For the best experience, open
https://m.punjabitribuneonline.com
on your mobile browser.
Advertisement

ਪੰਨੂ ਮਾਮਲੇ ’ਚ ਭਾਰਤ ਨਾਲ ਲਗਾਤਾਰ ਕੰਮ ਕਰ ਰਹੇ ਹਾਂ: ਅਮਰੀਕਾ

07:06 AM May 02, 2024 IST
ਪੰਨੂ ਮਾਮਲੇ ’ਚ ਭਾਰਤ ਨਾਲ ਲਗਾਤਾਰ ਕੰਮ ਕਰ ਰਹੇ ਹਾਂ  ਅਮਰੀਕਾ
Advertisement

ਵਾਸ਼ਿੰਗਟਨ, 1 ਮਈ
ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਘੜਨ ਸਬੰਧੀ ਦੋਸ਼ਾਂ ਦੀ ਜਾਂਚ ਲਈ ਉਨ੍ਹਾਂ ਦਾ ਮੁਲਕ ਭਾਰਤ ਨਾਲ ਲਗਾਤਾਰ ਕੰਮ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਪ੍ਰਧਾਨ ਉਪ ਤਰਜਮਾਨ ਵੇਦਾਂਤ ਪਟੇਲ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਅਖ਼ਬਾਰ ‘ਦਿ ਵਾਸ਼ਿੰਗਟਨ ਪੋਸਟ’ ਨੇ ਆਪਣੀ ਇਕ ਰਿਪੋਰਟ ’ਚ ਅਗਿਆਤ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਪਿਛਲੇ ਸਾਲ ਅਮਰੀਕੀ ਧਰਤੀ ’ਤੇ ਪੰਨੂ ਨੂੰ ਮਾਰਨ ਦੀ ਕਥਿਤ ਸਾਜ਼ਿਸ਼ ’ਚ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦੇ ਇਕ ਅਧਿਕਾਰੀ ਦਾ ਹੱਥ ਸੀ। ਭਾਰਤ ਨੇ ਇਨ੍ਹਾਂ ਦਾਅਵਿਆਂ ਨੂੰ ਮੰਗਲਵਾਰ ਨੂੰ ਸਿਰੇ ਤੋਂ ਖਾਰਜ ਕੀਤਾ ਅਤੇ ਕਿਹਾ ਕਿ ਰਿਪੋਰਟ ’ਚ ਇਕ ਗੰਭੀਰ ਮਾਮਲੇ ’ਚ ਬਿਨਾਂ ਕਿਸੇ ਆਧਾਰ ਦੇ ਦੋਸ਼ ਲਾਏ ਗਏ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪਟੇਲ ਨੇ ਆਪਣੀ ਰੋਜ਼ਾਨਾ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ,‘‘ਅਸੀਂ ਭਾਰਤੀ ਜਾਂਚ ਕਮੇਟੀ ਦੇ ਸਿੱਟਿਆਂ ਦੇ ਆਧਾਰ ’ਤੇ ਭਾਰਤ ਸਰਕਾਰ ਤੋਂ ਜਵਾਬਦੇਹੀ ਦੀ ਉਮੀਦ ਕਰਦੇ ਹਾਂ ਅਤੇ ਅਸੀਂ ਲਗਾਤਾਰ ਉਨ੍ਹਾਂ ਨਾਲ ਕੰਮ ਕਰ ਰਹੇ ਹਾਂ।’’ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਸਬੰਧ ’ਚ ਪੁੱਛੇ ਜਾਣ ’ਤੇ ਪਟੇਲ ਨੇ ਕਿਹਾ,‘‘ਅਸੀਂ ਭਾਰਤ ਸਰਕਾਰ ਅੱਗੇ ਸੀਨੀਅਰ ਪੱਧਰ ’ਤੇ ਆਪਣੇ ਫ਼ਿਕਰ ਜ਼ਾਹਿਰ ਕਰਦੇ ਰਹਾਂਗੇ। ਉਂਜ ਇਸ ਤੋਂ ਅੱਗੇ ਮੈਂ ਹੋਰ ਕੁਝ ਨਹੀਂ ਆਖਾਂਗਾਂ ਅਤੇ ਨਿਆਂ ਵਿਭਾਗ ਇਸ ’ਤੇ ਗੌਰ ਕਰੇਗਾ।’’ ਅਮਰੀਕੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ’ਚ ਰਾਅ ਅਫ਼ਸਰ ਵਿਕਰਮ ਯਾਦਵ ਦੀ ਸ਼ਮੂਲੀਅਤ ਸੀ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਦਿੱਲੀ ’ਚ ਅਮਰੀਕੀ ਅਖ਼ਬਾਰ ਦੀ ਰਿਪੋਰਟ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਇਸ ’ਚ ਇਕ ਗੰਭੀਰ ਮਾਮਲੇ ’ਚ ਬਿਨਾਂ ਕਿਸੇ ਆਧਾਰ ’ਤੇ ਦੋਸ਼ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਕਥਿਤ ਸਾਜ਼ਿਸ਼ ’ਤੇ ਅਮਰੀਕਾ ਵੱਲੋਂ ਦਿੱਤੀ ਗਈ ਜਾਣਕਾਰੀ ਦੀ ਪੜਤਾਲ ਕਰਨ ਲਈ ਭਾਰਤ ਵੱਲੋਂ ਕਾਇਮ ਇਕ ਉੱਚ ਪੱਧਰੀ ਜਾਂਚ ਕਮੇਟੀ ਮਾਮਲੇ ਦੀ ਅਜੇ ਵੀ ਤਫ਼ਤੀਸ਼ ਕਰ ਰਹੀ ਹੈ। ਜੈਸਵਾਲ ਨੇ ਕਿਹਾ ਕਿ ਇਸ ਮਾਮਲੇ ’ਚ ਕਾਲਪਨਿਕ ਅਤੇ ਗ਼ੈਰਜ਼ਿੰਮੇਵਾਰਾਨਾ ਟਿੱਪਣੀਆਂ ਦੀ ਲੋੜ ਨਹੀਂ ਹੈ। ਪਿਛਲੇ ਸਾਲ ਨਵੰਬਰ ’ਚ ਅਮਰੀਕੀ ਸੰਘੀ ਪ੍ਰੋਸੀਕਿਊਟਰਜ਼ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ’ਤੇ ਅਮਰੀਕਾ ’ਚ ਸਿੱਖ ਵੱਖਵਾਦੀ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ’ਚ ਭਾਰਤ ਸਰਕਾਰ ਦੇ ਇਕ ਅਧਿਕਾਰੀ ਨਾਲ ਮਿਲ ਕੇ ਕੰਮ ਕਰਨ ਦਾ ਦੋਸ਼ ਲਾਇਆ ਸੀ। -ਪੀਟੀਆਈ

Advertisement

ਭਾਰਤੀ ਜਾਸੂਸਾਂ ਨੂੰ ਕੱਢਣ ਦਾ ਮਾਮਲਾ: ਆਸਟਰੇਲਿਆਈ ਮੰਤਰੀਆਂ ਵੱਲੋਂ ਟਿੱਪਣੀ ਤੋਂ ਨਾਂਹ

ਮੈਲਬਰਨ: ਆਸਟਰੇਲਿਆਈ ਸਰਕਾਰ ਦੇ ਇੱਕ ਸੀਨੀਅਰ ਮੰਤਰੀ ਨੇ ਅੱਜ ਉਨ੍ਹਾਂ ਖ਼ਬਰਾਂ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਚਾਰ ਸਾਲ ਪਹਿਲਾਂ ਦੋ ਭਾਰਤੀ ਜਾਸੂਸਾਂ ਨੂੰ ਗੁਪਤ ਤੌਰ ’ਤੇ ਆਸਟਰੇਲੀਆ ਵਿੱਚੋਂ ਕੱਢਿਆ ਗਿਆ ਸੀ। ਹਾਲਾਂਕਿ, ਮੰਤਰੀ ਨੇ ਕਿਹਾ ਕਿ ਭਾਰਤ ਨਾਲ ਦੁਵੱਲੇ ਸਬੰਧ ਚੰਗੇ ਹਨ ਅਤੇ ਹਾਲ ਦੇ ਸਾਲਾਂ ਦੌਰਾਨ ਉਨ੍ਹਾਂ ਵਿੱਚ ਸੁਧਾਰ ਹੋਇਆ ਹੈ। ਇੱਕ ਇੰਟਰਵਿਊ ਦੌਰਾਨ ਆਸਟਰੇਲੀਆ ਦੇ ਵਿੱਤ ਮੰਤਰੀ ਜਿਮ ਚਾਰਲਮਰਸ ਤੋਂ ਪੁੱਛਿਆ ਗਿਆ ਕਿ ਕੀ ਦੋ ਜਾਸੂਸਾਂ ਨੂੰ ਗੁਪਤ ਢੰਗ ਨਾਲ ਕੱਢੇ ਜਾਣ ਸਬੰਧੀ ‘ਆਸਟਰੇਲਿਆਈ ਨਿਊਜ਼ ਮੀਡੀਆ’ ਤੇ ‘ਦਿ ਵਾਸ਼ਿੰਗਟਨ ਪੋਸਟ’ ਦੀਆਂ ਖ਼ਬਰਾਂ ਮਗਰੋਂ ਭਾਰਤ ਨੂੰ ਆਸਟਰੇਲੀਆ ਦਾ ਮਿੱਤਰ ਮੰਨਿਆ ਜਾ ਸਕਦਾ ਹੈ। ਚਾਰਲਮਰਸ ਨੇ ‘ਆਸਟਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ’ ਨੂੰ ਕਿਹਾ, ‘‘ਮੈਂ ਕਿਸੇ ਵੀ ਤਰ੍ਹਾਂ ਨਾਲ ਇਸ ਤਰ੍ਹਾਂ ਦੇ ਮੁੱਦਿਆਂ ਵਿੱਚ ਨਹੀਂ ਪੈਣਾ ਚਾਹੁੰਦਾ।’’ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਤੇ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਭਾਰਤ ਵੱਲੋਂ ਕਥਿਤ ਜਾਸੂਸੀ ਬਾਰੇ ਸਵਾਲਾਂ ਨੂੰ ਟਾਲ ਦਿੱਤਾ ਅਤੇ ਕਿਹਾ ਕਿ ਉਹ ਖੁਫ਼ੀਆ ਮਾਮਲਿਆਂ ਬਾਰੇ ਟਿੱਪਣੀ ਨਹੀਂ ਕਰਦੇ। -ਏਪੀ

Advertisement
Author Image

joginder kumar

View all posts

Advertisement
Advertisement
×