ਕਿਰਤ ਵਿਭਾਗ ਦੀਆਂ ਸਕੀਮਾਂ ਦੇ ਲਾਭ ਵਿੱਚ ਦੇਰੀ ਤੋਂ ਮਜ਼ਦੂਰ ਖ਼ਫ਼ਾ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 9 ਜੁਲਾਈ
ਕਿਰਤ ਵਿਭਾਗ ਪੰਜਾਬ ਵੱਲੋਂ ਮਜ਼ਦੂਰਾਂ ਦੀਆਂ ਸਕੀਮਾਂ ਨੂੰ ਜਲਦ ਪਾਸ ਨਾ ਕਰਨ ਨੂੰ ਲੈ ਕੇ ਅੱਜ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਕਾਮਰੇਡ ਵਰਿੰਦਰ ਕੌਸ਼ਿਕ ਦੀ ਅਗਵਾਈ ਹੇਠ ਇਕੱਤਰ ਮਜ਼ਦੂਰਾਂ ਨੇ ਇਸ ਸਬੰਧੀ ਮੰਗ ਪੱਤਰ ਕਿਰਤ ਵਿਭਾਗ ਪੰਜਾਬ ਦੇ ਲੇਬਰ ਇੰਸਪੈਕਟ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਪੁੱਜਦਾ ਕੀਤਾ।
ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਕਿਰਤ ਵਿਭਾਗ ਵੱਲੋਂ ਜ਼ਿਲ੍ਹੇ ’ਚ ਤਾਇਨਾਤ ਲੇਬਰ ਇੰਸਪੈਕਟਰਾਂ ਦੀਆਂ ਅਸਾਮੀਆਂ ਬਹੁਤ ਘੱਟ ਹਨ ਜਦੋਂ ਕਿ ਕਈ ਥਾਵਾਂ ਦੇ ਵਾਧੂ ਚਾਰਜ ਮਿਲਣ ਕਾਰਨ ਅਕਸਰ ਮਜ਼ਦੂਰ ਸਰਕਾਰੀ ਸਕੀਮਾਂ ਦਾ ਲਾਭ ਸਮੇਂ ਸਿਰ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਹਰ ਇੱਕ ਤਹਿਸੀਲ ਲਈ ਵੱਖਰੇ ਲੇਬਰ ਇੰਸਪੈਕਟਰ ਦੀ ਤਾਇਨਾਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਕਿਰਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਣ-ਬੁੱਝ ਕੇ ਮਜ਼ਦੂਰਾਂ ਵੱਲੋਂ ਅਪਲਾਈ ਕੀਤੀਆਂ ਸਰਕਾਰੀ ਸਕੀਮਾਂ ਉੱਤੇ ਵੱਖੋ-ਵੱਖਰੇ ਇਤਰਾਜ਼ ਲਗਾ ਕੇ ਮਜ਼ਦੂਰ ਵਰਗ ਨੂੰ ਤੰਗ ਕੀਤਾ ਜਾ ਰਿਹਾ ਹੈ। ਕਿਰਤ ਵਿਭਾਗ ਵਲੋਂ ਅਨਪੜ੍ਹ ਮਜ਼ਦੂਰ ਪਰਿਵਾਰਾਂ ਪਾਸੋਂ ਵਾਰ- ਵਾਰ ਮੰਗੀ ਜਾਂਦੀ ਕਾਗਜ਼ੀ ਕਾਰਵਾਈ ਘਟਾ ਕੇ ਉਨ੍ਹਾਂ ਨੂੰ ਸਕੀਮਾਂ ਦਾ ਲਾਭ ਦਿੱਤਾ ਜਾਵੇ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਮਜ਼ਦੂਰ ਪਰਿਵਾਰਾਂ ਦੀਆਂ ਸਕੀਮਾਂ ਨੂੰ ਜਲਦ ਪਾਸ ਕਰਨਾ ਸ਼ੁਰੂ ਨਾ ਕੀਤਾ ਗਿਆ ਤਾਂ ਜਥੇਬੰਦੀ ਪੰਜਾਬ ਭਰ ’ਚ ਪ੍ਰਦਰਸ਼ਨ ਕਰੇਗੀ। ਇਸ ਮੌਕੇ ਇਮਾਰਤੀ ਪੇਂਟਰ ਯੂਨੀਅਨ (ਸੀਟੂ) ਦੇ ਪ੍ਰਧਾਨ ਗੁਰਜੰਟ ਸਿੰਘ, ਕਾਮਰੇਡ ਰਾਮ ਸਿੰਘ, ਨਿਰਮਲ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।