ਟਰਾਂਸਫਾਰਮਰ ਰੱਖਣ ਦੀ ਮੰਗ ਲਈ ਮਜ਼ਦੂਰਾਂ ਵੱਲੋਂ ਥਾਣੇ ਅੱਗੇ ਧਰਨਾ
ਨਵਕਿਰਨ ਸਿੰਘ
ਮਹਿਲ ਕਲਾਂ, 20 ਅਗਸਤ
ਪਿੰਡ ਕੁਰੜ ਦੇ ਦਲਿਤ ਭਾਈਚਾਰੇ ਵੱਲੋਂ ਵੱਧ ਸਮਰੱਥਾ ਵਾਲਾ ਟਰਾਂਸਫਾਰਮਰ ਰੱਖਣ ਦੀ ਮੰਗ ਲਈ ਚੱਲ ਰਿਹਾ ਸੰਘਰਸ਼ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਠੁੱਲੀਵਾਲ ਗਰਿੱਡ ਦੀ ਬਜਾਏ ਮਜ਼ਦੂਰਾਂ ਵੱਲੋਂ ਅੱਜ ਥਾਣਾ ਠੁੱਲੀਵਾਲ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਪਾਵਰਕੌਮ ਤੇ ਪੁਲੀਸ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਪਾਵਰਕੌਮ ਅਧਿਕਾਰੀ ਉਨ੍ਹਾਂ ਦੀ ਮੰਗ ਵੱਲ ਧਿਆਨ ਨਹੀਂ ਦੇ ਰਹੇ ਹਨ ਤੇ ਪੁਲੀਸ ਪ੍ਰਸ਼ਾਸਨ ਟਰਾਂਸਫਾਰਮਰ ਰੱਖਣ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਹੀਂ ਕਰ ਰਿਹਾ ਹੈ।
ਸੀਟੀਯੂ ਪੰਜਾਬ ਦੀ ਸੂਬਾਈ ਜੁਆਇੰਟ ਸਕੱਤਰ ਪਰਮਜੀਤ ਕੌਰ ਗੁੰਮਟੀ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ, ਜ਼ਿਲ੍ਹਾ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਡਾ. ਅਮਰਜੀਤ ਸਿੰਘ ਕੁੱਕੂ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਮਹਿਲ ਖੁਰਦ, ਮਗਨਰੇਗਾ ਵਰਕਰ ਯੂਨੀਅਨ ਆਗੂ ਮਹਿੰਦਰ ਸਿੰਘ ਕੁਰੜ, ਮਜ਼ਦੂਰ ਮੁਕਤੀ ਮੋਰਚਾ ਦੇ ਹਰਚਰਨ ਰੂੜੇਕੇ ਅਤੇ ਸੰਘਰਸ਼ ਕਮੇਟੀ ਕੁਰੜ ਦੇ ਬਹਾਲ ਸਿੰਘ ਨੇ ਕਿਹਾ ਕਿ ਵੱਧ ਸਮਰੱਥਾ ਵਾਲਾ ਟਰਾਂਸਫਾਰਮਰ ਮਜ਼ਦੂਰ ਪਰਿਵਾਰਾਂ ਦੀ ਅਣਸਰਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸੰਘਰਸ਼ ਸਦਕਾ ਪਾਵਰਕੌਮ ਅਧਿਕਾਰੀਆਂ ਵੱਲੋਂ ਐਸਟੀਮੇਟ ਲਾ ਕੇ ਟਰਾਂਸਫਾਰਮਰ ਰੱਖਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਤਹਿਤ ਟਰਾਂਸਫਾਰਮਰ ਰੱਖਣ ਵਾਲੀ ਥਾਂ ਵੀ ਨਿਸ਼ਚਿਤ ਹੋ ਗਈ ਸੀ ਪਰ ਹੁਣ ਪਿੰਡ ਦੇ ਕੁਝ ਲੋਕਾਂ ਦੇ ਵਿਰੋਧ ਕਾਰਨ ਮਾਮਲਾ ਲਟਕ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵਿਰੋਧ ਕਰਨ ਵਾਲਿਆਂ ‘ਤੇ ਕਾਰਵਾਈ ਨਹੀਂ ਕਰ ਰਹੀ ਹੈ। ਮਜ਼ਦੂਰ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ 21 ਅਗਸਤ ਨੂੰ ਬਰਨਾਲਾ-ਲੁਧਿਆਣਾ ਮੁੱਖ ਮਾਰਗ ‘ਤੇ ਚੱਕਾ ਜਾਮ ਕਰਕੇ ਧਰਨਾ ਦਿੱਤਾ ਜਾਵੇਗਾ।
ਥਾਣਾ ਠੁੱਲੀਵਾਲ ਦੇ ਐੱਸਐੱਚਓ ਲਖਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਪਾਵਰਕੌਮ ਅਧਿਕਾਰੀ ਉਨ੍ਹਾਂ ਨੂੰ ਪੁਲੀਸ ਸੁਰੱਖਿਆ ਲਈ ਲਿਖਤੀ ਭੇਜਣਗੇ ਤਾਂ ਪੁਲੀਸ ਪਾਵਰਕੌਮ ਅਧਿਕਾਰੀਆਂ ਨਾਲ ਪਿੰਡ ਵਿੱਚ ਜਾਵੇਗੀ। ਦੂਜੇ ਪਾਸੇ ਸਬ ਡਵੀਜ਼ਨ ਠੁੱਲੀਵਾਲ ਦੇ ਐੱਸਡੀਓ ਸੱਤਪਾਲ ਸਿੰਘ ਨੇ ਕਿਹਾ ਕਿ ਮਹਿਕਮੇ ਵੱਲੋਂ ਭਲਕੇ ਸਵੇਰੇ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਪਿੰਡ ਦੀ ਪੰਚਾਇਤ ਅਤੇ ਮਜ਼ਦੂਰ ਜਥੇਬੰਦੀਆਂ ਨਾਲ ਸਾਂਝੀ ਮੀਟਿੰਗ ਕਰਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।