ਵੱਖ ਵੱਖ ਵਿਰੋਧੀ ਪਾਰਟੀਆਂ ਦੇ ਵਰਕਰ ‘ਆਪ’ ਵਿੱਚ ਸ਼ਾਮਲ
ਖੇਤਰੀ ਪ੍ਰਤੀਨਿਧ
ਸਨੌਰ, 28 ਮਈ
ਵਿਧਾਨ ਹਲਕਾ ਸਨੌਰ ਦੇ ਪਿੰਡ ਕੋਟਲਾ ਵਿੱਚ ਅਕਾਲੀ ਆਗੂ ਤੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਭੋਲਾ ਵੱਲੋਂ ਕਰਵਾਏ ਗਏ ਚੋਣ ਪ੍ਰੋਗਰਾਮ ਦੌਰਾਨ ਅਕਾਲੀ, ਕਾਂਗਰਸੀ ਤੇ ਭਾਜਪਾਈ ਵਰਕਰਾਂ ਨੇ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਦੌਰਾਨ ਭਗਤ ਰਾਮੇਸ਼ਰ ਕਰਨਪੁਰ ਦੀ ਪ੍ਰੇਰਨਾ ਸਦਕਾ ‘ਆਪ’ ਵਿੱਚ ਸ਼ਾਮਲ ਹੋਏ ਭੋਲਾ ਦਾ ਵਿਧਾਇਕ ਹਰਮੀਤ ਪਠਾਣਮਾਜਰਾ ਨੇ ਸਿਰੋਪਾ ਦੇ ਕੇ ਸਨਮਾਨ ਕੀਤਾ।
ਪਠਾਣਮਾਜਰਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਕਿਸੇ ਨਾਲ ਵੀ ਭੇਦ-ਭਾਵ ਨਹੀਂ ਕਰਦੀ ਤੇ ਨਾ ਹੀ ਪਾਰਟੀਬਾਜ਼ੀ ਤਹਿਤ ਪਰਚੇ ਹੀ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਪਾਣੀ ਕਾਰਨ ਜਿੱਥੇ ਫਸਲਾਂ ਸਮੇਤ ਹੋਰ ਨੁਕਸਾਨ ਹੁੰਦਾ ਹੈ, ਉੱਥੇ ਪਾਣੀ ਦੀ ਨਿਕਾਸੀ ਲਈ ਪੁਲ਼ੀਆ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਚ ਪਿੰਡ ਵਾਸੀ ਆਪਣਾ ਸਰਪੰਚ ਖੁਦ ਚੁਣਨਗੇ ਕਿਸੇ ਨਾਲ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ‘ਆਪ’ ’ਚ ਸ਼ਾਮਲ ਹੋਏ ਸੁਖਵਿੰਦਰ ਭੋਲਾ ਸਮੇਤ ਵਿਧਾਇਕ ਨੇ ਜਸਪ੍ਰੀਤ ਸਿੰਘ ਬੱਤਾ, ਨਪਿੰਦਰ ਭਿੰਦਾ ਕਰਨਪੁਰ, ਸੁਖਵਿੰਦਰ ਸੁੱਖੀ ਬੱਤਾ, ਸੰਦੀਪ ਸਿੰਘ ਬਾਣੀਆ,ਜਸਵਿੰਦਰ ਕਾਕਾ ਬੱਤਾ,ਬਿੰਦਰ ਬੱਤੀ,ਮੇਜਰ ਕੋਟਲਾ, ਗੁਰਪਾਲ ਬੱਤੀ, ਗੁਰਸੇਬ ਬੱਤੀ ਸਮੇਤ ਹੋਰਾਂ ਦਾ ਵੀ ਸਨਮਾਨ ਕੀਤਾ।
ਪੰਚ-ਸਰਪੰਚ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ ਹੋਏ
ਭਵਾਨੀਗੜ੍ਹ (ਪੱਤਰ ਪ੍ਰੇਰਕ): ਇਲਾਕੇ ਦੇ ਕਈ ਸਰਪੰਚ, ਪੰਚ ਅਤੇ ਆਹੁਦੇਦਾਰਾਂ ਵੱਲੋਂ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਸੰਯੁਕਤ ਸਮਾਜ ਸੰਗਠਨ ਪੰਜਾਬ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਐੱਸਸੀ ਸੈੱਲ ਦੇ ਚਾਰ ਵਾਰ ਰਹੇ ਸੂਬਾ ਵਰਕਿੰਗ ਕਮੇਟੀ ਮੈਂਬਰ ਜਗਸੀਰ ਸਿੰਘ ਖੇੜੀ ਚੰਦਵਾਂ, ਭਾਜਪਾ ਦੇ ਐੱਸਸੀ ਵਿੰਗ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ, ਪਿੰਡ ਬੀਂਬੜ ਦੀ ਸਰਪੰਚ ਗੁਰਮੀਤ ਕੌਰ, ਸਾਬਕਾ ਅਕਾਲੀ ਸਰਪੰਚ ਸ਼ਾਲੂ ਰਾਮ, ਸੁਰਜੀਤ ਸਿੰਘ,ਹੰਸ ਰਾਜ ਸਮੇਤ ਸਮੁੱਚੀ ਪੰਚਾਇਤ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਵਿਧਾਇਕ ਭਰਾਜ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੀਤ ਹੇਅਰ ਦੇ ਹੱਕ ਵਿੱਚ ਲੋਕਾਂ ਦੇ ਕਾਫਲੇ ਵੱਧਦੇ ਜਾ ਰਹੇ ਹਨ।
ਸਨੌਰ ਹਲਕੇ ਦੀਆਂ ਕਈ ਔਰਤਾਂ ਪਰਿਵਾਰਾਂ ਸਮੇਤ ਭਾਜਪਾ ’ਚ ਸ਼ਾਮਲ
ਪਟਿਆਲਾ: ਸਨੌਰ ਤੋਂ ਭਾਜਪਾ ਦੇ ਹਲਕਾ ਇੰਚਾਰਜ ਬਿਕਰਮਜੀਤਇੰਦਰ ਸਿੰਘ ਚਹਿਲ ਦੀ ਅਗਵਾਈ ਹੇਠ ਅੱਜ ਸਨੌਰ ਹਲਕੇ ਨਾਲ ਸਬੰਧਤ ਵੱਖ ਵੱਖ ਪਾਰਟੀਆਂ ਦੀਆਂ ਕਈ ਔਰਤਾਂ ਨੇ ਮੋਤੀ ਬਾਗ ਪੈਲੇਸ ਪਹੁੰਚ ਕੇ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਜਿਨ੍ਹਾਂ ਦਾ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਨੇ ਭਰਵਾਂ ਸਵਾਗਤ ਕੀਤਾ। ਇਨ੍ਹਾਂ ਔਰਤਾਂ ਦੇ ਹਵਾਲੇ ਨਾਲ ਪ੍ਰਨੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਗਰੀਬ ਪਰਿਵਾਰਾਂ ਨੂੰ ਮਿਲਦੀ ਆਟਾ-ਦਾਲ ਸਕੀਮ ਵਿਚੋਂ ਕਈਆਂ ਦੇ ਨਾਮ ਹੀ ਕੱਟ ਦਿੱਤੇ ਹਨ। ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਦਵਾਈਆਂ ਵੀ ਨਹੀਂ ਮਿਲ ਰਹੀਆਂ। ‘ਆਪ’ ਨੇ ਔਰਤਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ। ਇਸ ਮੌਕੇ ਬਿਕਰਮਜੀਤਇੰਦਰ ਸਿੰਘ ਚਹਿਲ , ਮਨੀਸ਼ਾ ਗੁਲਾਟੀ, ਗਗਨ ਸ਼ੇਰਗਿਲ ਤੇ ਜਸਪਾਲ ਗਗਰੌਲੀ ਸਮੇਤ ਹੋਰ ਪ੍ਰਮੁੱਖ ਆਗੂ ਵੀ ਸ਼ਾਮਲ ਸਨ। -ਖੇਤਰੀ ਪ੍ਰਤੀਨਿਧ