ਸਿਲਵਰ ਓਕਸ ਸਕੂਲ ਵਿੱਚ ਜਿਨਸੀ ਸ਼ੋਸ਼ਣ ਬਾਰੇ ਵਰਕਸ਼ਾਪ
ਪੱਤਰ ਪ੍ਰੇਰਕ
ਜੈਤੋ, 23 ਅਕਤੂਬਰ
ਸਿਲਵਰ ਓਕਸ ਸਕੂਲ ਸੇਵੇਵਾਲਾ ਵਿੱਚ ਗਿਆਨ ਮੰਥਨ ਐਜੂਕੇਸ਼ਨਲ ਸਰਵਿਸਿਜ਼ ਦੀ ਮੈਂਬਰ ਨੀਤੂ ਬਾਂਸਲ ਵੱਲੋਂ ਬਾਲ ਸ਼ੋਸ਼ਣ ਅਤੇ ਬਾਲ ਜਿਨਸੀ ਸ਼ੋਸ਼ਣ ’ਤੇ ਆਧਾਰਿਤ ‘ਗੁੱਡ ਟੱਚ ਐਂਡ ਬੈਡ ਟੱਚ’ ਵਿਸ਼ੇ ’ਤੇ ਕਾਰਜਸ਼ਾਲਾ ਲਗਾਈ ਗਈ। ਵਰਕਸ਼ਾਪ ਦੀ ਸ਼ੁਰੂਆਤ ਗੁੱਡ ਟੱਚ (ਜਿਵੇਂ ਕਿ ਕਿਸੇ ਅਜ਼ੀਜ਼ ਦੁਆਰਾ ਗਲੇ ਮਿਲਣਾ) ਅਤੇ ਬੈਡ ਟੱਚ (ਅਣਚਾਹੀ ਛੋਹ, ਜੋ ਕਿਸੇ ਨੂੰ ਚਿੰਤਾਜਨਕ ਬਣਾਉਂਦੀ ਹੈ) ਦੀ ਇੱਕ ਸਧਾਰਨ ਜਾਣਕਾਰੀ ਅਤੇ ਬੱਚਿਆਂ ਦੇ ਅਨੁਕੂਲ ਵਿਆਖਿਆ ਨਾਲ ਸ਼ੁਰੂ ਹੋਈ।
ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਇਹ ਜ਼ਰੂਰੀ ਹੈ ਕਿ ਚੁੱਪ ਰਹਿਣ ਦੀ ਬਜਾਏ ਅਜਿਹੇ ਲੋਕ ਜੋ ਆਪਣੇ ਬਚਪਨ ਵਿਚ ਇਸ ਦਾ ਸ਼ਿਕਾਰ ਹੋਏ ਹਨ, ਉਹ ਇਸ ਵਿਰੁੱਧ ਬੋਲਣ। ਬੁਲਾਰੇ ਨੇ ਕਿਹਾ ਕਿ ਬਾਲ ਜਿਨਸੀ ਸ਼ੋਸ਼ਣ ਪੀੜਤ ਦੀ ਆਤਮਾ ’ਤੇ ਦਾਗ ਛੱਡਦਾ ਹੈ ਅਤੇ ਇਹ ਮਹੱਤਵਪੂਰਨ ਹੈ ਕਿ ਉਹ ਆਪਣੀ ਆਵਾਜ਼ ਨੂੰ ਦਬਾਉਣ ਦੀ ਬਜਾਏ ਬੋਲਣ। ਉਨ੍ਹਾਂ ਆਖਿਆ ਕਿ ਇਸ ਨਾਲ ਬੱਚੇ ਦੀ ਮਾਨਸਿਕ ਅਤੇ ਸਰੀਰਕ ਸਿਹਤ ’ਤੇ ਅਸਰ ਪੈਂਦਾ ਹੈ ਪਰ ਮਾਪਿਆਂ ਅਤੇ ਬੱਚਿਆਂ ਦੀ ਜਾਗਰੂਕਤਾ ਇਸ ਮੁੱਦੇ ਨੂੰ ਹੱਲ ਕਰਨ ਵਿੱਚ ਬਹੁਤ ਮੱਦਦ ਦੇ ਸਕਦੀ ਹੈ। ਸਕੂਲ ਦੀ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਨੇ ਨੀਤੂ ਬਾਂਸਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਬੱਚਿਆਂ ਨੂੰ ਚੰਗੀ ਅਤੇ ਮਾੜੀ ਛੋਹ ਦਾ ਫ਼ਰਕ ਸਮਝਾਇਆ, ਤਾਂ ਜੋ ਭਵਿੱਖ ਵਿੱਚ ਬੱਚੇ ਅਣਜਾਣ ਵਿਅਕਤੀਆਂ ਦੇ ਸੰਪਰਕ ਵਿੱਚ ਨਾ ਆਉਣ ਅਤੇ ਉਨ੍ਹਾਂ ਨਾਲ ਕੋਈ ਵੀ ਮਾੜਾ ਹਾਦਸਾ ਨਾ ਹੋਵੇ।