ਓਂਕਾਰ ਸਿੰਘ ਸਿੱਧੂ ਨੂੰ ਅਹੁਦੇ ਤੋਂ ਹਟਾਉਣ ਕਾਰਨ ਵਰਕਰ ਨਿਰਾਸ਼
ਬੀਰਬਲ ਰਿਸ਼ੀ
ਧੂਰੀ, 23 ਸਤੰਬਰ
ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਦਾ ਬਤੌਰ ਓਐਸਡੀ ਕੰਮ ਦੇਖਦੇ ਆ ਰਹੇ ਪ੍ਰੋ. ਓਂਕਾਰ ਸਿੰਘ ਸਿੱਧੂ ਨੂੰ ਦੀਆਂ ਪੰਚਾਇਤੀ ਚੋਣਾਂ ਤੋਂ ਐਨ ਪਹਿਲਾਂ ਓਐੱਸਡੀ ਵਜੋਂ ਅਹੁਦੇ ਤੋਂ ਹਟਾਉਣ ਕਾਰਨ ਹਲਕਾ ਧੂਰੀ ’ਚ ਪਾਰਟੀ ਆਗੂਆਂ ਤੇ ਵਰਕਰਾਂ ਵਿੱਚ ਨਿਰਾਸ਼ਾ ਦਾ ਆਲਮ ਹੈ। ਵਰਨਣਯੋਗ ਹੈ ਮੁੱਖ ਮੰਤਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਮਗਰੋਂ ਪ੍ਰੋ. ਸਿੱਧੂ ਹੀ ਹਲਕੇ ਦੇ ਲੋਕਾਂ ਨਾਲ ਸਿੱਧਾ ਰਾਬਤੇ ਵਿੱਚ ਸਨ। ਉਂਜ 24 ਸਤੰਬਰ ਨੂੰ ਹਲਕੇ ਦੇ ਪਾਰਟੀ ਆਗੂਆਂ ਤੇ ਵਰਕਰਾਂ ਨੇ ਮੁੱਖ ਮੰਤਰੀ ਨੂੰ ਚੰਡੀਗੜ੍ਹ ਜਾ ਕੇ ਮਿਲਣ ਫ਼ੈਸਲਾ ਲਿਆ ਹੈ।
ਇਸ ਸਬੰਧੀ ਜਦੋਂ ਖ਼ਬਰਾਂ ਮੀਡੀਆ ਵਿੱਚ ਆਈਆਂ ਤਾਂ ਉਦੋਂ ਓਂਕਾਰ ਸਿੰਘ ਪਿੰਡ ਈਸੜਾ ਵਿੱਚ ਦੂਜੀਆਂ ਪਾਰਟੀਆਂ ਦੇ ਕਾਰਕੁਨਾਂ ਨੂੰ ‘ਆਪ’ ਵਿੱਚ ਸ਼ਾਮਲ ਕਰਨ ਤੋਂ ਇਲਾਵਾ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਟੀਮ ਸਣੇ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਮਸ਼ਰੂਫ਼ ਸਨ। ਓਐਸਡੀ ਸ੍ਰੀ ਸਿੱਧੂ ਨੇ ਜਿੱਥੇ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਜਿੱਤ ਲਈ ਜ਼ਿਕਰਯੋਗ ਕੰਮ ਕੀਤਾ ਸੀ, ਉੱਥੇ ਪੂਰੇ ਹਲਕੇ ਅੰਦਰ ਕੀਤੇ ਜਾ ਰਹੇ ਵਿਕਾਸ ਕਾਰਜਾਂ, ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਤੋਂ ਇਲਾਵਾ ਲੋਕਾਂ ਦੇ ਦੁੱਖਾਂ ਸੁੱਖਾਂ ਵਿੱਚ ਸ਼ਾਮਲ ਹੋਣ ਕਾਰਨ ਰਾਜਸੀ ਹਲਕਿਆਂ ਵਿੱਚ ਉਨ੍ਹਾਂ ਦਾ ਕੱਦ ਕਾਫ਼ੀ ਵਧ ਰਿਹਾ ਸੀ। ਦੁਪਹਿਰ ਤੋਂ ਬਾਅਦ ਸ੍ਰੀ ਸਿੱਧੂ ਨਾਲ ਸੰਪਰਕ ਨਹੀਂ ਹੋ ਸਕਿਆ।