦ ਲੋਕਾਂ ਵਿੱਚ ਸਰੀਰਕ ਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਹੈ।
ਸਾਈਕਲਾਂ ‘ਤੇ ਦਫ਼ਤਰ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ
ਲਹਿਰਾਗਾਗਾ (ਪੱਤਰ ਪ੍ਰੇਰਕ): ਸਿਹਤ ਬਲਾਕ ਕੌਹਰੀਆਂ ਅਧੀਨ ਆਉਂਦੀਆਂ ਸਿਹਤ ਸੰਸਥਾਵਾਂ ਵੱਲੋਂ ਅੱਜ ਵਿਸ਼ਵ ਸਾਈਕਲ ਦਿਵਸ ਮੌਕੇ ਕਾਰਜਕਾਰੀ ਐੱਸਐੱਮਓ ਡਾ. ਕੁਲਮੀਤ ਕੌਰ ਦੀ ਅਗਵਾਈ ਹੇਠ ਸਮਾਜ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਾ ਸੁਨੇਹਾ ਦੇਣ ਲਈ ਸਾਈਕਲ ਰੈਲੀਆਂ ਕੱਢੀਆਂ ਗਈਆਂ। ਇਸ ਦੌਰਾਨ ਕਈ ਅਧਿਕਾਰੀ ਤੇ ਕਰਮਚਾਰੀ ਸਾਈਕਲਾਂ ‘ਤੇ ਆਪਣੀ ਡਿਊਟੀ ‘ਤੇ ਪਹੁੰਚੇ। ਇਸ ਮੌਕੇ ਬਲਾਕ ਐਜੂਕੇਟਰ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਾਈਕਲ ਚਲਾਉਣਾ ਇੱਕ ਸੁਖਾਲੀ ਕਸਰਤ ਹੈ, ਜੋ ਹਰ ਇੱਕ ਨੂੰ ਕਰਨੀ ਚਾਹੀਦੀ ਹੈ।