For the best experience, open
https://m.punjabitribuneonline.com
on your mobile browser.
Advertisement

ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ ’ਚ ਜ਼ਿੰਮੇਵਾਰਾਂ ਦੀ ਜਵਾਬਦੇਹੀ ਲਈ ਭਾਰਤ ਨਾਲ ਕੰਮ ਰਹੇ ਹਾਂ: ਅਮਰੀਕਾ

07:07 AM Mar 22, 2024 IST
ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ ’ਚ ਜ਼ਿੰਮੇਵਾਰਾਂ ਦੀ ਜਵਾਬਦੇਹੀ ਲਈ ਭਾਰਤ ਨਾਲ ਕੰਮ ਰਹੇ ਹਾਂ  ਅਮਰੀਕਾ
Advertisement

ਵਾਸ਼ਿੰਗਟਨ, 21 ਮਾਰਚ
ਅਮਰੀਕਾ ਆਪਣੀ ਧਰਤੀ ’ਤੇ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਘੜਨ ’ਚ ਸ਼ਾਮਲ ਲੋਕਾਂ ਦੀ ਜਵਾਬਦੇਹੀ ਤੈਅ ਕਰਨ ਲਈ ਭਾਰਤ ਸਰਕਾਰ ਨਾਲ ਕੰਮ ਕਰ ਰਿਹਾ ਹੈ। ਬਾਇਡਨ ਪ੍ਰਸ਼ਾਸਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਪਿਛਲੇ ਸਾਲ ਨਵੰਬਰ ਮਹੀਨੇ ਸੰਘੀ ਵਕੀਲਾਂ ਨੇ ਭਾਰਤੀ ਮੂਲ ਦੇ ਇੱਕ ਨਾਗਰਿਕ ਨਿਖਿਲ ਗੁਪਤਾ ’ਤੇ ਅਮਰੀਕਾ ਤੇ ਕੈਨੇੇਡਾ ਦੀ ਦੋਹਰੀ ਨਾਗਰਿਕਤਾ ਵਾਲੇ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ’ਚ ਸ਼ਮੂਲੀਅਤ ਦੇ ਦੋੋਸ਼ ਲਾਏ ਸਨ। ਅਮਰੀਕੀ ਸੰਘੀ ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਸੀ ਕਿ ਗੁਪਤਾ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਨਾਲ ਕੰਮ ਕਰ ਰਿਹਾ ਸੀ ਅਤੇ ਨਿਊਯਾਰਕ ਸਿਟੀ ’ਚ ਰਹਿੰਦੇ ਪੰਨੂ ਨੂੰ ਮਾਰਨ ਲਈ ਇੱਕ ਕਾਤਲ ਨੂੰ 1,00,000 ਡਾਲਰ ਦੇਣ ਲਈ ਸਹਿਮਤ ਹੋਇਆ ਸੀ।
ਦੋਸ਼ਾਂ ਦੀ ਪੜਤਾਲ ਲਈ ਭਾਰਤ ਪਹਿਲਾਂ ਹੀ ਇੱਕ ਜਾਂਚ ਕਮੇਟੀ ਕਾਇਮ ਕਰ ਚੁੱਕਾ ਹੈ। ਕਾਂਗਰਸ ਦੀ ਇੱਕ ਸੁਣਵਾਈ ਦੌਰਾਨ ਦੱਖਣੀ ਅਤੇ ਕੇਂਦਰੀ ਏਸ਼ੀਆ ਬਾਰੇ ਸਹਾਇਕ ਵਿਦੇਸ਼ ਸਕੱਤਰ ਡੋਨਾਲਡ ਲੂ ਨੇ ਬੁੱਧਵਾਰ ਨੂੰ ਹਾਊਸ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ, ‘‘ਇਹ ਭਾਰਤ ਤੇ ਅਮਰੀਕਾ ਵਿਚਾਲੇ ਇੱਕ ਗੰਭੀਰ ਮੁੱਦਾ ਹੈ। ਅਸੀਂ ਇਸ ਨੂੰ ਗੰਭੀਰਤਾ ਨਾਲ ਲਿਆ ਅਤੇ ਭਾਰਤ ਕੋਲ ਉੱਚ ਪੱਧਰ ’ਤੇ ਉਠਾਇਆ ਹੈ।’’ ਡੋਨਾਲਡ ਨੇ ਆਖਿਆ ,‘‘ਅਸੀਂ ਹੁਣ ਭਾਰਤ ਨਾਲ ਕੰਮ ਕਰ ਰਹੇ ਹਾਂ ਤਾਂ ਕਿ ਭਾਰਤ ਨੂੰ ਇਸ ਘਿਣਾਉਣੇ ਅਪਰਾਧ ਪਿੱਛੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਭਾਰਤ ਨੇ ਖ਼ੁਦ ਹੀ ਐਲਾਨ ਕੀਤਾ ਹੈ ਕਿ ਉਨ੍ਹਾਂ ਇਸ ਮਾਮਲੇ ਦੀ ਘੋਖ ਲਈ ਇੱਕ ਕਮੇਟੀ ਬਣਾਈ ਹੈ। ਅਸੀਂ ਉਨ੍ਹਾਂ ਨੂੰ ਜਲਦੀ ਅਤੇ ਪਾਰਦਰਸ਼ਤਾ ਨਾਲ ਕੰਮ ਕਰ ਲਈ ਆਖਿਆ ਹੈ ਤਾਂ ਕਿ ਨਿਆਂ ਯਕੀਨੀ ਬਣਾਇਆ ਜਾ ਸਕੇ।’’ -ਪੀਟੀਆਈ

Advertisement

Advertisement
Author Image

Advertisement
Advertisement
×