ਵਿਸ਼ਵ ਬੈਂਕ ਦਰਮਿਆਨੀ ਆਮਦਨ ਵਾਲੇ ਮੁਲਕਾਂ ਲਈ ਸਸਤੇ ਕਰਜ਼ੇ ਸੁਲੱਭ ਕਰਾਵੇ: ਨਿਰਮਲਾ ਸੀਤਾਰਾਮਨ
ਨਵੀਂ ਦਿੱਲੀ, 26 ਅਕਤੂਬਰ
World Bank Annual Meetings 2024: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ (Union Finance Minister Nirmala Sitharaman) ਨੇ ਸੰਸਾਰ ਬੈਂਕ ਵੱਲੋਂ ਦਰਮਿਆਨੀ ਆਮਦਨ ਵਾਲੇ ਮੁਲਕਾਂ ਨੂੰ ਕਿਫ਼ਾਇਤੀ ਅਤੇ ਸਸਤੀਆਂ ਵਿਆਜ ਦਰਾਂ ਵਾਲੇ ਕਰਜ਼ੇ ਦਿੱਤੇ ਜਾਣ ਦੀ ਲੋੜ ਉਤੇ ਜ਼ੋਰ ਦਿੱਤਾ ਹੈ। ਉਨ੍ਹਾਂ ਇਹ ਗੱਲ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਸੰਸਾਰ ਬੈਂਕ ਦੀ 2024 ਦੀਆਂ ਸਾਲਾਨਾ ਮੀਟਿੰਗਾਂ ਦੌਰਾਨ ਵਿਕਾਸ ਕਮੇਟੀ ਦੇ ਪਲੈਨਰੀ ਸੈਸ਼ਨ (Development Committee Plenary session) ‘ਭਵਿੱਖ ਲਈ ਤਿਆਰ ਸੰਸਾਰ ਬੈਂਕ ਗਰੁੱਪ’ ਨੂੰ ਸੰਬੋਧਨ ਕਰਦਿਆਂ ਕਹੀ।
ਇਸ ਸਬੰਧੀ ਵਿੱਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ, ‘‘ਕੇਂਦਰੀ ਵਿੱਤ ਮੰਤਰੀ ਨੇ ਦਰਮਿਆਨੀ ਆਮਦਨ ਵਾਲੇ ਮੁਲਕਾਂ ਵਾਸਤੇ ਸੰਸਾਰ ਬੈਂਕ ਤੋਂ ਵਧੇਰੇ ਕਿਫ਼ਾਇਤੀ ਅਤੇ ਸਸਤੀਆਂ ਵਿਆਜ ਦਰਾਂ ਵਾਲੇ ਕਰਜ਼ਿਆਂ ਦੀ ਲੋੜ ਉਤੇ ਜ਼ੋਰ ਦਿੱਤਾ ਹੈ, ਤਾਂ ਕਿ ਉਨ੍ਹਾਂ ਦੀ ਵਿਆਪਕ ਭਾਗੀਦਾਰੀ ਨੂੰ ਹੁਲਾਰਾ ਦਿੱਤਾ ਜਾ ਸਕੇ ਅਤੇ ਉਹ ਜ਼ਿਆਦਾ ਕਰਜ਼ੇ ਲੈ ਕੇ ਆਪਣੇ ਵਿਕਾਸ ਨੂੰ ਤੇਜ਼ ਕਰ ਸਕਣ।’’ ਮੰਤਰਾਲੇ ਨੇ ਇਹ ਜਾਣਕਾਰੀ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ।
ਉਨ੍ਹਾਂ ਨੇ ਆਲਮੀ ਸੂਚਕਅੰਕਾਂ ਨੂੰ ਤਿਆਰ ਕਰਦਿਆਂ ਅਤੇ ਮੁਲਕਾਂ ਦੀ ਆਪਸੀ ਤੁਲਨਾ ਵਾਸਤੇ ਡੇਟਾ ਅਤੇ ਸਬੂਤ ਆਧਾਰਤ ਪਹੁੰਚ ਅਪਣਾਏ ਜਾਣ ਦੀ ਲੋੜ ਨੂੰ ਵੀ ਉਭਾਰਿਆ। ਉਨ੍ਹਾਂ ਭਾਰਤ ਦੇ ਇਸ ਰੁਖ਼ ਨੂੰ ਵੀ ਮੁੜ ਦੁਹਰਾਇਆ ਕਿ ਵਿਸ਼ਵ-ਵਿਆਪੀ ਗਵਰਨੈਂਸ ਸੂਚਕ ਅਤੇ ਨਵੇਂ ਤਜਵੀਜ਼ਤ ਬੀ-ਰੇਡੀ ਸੂਚਕਅੰਕ ਆਦਿ ਨਿਰਪੱਖ ਅੰਕੜਿਆਂ ਉਤੇ ਆਧਾਰਤ ਹੋਣੇ ਚਾਹੀਦੇ ਹਨ।
ਉਨ੍ਹਾਂ ਨੇ ਨਾਲ ਹੀ ਬਹੁਧਿਰੀ ਵਿਕਾਸ ਬੈਂਕਾਂ ਦੇ ਇਤਿਹਾਸ ਉਤੇ ਚਾਨਣ ਪਾਉਂਦਿਆਂ 1944 ਦੀ ਬਰੈਟਨ ਵੂਡਜ਼ ਕਾਨਫਰੰਸ (Bretton Woods conference) ਵਿਚ ਇਨ੍ਹਾਂ ਅਦਾਰਿਆਂ ਦੀ ਨੀਂਹ ਨੂੰ ਆਕਾਰ ਦਿੱਤੇ ਜਾਣ ਦੇ ਮਾਮਲੇ ਵਿਚ ਆਲਮੀ ਦੱਖਣ (Global South) ਵੱਲੋਂ ਨਿਭਾਏ ਗਏ ਅਹਿਮ ਰੋਲ ਨੂੰ ਵੀ ਉਭਾਰਿਆ। -ਏਐੱਨਆਈ