ਵਿਰਾਸਤੀ ਤੇ ਕੋਮਲ ਕਲਾਵਾਂ ਦੀ ਸਿਖਲਾਈ ਸਬੰਧੀ ਵਰਕਸ਼ਾਪ
ਸਤਵਿੰਦਰ ਬਸਰਾ
ਲੁਧਿਆਣਾ, 3 ਅਕਤੂਬਰ
ਪੀਏਯੂ ਅੰਤਰ-ਕਾਲਜ ਯੁਵਕ ਮੇਲੇ ਦੀ ਵਿਰਾਸਤੀ ਤੇ ਕੋਮਲ ਕਲਾਵਾਂ ਦੀਆਂ ਵੰਨਗੀਆਂ ਵਿੱਚ ਦਿਲਚਸਪੀ ਲੈਣ ਵਾਲੇ ਯੂਨੀਵਰਸਿਟੀ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਲਈ ਯੂਨੀਵਰਿਸਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਵਿਦਿਆਰਥੀ ਭਵਨ ਵਿੱਚ ਦੋ ਰੋਜ਼ਾ ਕਲਾ-ਵਰਕਸ਼ਾਪ ਕਰਵਾਈ ਗਈ।
ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਪੀਏਯੂ ਦਾ ਸਾਲਾਨਾ ਅੰਤਰ-ਕਾਲਜ ਯੁਵਕ ਮੇਲਾ ਆਉਂਦੇ ਮਹੀਨੇ ਕੈਂਪਸ ਵਿੱਚ ਕਰਵਾਇਆ ਜਾਣਾ ਹੈ। ਇਸ ਸਾਲ ਵਿਰਾਸਤੀ ਕਲਾਵਾਂ ਦੀ ਸ਼੍ਰੇਣੀ ’ਚ ਬੁਣਾਈ, ਦਸੂਤੀ ਦੀ ਕਢਾਈ, ਕੋਮਲ ਕਲਾਵਾਂ ਸ਼੍ਰੇਣੀ ਵਿੱਚ ਡੂਡਲਿੰਗ ਅਤੇ ਸੰਗੀਤ ਸ਼੍ਰੇਣੀ ਵਿੱਚ ਕਵੀਸ਼ਰੀ ਅਤੇ ਦੌਗਾਣਾ ਗਾਣੇ ਦੇ ਨਵੇਂ ਮੁਕਾਬਲੇ ਪਹਿਲੀ ਵਾਰ ਕਰਵਾਏ ਜਾਣਗੇ।
ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ (ਕਲਚਰ) ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਤੇ ਉਨ੍ਹਾਂ ਦੇ ਹੁਨਰ ਨੂੰ ਹੋਰ ਨਿਖਾਰਣ ਲਈ ਇਹ ਦੋ ਰੋਜ਼ਾ ਕਲਾ-ਵਰਕਸ਼ਾਪ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਵਿਰਾਸਤੀ ਕਲਾਵਾਂ ਦੀਆਂ ਵੰਨਗੀਆਂ ਸਬੰਧੀ ਜਾਣਕਾਰੀ ਦੇਣ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਲੋਕ ਕਲਾਵਾਂ ਦੇ ਮਾਹਿਰ ਅਤੇ ਪੰਜਾਬੀ ਲੇਖਕ ਡਾ. ਕਿਰਪਾਲ ਕਜ਼ਾਕ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਇੰਨੂ ਬੁਣਨਾ, ਛਿੱਕੂ ਬੁਣਨਾ, ਫੁੱਲਕਾਰੀ ਕੱਢਣਾ, ਮਿੱਟੀ ਦੇ ਖਿਡੌਣੇ ਬਣਾਉਨਾ, ਨਾਲੇ ਬੁਣਨਾ, ਪੀੜ੍ਹੀ ਬੁਣਨਾ, ਪੱਖੀ ਬੁਣਨਾ, ਬੁਣਾਈ, ਦਸੂਤੀ ਦੀ ਕਢਾਈ, ਮੁਹਾਵਰੇਦਾਰ ਵਾਰਤਾਲਾਪ, ਵਿਰਾਸਤੀ ਪ੍ਰਸ਼ਨੋਤਰੀ ਦੀਆਂ ਵੰਨਗੀਆਂ ਆਦਿ ਬਾਰੇ ਜਾਣਕਾਰੀ ਦਿੱਤੀ। ਕੋਮਲ ਕਲਾਵਾਂ ਦੀਆਂ ਵੰਨਗੀਆਂ ਲਈ ਉੱਘੇ ਆਰਟਿਸਟ ਹਨੀਸ਼ ਕਾਂਤ ਨੇ ਵਿਦਿਆਰਥੀਆਂ ਨਾਲ ਕੋਲਾਜ਼ ਬਣਾਉਨਾ, ਪੋਸਟਰ, ਕਾਰਟੂਨਿੰਗ, ਰੰਗੋਲੀ, ਮਹਿੰਦੀ, ਕਲੇਅ ਮਾਡਲਿੰਗ, ਪੇਟਿੰਗ, ਫੋਟੋਗ੍ਰਾਫੀ, ਡੂਡਲਿੰਗ, ਕੈਲੀਗ੍ਰਾਫੀ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੱਤੀ।