‘ਆਪ’ ਵਿਧਾਇਕ ਖ਼ਿਲਾਫ਼ ਭੜਕੇ ਮਜ਼ਦੂਰ; ਅਰਥੀਆਂ ਫੂਕੀਆਂ
ਜਸਵੀਰ ਸ਼ੇਤਰਾ
ਜਗਰਾਉਂ, 23 ਮਈ
ਪੇਂਡੂ ਮਜ਼ਦੂਰ ਯੂਨੀਅਨ ਨੇ ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਖ਼ਿਲਾਫ਼ ਸੰਘਰਸ਼ ਵਿੱਢ ਦਿੱਤਾ ਹੈ। ਇੱਥੋਂ ਨੇੜਲੇ ਪਿੰਡ ਸਿੱਧਵਾਂ ਕਲਾਂ ਤੋਂ ਇਸ ਦੀ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਅਰਥੀ ਫੂਕ ਮੁਜ਼ਾਹਰਾ ਕੀਤਾ ਤੇ ਭਲਕ ਤਕ ਵੱਖ-ਵੱਖ ਪਿੰਡਾਂ ’ਚ ਇਹ ਰੋਸ ਪ੍ਰਦਰਸ਼ਨ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਮਜ਼ਦੂਰ ਕਾਰਕੁਨਾਂ ਨੇ ਵਿਧਾਇਕ ਖ਼ਿਲਾਫ਼ ਦਲਿਤ ਅੱਤਿਆਚਾਰ ਰੋਕੂ ਐਕਟ ਤਹਿਤ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਇਲਾਵਾ ਝੂਠੇ ਕੇਸ ਦਰਜ ਕਰਕੇ ਪੁਲੀਸ ਵਲੋਂ ਜੇਲ੍ਹ ਭੇਜੇ ਮਜ਼ਦੂਰ ਬਿਨਾਂ ਸ਼ਰਤ ਰਿਹਾਅ ਕਰਨ ’ਤੇ ਜ਼ੋਰ ਦਿੱਤਾ ਗਿਆ। ਜਥੇਬੰਦੀ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਸੱਤਾਧਾਰੀ ਆਗੂਆਂ ਨੂੰ ਸਵਾਲ ਪੁੱਛਣ ਦੀ ਪੇਂਡੂ ਮਜ਼ਦੂਰਾਂ ਨੇ ਮੁਹਿੰਮ ਭਖਾਈ ਹੋਈ ਹੈ। ਇਸ ਤੋਂ ਬੌਖਲਾਹਟ ’ਚ ਆ ਕੇ ਹਲਕਾ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਦਲਿਤ ਮਜ਼ਦੂਰਾਂ ਦੀ ਆਵਾਜ਼ ਦਬਾਉਣ ਲਈ ਮਜ਼ਦੂਰ ਆਗੂ ਨਾਵਲ ਗਿੱਲ ਟਾਹਲੀ ਤੇ ਹੋਰਨਾਂ ਉੱਪਰ ਕਥਿਤ ਹਮਲਾ ਕੀਤਾ। ਸਵਾਲ ਪੁੱਛਣ ਵਾਲੇ ਮਜ਼ਦੂਰਾਂ ਨੂੰ ਡਿਊਟੀ ’ਚ ਵਿਘਨ ਪਾਉਣ ਤੇ ਝੂਠੇ ਕੇਸ ’ਚ ਜੇਲ੍ਹ ਭੇਜਿਆ ਗਿਆ ਹੈ। ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਸੱਤਾ ’ਚ ਆਉਣ ਤੋਂ ਪਹਿਲਾਂ ਕਿਹਾ ਕਰਦੇ ਸੀ ਕਿ ਹਾਕਮ ਪਾਰਟੀ ਨੂੰ ਆਮ ਲੋਕਾਂ ਵਲੋਂ ਸਵਾਲ ਪੁੱਛੇ ਜਾਣੇ ਚਾਹੀਦੇ ਹਨ ਪਰ ਹੁਣ ਖੁਦ ਹੀ ਅਜਿਹਾ ਹੋਣ ’ਤੇ ਉਹ ਤੇ ਉਨ੍ਹਾਂ ਦੇ ਸਾਥੀ ਮੰਤਰੀ ਅਤੇ ਵਿਧਾਇਕ ਸਹਿਣ ਨਹੀਂ ਕਰ ਰਹੇ। ਪੁਲੀਸ ਅਧਿਕਾਰੀ ਵੀ ਸਰਕਾਰ ਦੇ ਇਸ਼ਾਰੇ ’ਤੇ ਸਵਾਲ ਕਰਨ ਵਾਲਿਆਂ ਦੀ ਆਵਾਜ਼ ਜਬਰਨ ਦਬਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਐਸਸੀ/ਐਸਟੀ ਐਕਟ ਤਹਿਤ ਕੇਸ ਦਰਜ ਕੀਤਾ ਜਾਵੇ।
ਚੋਣ ਕਮਿਸ਼ਨ ਦੀ ਹੁਕਮ ਅਦੂਲੀ ਕਰਨ ਦੇ ਦੋਸ਼ ਲਾਏ
ਆਗੂਆਂ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਉਂਦੇ ਹੋਏ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਵਲੋਂ ਪਿੰਡ ਟਾਹਲੀ ਵਿਖੇ ਗੁਰਦੁਆਰਾ ਸਾਹਿਬ ਕੰਪਲੈਕਸ ਅੰਦਰ ਹਾਲ ’ਚ ਚੋਣ ਪ੍ਰਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਚੋਣ ਕਮਿਸ਼ਨ ਭਾਰਤ, ਮੁੱਖ ਚੋਣ ਕਮਿਸ਼ਨ ਪੰਜਾਬ, ਜ਼ਿਲ੍ਹਾ ਚੋਣ ਅਫ਼ਸਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਹੁਸ਼ਿਆਰਪੁਰ ਨੂੰ ਲਿਖਤੀ ਦਰਖ਼ਾਸਤ ਦੇਣ ਦੇ ਬਾਵਜੂਦ ਵਿਧਾਇਕ ਅਤੇ ਉਸ ਦੇ ਹਮਾਇਤੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।