For the best experience, open
https://m.punjabitribuneonline.com
on your mobile browser.
Advertisement

ਜ਼ਮੀਨ ਦੀ ਬੋਲੀ ਖ਼ਿਲਾਫ਼ ਡਟੇ ਮਜ਼ਦੂਰ

06:38 PM Jun 23, 2023 IST
ਜ਼ਮੀਨ ਦੀ ਬੋਲੀ ਖ਼ਿਲਾਫ਼ ਡਟੇ ਮਜ਼ਦੂਰ
Advertisement

ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ

ਪਟਿਆਲਾ/ਦੇਵੀਗੜ੍ਹ, 11 ਜੂਨ

Advertisement

ਪਿੰਡ ਦਦਹੇੜਾ ਵਿਚ ਸ਼ਾਮਲਾਤ ਜ਼ਮੀਨ ਵਿੱਚੋਂ ਆਉਂਦੇ ਆਪਣੇ ਹਿੱਸੇ ਦੀ ਜ਼ਮੀਨ ਦੀ ਬੋਲੀ ਕਰਨ ਕਰਕੇ ਭੜਕੇ ਮਜ਼ਦੂਰਾਂ ਨੇ ਅੱਜ ਇਥੇ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇ ਇਸ ਦਾ ਸੁਧਾਰ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਹੋਰ ਵੀ ਤੇਜ਼ ਕਰਨਗੇ।

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਆਗੂ ਧਰਮਵੀਰ ਹਰੀਗੜ੍ਹ ਤੇ ਅਮਰਜੀਤ ਸਿੰਘ ਨੇ ਕਿਹਾ ਕਿ ਪਿੰਡ ਦਦਹੇੜਾ ਦੇ ਸਾਰੇ ਮਜ਼ਦੂਰ ਇਕੱਠੇ ਹੋ ਕੇ ਸਾਂਝੀ ਖੇਤੀ ਕਰਨ ਲਈ ਰਿਜ਼ਰਵ ਕੋਟੇ ਦੀ ਜ਼ਮੀਨ ਲੈਣੀ ਚਾਹੁੰਦੇ ਸਨ। ਇਸ ਬਾਰੇ ਕਈ ਵਾਰ ਡੀਡੀਪੀਓ ਪਟਿਆਲਾ ਨੂੰ ਲਿਖਤੀ ਮੰਗ ਪੱਤਰ ਦਿੱਤੇ ਗਏ ਹਨ। 31 ਮਈ ਨੂੰ ਡੀਸੀ ਦਫ਼ਤਰ ਅੱਗੇ ਲੱਗੇ ਧਰਨੇ ਦੌਰਾਨ ਸਬੰਧਤ ਪ੍ਰਸ਼ਾਸਨ ਜ਼ਮੀਨ ਮਜ਼ਦੂਰਾਂ ਨੂੰ ਦੇਣ ਬਾਰੇ ਆਪਣੀ ਸਹਿਮਤੀ ਦੇ ਚੁੱਕਿਆ ਸੀ। ਪਰ ਬੀਡੀਪੀਓ ਵੱਲੋਂ ਆਪਣੀ ਪਾਣੀ ਵਾਲੀ ਜ਼ਮੀਨ ਜੋ ਕਿ ਐੱਸਸੀ ਭਾਈਚਾਰੇ ਦੇ ਹਿੱਸੇ ਆਉਂਦੀ ਹੈ, ਉਸ ਦੀ ਬੋਲੀ ਧੱਕੇ ਨਾਲ ਜਰਨਲ ਦੇ ਹਿੱਸੇ ਕਰਦੇ ਹੋਏ ਐੱਸਸੀ ਭਾਈਚਾਰੇ ਨੂੰ ਜ਼ਮੀਨ ਵਿਚ ਨਾ ਵੜਨ ਦੀ ਧਮਕੀ ਦਿੱਤੀ। ਇਸ ਦੇ ਰੋਸ ਵਜੋਂ ਮਜ਼ਦੂਰਾਂ ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਜ਼ਮੀਨ ਵਿੱਚ ਮੋਰਚਾ ਸ਼ੁਰੂ ਕਰਦੇ ਹੋਏ ਐਲਾਨ ਕੀਤਾ ਕਿ ਭਾਵੇਂ ਬੀਡੀਪੀਓ ਨੇ ਜ਼ਮੀਨ ਦੀ ਗ਼ਲਤ ਬੋਲੀ ਕਰਕੇ ਮਜ਼ਦੂਰਾਂ ਨੂੰ ਜ਼ਮੀਨ ਤੋਂ ਵਾਂਝੇ ਰੱਖਣ ਦੀ ਨਾਕਾਮਯਾਬ ਕੋਸ਼ਿਸ਼ ਕੀਤੀ ਹੈ ਪਰ ਉਸ ਜ਼ਮੀਨ ‘ਤੇ ਕਿਸੇ ਵੀ ਕੀਮਤ ਉੱਤੇ ਕਿਸੇ ਵੀ ਚੌਧਰੀ ਨੂੰ ਕਬਜ਼ਾ ਜਾ ਵਾਹੀ ਨਹੀਂ ਕਰਨ ਦਿੱਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਜੇ ਉੱਥੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਤਾਂ ਉਸ ਦੇ ਜ਼ਿੰਮੇਵਾਰ ਪਟਿਆਲਾ ਦੇ ਅਧਿਕਾਰੀ ਹੋਣਗੇ। ਇਸ ਮੌਕੇ ਸੁਖਵਿੰਦਰ ਸਿੰਘ, ਅਰਜਨ ਸਿੰਘ, ਹਰਪ੍ਰੀਤ ਸਿੰਘ, ਕਰਮਜੀਤ ਸਿੰਘ, ਭਰਪੂਰ ਸਿੰਘ, ਬਲਬੀਰ ਸਿੰਘ, ਮੇਜਰ ਸਿੰਘ, ਗੁਰਜੰਟ ਸਿੰਘ,ਜੀਤ ਸਿੰਘ, ਸੁਰਿੰਦਰ ਸਿੰਘ, ਅਤੇ ਸੁਖਵਿੰਦਰ ਹਾਜ਼ਰ ਰਹੇ।

ਸੁਨਾਮ ਨੂੰ ਲਤੀਫਪੁਰ ਨਹੀਂ ਬਣਨ ਦੇਵਾਂਗੇ : ਲਿਬਰੇਸ਼ਨ

ਸੁਨਾਮ ਵਿੱਚ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾਈ ਆਗੂ ਹਰਭਗਵਾਨ ਭੀਖੀ।

ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਸਥਾਨਕ ਸ਼ਹਿਰ ਦੀ ਟਿੱਬੀ ਰਵਿਦਾਸਪੁਰਾ ਚ ਦਹਾਕਿਆਂ ਤੋਂ ਵਸਦੇ ਮਜ਼ਦੂਰਾਂ ਪਰਿਵਾਰਾਂ ਨੂੰ ਪ੍ਰਸ਼ਾਸਨ ਵੱਲੋਂ ਜਬਰੀ ਉਜਾੜਣ ਖ਼ਿਲਾਫ਼ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਅੱਗੇ ਲੱਗੇ ਮੋਰਚੇ ਨੂੰ ਸੰਬੋਧਨ ਕਰਦਿਆਂ ਸੀਪੀਆਈ ਐੱਮਐੱਲ ਲਿਬਰੇਸ਼ਨ ਦੇ ਸੂਬਾ ਆਗੂ ਹਰਭਗਵਾਨ ਭੀਖੀ ਨੇ ਕਿਹਾ ਕਿ ਸੁਨਾਮ ਦੀ ਮਜ਼ਦੂਰ ਬਸਤੀ ਨੂੰ ਲਤੀਫਪੁਰ ਵਿੱਚ ਨਹੀਂ ਬਦਲਣ ਦੇਵਾਂਗੇ।ਸ੍ਰੀ ਭੀਖੀ ਨੇ ਅੱਜ ਧਰਨੇ ਵਿੱਚ ਐਲਾਨ ਕਰਦਿਆਂ ਕਿਹਾ ਕਿ ਮਜ਼ਦੂਰ ਪਰਿਵਾਰਾਂ ਉੱਤੇ ਹੋ ਰਹੇ ਇਸ ਜਬਰ ਖ਼ਿਲਾਫ਼ ਉਨ੍ਹਾਂ ਦੀ ਜਥੇਬੰਦੀ ਹਰੇਕ ਪੱਧਰ ਉੱਤੇ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਭਵਿੱਖ ਅੰਦਰ ਸਰਕਾਰ ਦੇ ਇਸ ਵਰਤਾਰੇ ਖ਼ਿਲਾਫ਼ ਸੂਬਾ ਪੱਧਰ ਉੱਤੇ ਸੰਘਰਸ਼ ਵਿੱਢਿਆ ਜਾਵੇਗਾ। ਉਧਰ ਮਜ਼ਦੂਰ ਆਗੂ ਘੁਮੰਡ ਸਿੰਘ ਖਾਲਸਾ ਤੇ ਧਰਮਪਾਲ ਸੁਨਾਮ ਨੇ ਕਿਹਾ ਕਿ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ‘ਤੇ ਕਾਬਜ਼ ਹੋਈ ਭਗਵੰਤ ਮਾਨ ਦੀ ਸਰਕਾਰ ਪਿਛਲੀਆਂ ਸਰਕਾਰਾਂ ਤੋਂ ਵੀ ਵੱਧ ਮਜ਼ਦੂਰ ਵਿਰੋਧੀ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੇਂਡੂ ਧਨਾਢਾਂ, ਸਰਮਾਏਦਾਰਾਂ ਤੇ ਡੇਰਿਆਂ ਵੱਲੋਂ ਕੀਤੇ ਹੋਏ ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਬਜਾਏ ਗਰੀਬ ਲੋਕਾਂ ਦੇ ਘਰਾਂ ਤੇ ਬੁਲਡੋਜ਼ਰ ਚਲਾ ਰਹੀ ਹੈ। ਉਨ੍ਹਾਂ ਕਿਹਾ ਪਹਿਲਾਂ ਕੜਾਕੇ ਦੀ ਠੰਢ ਵਿੱਚ ਜਲੰਧਰ ਦੇ ਪਿੰਡ ਲਤੀਫਪੁਰ ਦੇ ਮਜ਼ਦੂਰਾਂ ਨੂੰ ਉਜਾੜਿਆ ਅਤੇ ਹੁਣ ਸੁਨਾਮ ਦੇ ਦਲਿਤ ਮਜ਼ਦੂਰਾਂ ਨੂੰ ਉਜਾੜਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੁਲਾਰਿਆਂ ਨੇ 14 ਜੂਨ ਨੂੰ ਸੁਨਾਮ ਵਿੱਚ ਰੱਖੇ ਗਏ ਵੱਡੇ ਇਕੱਠ ਨੂੰ ਸਫ਼ਲ ਕਰਨ ਦੀ ਵੀ ਅਪੀਲ ਕੀਤੀ। ਮੋਰਚੇ ਦੀ ਮਜ਼ਬੂਤੀ ਲਈ ਅੱਜ ਬਿਗੜਵਾਲ, ਜਨਾਲ, ਢੰਡੋਲੀ, ਸ਼ੇਰੋਂ ਤੇ ਸੁਨਾਮ ਦੇ ਵਾਰਡਾਂ ਦੇ ਵਿਚ ਮੀਟਿੰਗਾਂ ਰੈਲੀਆਂ ਕੀਤੀਆਂ ਗਈਆਂ। ਆਗੂਆਂ ਤੋਂ ਇਲਾਵਾ ਇਸ ਮੌਕੇ ਦਰਸ਼ਨ ਸਿੰਘ ਦਾਨੇਵਾਲਾ, ਬਲਵਿੰਦਰ ਸਿੰਘ ਘਰਾਂਗਣਾ, ਸੁੱਖਾ ਸਿੰਘ, ਸੀਰਾ ਸਿੰਘ, ਦਰਬਾਰਾ ਸਿੰਘ, ਬਲਵੀਰ ਸਿੰਘ ਬਿਗੜਵਾਲ, ਹਰਭਜਨ ਸਿੰਘ ਢੰਡੋਲੀ, ਮੇਜਰ ਸਿੰਘ, ਪਾਲੀ ਸੁਨਾਮ ਨੇ ਵੀ ਸੰਬੋਧਨ ਕੀਤਾ।

Advertisement
Advertisement