ਸੱਪ ਦੇ ਡੱਸਣ ਕਾਰਨ ਮਜ਼ਦੂਰ ਦੀ ਮੌਤ
ਪੱਤਰ ਪੇ੍ਰਕ
ਮਾਛੀਵਾੜਾ, 12 ਜੁਲਾਈ
ਹੜ੍ਹ ਦਾ ਪਾਣੀ ਜਿੱਥੇ ਲੋਕਾਂ ਦਾ ਮਾਲੀ ਨੁਕਸਾਨ ਕਰ ਰਿਹਾ ਹੈ ਉੱਥੇ ਮਨੁੱਖੀ ਜੀਵਨ ਲਈ ਘਾਤਕ ਸਾਬਿਤ ਹੋ ਰਿਹਾ ਹੈ। ਸਥਾਨਕ ਇੰਦਰਾ ਕਲੋਨੀ ਵਿਖੇ ਖੇਤਾਂ ਨੇੜੇ ਰਹਿੰਦੇ ਗਰੀਬ ਮਜ਼ਦੂਰ ਬਚਨ ਸਿੰਘ ਦੀ ਹੜ੍ਹ ਦੇ ਪਾਣੀ ਵਿਚ ਵਹਿ ਕੇ ਆਏ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਬਚਨ ਸਿੰਘ ਆਪਣੇ ਘਰ ਵਿਚ ਸੌਂ ਰਿਹਾ ਸੀ ਤਾਂ ਘਰ ਦੇ ਨੇੜੇ ਹੀ ਖੇਤਾਂ ਵਿਚ ਦੋ ਦਨਿ ਤੋਂ ਹੜ੍ਹ ਦਾ ਪਾਣੀ ਵੀ ਆਇਆ ਸੀ। ਇਸ ਪਾਣੀ ’ਚੋਂ ਆਏ ਸੱਪ ਨੇ ਬਚਨ ਸਿੰਘ ਨੂੰ ਡੰਗ ਮਾਰ ਦਿੱਤਾ ਜਿਸ ਨੂੰ ਤੁਰੰਤ ਮਾਛੀਵਾੜਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬਚਨ ਸਿੰਘ ਦੀ ਮੌਤ ਦਾ ਕਾਰਨ ਸੂਏ ਤੋੜ ਕੇ ਹੜ੍ਹ ਦਾ ਪਾਣੀ ਵਿਚ ਆਏ ਜ਼ਹਿਰੀਲੇ ਜਾਨਵਰ ਹਨ। ਉਨ੍ਹਾਂ ਕਿਹਾ ਕਿ ਇਹ ਬਰਸਾਤੀ ਪਾਣੀ ਹੋਰਨਾਂ ਲੋਕਾਂ ਲਈ ਵੀ ਘਾਤਕ ਸਾਬਿਤ ਹੋ ਸਕਦਾ ਹੈ, ਇਸ ਲਈ ਸਰਕਾਰ ਇਸ ਦਾ ਨਿਕਾਸੀ ਦਾ ਤੁਰੰਤ ਪ੍ਰਬੰਧ ਕਰੇ। ਦੂਸਰੇ ਪਾਸੇ ਇੰਦਰਾ ਕਲੋਨੀ ਵਾਸੀਆਂ ਨੇ ਦੱਸਿਆ ਕਿ ਬਚਨ ਸਿੰਘ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਸਰਕਾਰ ਉਸ ਦੀ ਮੌਤ ’ਤੇ ਪਰਿਵਾਰ ਨੂੰ ਵੱਧ ਤੋਂ ਵੱਧ ਆਰਥਿਕ ਸਹਾਇਤਾ ਦੇਵੇ।