ਕਿਰਤ ਕਮਿਸ਼ਨਰ ਦੇ ਦਫ਼ਤਰ ਅੱਗੇ ਗਰਜੇ ਪੰਜਾਬ ਭਰ ’ਚੋਂ ਆਏ ਮਜ਼ਦੂਰ
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ. ਨਗਰ (ਮੁਹਾਲੀ), 17 ਨਵੰਬਰ
ਸੀਟੂ ਦੀ ਪੰਜਾਬ ਇਕਾਈ ਵੱਲੋਂ ਦਿੱਤੇ ਸੱਦੇ ’ਤੇ ਅੱਜ ਪੰਜਾਬ ਭਰ ਤੋਂ ਆਏ ਮਜ਼ਦੂਰਾਂ ਨੇ ਕਿਰਤ ਕਮਿਸ਼ਨਰ ਦੇ ਮੁਹਾਲੀ ਸਥਿਤ ਦਫ਼ਤਰ ਅੱਗੇ ਰੋਸ ਰੈਲੀ ਕੀਤੀ। ਧਰਨੇ ਦੀ ਪ੍ਰਧਾਨਗੀ ਸੀਟੂ ਦੇ ਸੂਬਾਈ ਪ੍ਰਧਾਨ ਮਹਾਂ ਸਿੰਘ ਰੋੜੀ ਨੇ ਕੀਤੀ। ਧਰਨੇ ਵਿੱਚ ਕਿਰਤੀ ਔਰਤਾਂ, ਮਗਨਰੇਗਾ ਕਾਮਿਆਂ, ਨਿਰਮਾਣ ਮਜ਼ਦੂਰਾਂ, ਸਕੀਮ ਵਰਕਰਾਂ, ਭੱਠਾ ਤੇ ਉਦਯੋਗਿਕ ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਗਾਂ ਪੂਰੀਆਂ ਨਾ ਹੋਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਧਰਨੇ ਨੂੰ ਸੀਟੂ ਦੀ ਕੁੱਲ ਹਿੰਦ ਸਕੱਤਰ ਊਸ਼ਾ ਰਾਣੀ, ਸੂਬਾਈ ਜਨਰਲ ਸਕੱਤਰ ਚੰਦਰ ਸ਼ੇਖਰ, ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਸੁਭਾਸ਼ ਰਾਣੀ, ਮਨਰੇਗਾ ਆਗੂ ਸ਼ੇਰ ਸਿੰਘ ਫਰਵਾਹੀ, ਅਮਰਨਾਥ ਕੁੰਮਕਲਾਂ, ਗੁਰਨਾਮ ਸਿੰਘ ਘਨੌਰ, ਨਿਰਮਾਣ ਮਜ਼ਦੂਰਾਂ ਦੇ ਆਗੂ ਦਲਜੀਤ ਕੁਮਾਰ ਗੋਰਾ, ਭੱਠਾ ਮਜ਼ਦੂਰਾਂ ਦੇ ਆਗੂ ਗੁਰਦਰਸ਼ਨ ਸਿੰਘ, ਨਾਇਬ ਸਿੰਘ ਲੋਚਮਾਂ, ਜੋਗਿੰਦਰ ਸਿੰਘ ਔਲਖ, ਸੁਖਮਿੰਦਰ ਸਿੰਘ ਲੋਟੇ, ਪਰਮਜੀਤ ਸਿੰਘ ਨੀਲੋ, ਨਛੱਤਰ ਸਿੰਘ, ਹਨੂੰਮਾਨ ਪ੍ਰਸ਼ਾਦ, ਜਸਵੰਤ ਸਿੰਘ ਸੈਣੀ, ਗੁਰਦੀਪ ਸਿੰਘ ਮੁਹਾਲੀ ਤੇ ਸੁਰਿੰਦਰ ਕੌਰ ਸੀਮਾ ਨੇ ਸੰਬੋਧਨ ਕੀਤਾ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਗਿਆਰਾਂ ਸਾਲ ਤੋਂ ਘੱਟੋ-ਘੱਟ ਉਜਰਤਾਂ ਵਿੱਚ ਰੋਕਿਆ ਹੋਇਆ ਵਾਧਾ ਕਰਨ, ਮਜ਼ਦੂਰਾਂ ਦੇ ਅੱਠ ਘੰਟੇ ਦੀ ਥਾਂ 12 ਘੰਟੇ ਡਿਊਟੀ ਦਾ ਨੋਟੀਫਿਕੇਸ਼ਨ ਰੱਦ ਕਰਨ, ਸਕੀਮ ਵਰਕਰਾਂ ਨੂੰ ਗ੍ਰੈਚੁਇਟੀ ਦੇਣ, 3 ਤੋਂ ਛੇ ਸਾਲ ਦੇ ਬੱਚੇ ਆਂਗਣਵਾੜੀਆਂ ਵਿੱਚ ਭੇਜਣ ਆਦਿ ਮੰਗਾਂ ਦਾ ਜ਼ਿਕਰ ਕੀਤਾ। ਧਰਨਾਕਾਰੀਆਂ ਨੇ ਕਿਰਤ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੇ ਨਾਮ ਇਕ ਮੰਗ ਪੱਤਰ ਵੀ ਸੌਂਪਿਆ। ਉਨ੍ਹਾਂ 26 ਤੋਂ 28 ਨਵੰਬਰ ਤੱਕ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਵਲੋਂ ਕੀਤੇ ਜਾ ਰਹੇ ਮਹਾ ਪੜਾਵ ਸੰਘਰਸ਼ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਦਾ ਐਲਾਨ ਵੀ ਕੀਤਾ।