ਤਹਿਸੀਲਦਾਰਾਂ ਦੀ ਹੜਤਾਲ ਕਾਰਨ ਕੰਮਕਾਰ ਠੱਪ
ਜੋਗਿੰਦਰ ਸਿੰਘ ਮਾਨ
ਮਾਨਸਾ, 29 ਨਵੰਬਰ
ਵਿਜੀਲੈਂਸ ਵਿਭਾਗ ਵੱਲੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤੇ ਗਏ ਤਪਾ ਦੇ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਦੇ ਹੱਕ ਵਿੱਚ ਦਿ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੇ ਸੱਦੇ ’ਤੇ ਕੀਤੀ ਗਈ ਹੜਤਾਲ ਕਾਰਨ ਅੱਜ ਸਾਰਾ ਦਿਨ ਆਮ ਲੋਕਾਂ ਨੂੰ ਕਚਹਿਰੀਆਂ ਵਿੱਚ ਖੱਜਲ-ਖੁਆਰ ਹੋਣਾ ਪਿਆ। ਐਸੋਸੀਏਸ਼ਨ ਨੇ ਵਿਜੀਲੈਂਸ ਕਾਰਵਾਈ ਨੂੰ ਗ਼ਲਤ ਦੱਸਦਿਆਂ ਝੂਠਾ ਅਤੇ ਬਦਲਾ ਲਊ ਭਾਵਨਾ ਵਾਲੀ ਕਾਰਵਾਈ ਦੱਸਿਆ ਹੈ। ਤਹਿਸੀਲਦਾਰਾਂ ਦੀ ਇਸ ਹੜਤਾਲ ਕਾਰਨ ਕਚਹਿਰੀਆਂ ਵਿੱਚ ਜਇਦਾਦਾਂ ਦੀਆਂ ਰਜਿਸਟਰੀਆਂ ਬੰਦ ਹੋਣ ਦੇ ਨਾਲ-ਨਾਲ ਜਾਇਦਾਦਾਂ ਦੇ ਇੰਤਕਾਲ, ਜ਼ਮੀਨ ਤਬਾਦਲੇ, ਵਿਦਿਆਰਥੀਆਂ ਦੇ ਅਨੇਕਾਂ ਕਿਸਮ ਦੇ ਸਰਟੀਫਿਕੇਟ ਸਮੇਤ ਅਨੇਕਾਂ ਹੋਰ ਕਾਰਜ ਅੱਧ-ਵਿਚਲੇ ਲਟਕ ਗਏ ਹਨ। ਮਾਨਸਾ ਦੇ ਨਾਇਬ ਤਹਿਸੀਲਦਾਰ ਚਤਵਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਕਲਮ ਛੋੜ ਹੜਤਾਲ ਰੱਖੀ ਗਈ ਸੀ ਅਤੇ ਡੀਜੀਪੀ ਵਿਜੀਲੈਂਸ ਦਫ਼ਤਰ ਮੁਹਾਲੀ ’ਚ ਧਰਨਾ ਦਿੱਤਾ ਗਿਆ ਪਰ ਇਸ ਮਾਮਲੇ ’ਚ ਮੀਟਿੰਗ ਦੌਰਾਨ ਵੀ ਕੋਈ ਗੱਲ ਸਿਰੇ ਨਹੀਂ ਚੜ੍ਹੀ ਹੈ। ਉਨ੍ਹਾਂ ਕਿਹਾ ਕਿ ਤਹਿਸੀਲਦਾਰ ਨੂੰ ਗਲਤ ਸਾਜਿਸ਼ ਅਧੀਨ ਫਸਾਇਆ ਜਾ ਰਿਹਾ ਹੈ।
ਹੜਤਾਲੀ ਤਹਿਸੀਲਦਾਰਾਂ ਨੂੰ ਮੁਅੱਤਲ ਕਰ ਕੇ ਨਵੀਂ ਭਰਤੀ ਕਰੇ ਸਰਕਾਰ: ਰੁਲਦੂ ਸਿੰਘ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਦੇ ਹੱਕ ਵਿੱਚ ਉਤਰਕੇ ਹੜਤਾਲ ਕਰਨ ਵਾਲੇ ਸਾਰੇ ਤਹਿਸੀਲਦਾਰਾਂ ਖਿਲਾਫ਼ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕੰਮਾਂ-ਕਾਜਾਂ ਨੂੰ ਪ੍ਰਭਾਵਤ ਕਰਨ ਵਾਲੇ ਤਹਿਸੀਲਦਾਰਾਂ ਖਿਲਾਫ਼ ਸਰਕਾਰੀ ਕੰਮ-ਕਾਜ ਵਿੱਚ ਵਿਘਨ ਪਾਉਣ ਦਾ ਪਰਚਾ ਦਰਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਇਦਾਦਾਂ ਦੀਆਂ ਰਜਿਸਟਰੀਆਂ ਰੁਕਣ ਨਾਲ ਆਮ ਲੋਕਾਂ ਦੀ ਖੱਜਲ-ਖੁਆਰੀ ਵੱਧਣ ਦੇ ਨਾਲ-ਨਾਲ ਸਰਕਾਰੀ ਖਜ਼ਾਨਾ ਪ੍ਰਭਾਵਤ ਹੋਣ ਲੱਗਿਆ ਹੈ, ਕਿਉਂਕਿ ਰਜਿਸਟਰੀਆਂ ਸਮੇਂ ਲੋਕਾਂ ਨੇ ਸਰਕਾਰੀ ਅਸ਼ਟਾਮ ਖਰੀਦਕੇ ਫੀਸ ਦੇ ਰੂਪ ’ਚ ਪੈਸੇ ਭਰਨੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਹੜਤਾਲੀ ਤਹਿਸੀਲਦਾਰਾਂ ਖਿਲਾਫ਼ ਕਾਰਵਾਈ ਕਰਕੇ ਤੁਰੰਤ ਨਵੇਂ ਤਹਿਸੀਲਦਾਰ ਭਰਤੀ ਕਰੇ।
ਤਪਾ ਤਹਿਸੀਲ ਦਫ਼ਤਰ ਨੂੰ ਵਿਜੀਲੈਂਸ ਤੇ ਮਾਲ ਵਿਭਾਗ ਨੇ ਲਾਏ ਤਾਲੇ
ਤਪਾ ਮੰਡੀ (ਪੱਤਰ ਪ੍ਰੇਰਕ): ਤਹਿਸੀਲ ਤਪਾ ’ਚ ਬੀਤੇ ਦਿਨੀਂ ਵਿਜੀਲੈਂਸ ਨੇ ਛਾਪੇ ਤੋਂ ਬਾਅਦ ਤਹਿਸੀਲ ਦਫ਼ਤਰ ਨੂੰ ਤਾਲਾ ਲਾ ਦਿੱਤਾ ਸੀ ਪਰ ਅੱਜ ਮਾਲ ਵਿਭਾਗ ਨੇ ਵਿਜੀਲੈਂਸ ਵਿਭਾਗ ਦੇ ਤਾਲੇ ’ਤੇੇ ਆਪਣਾ ਤਾਲਾ ਵੀ ਲਾ ਦਿੱਤਾ। ਕਿਸਾਨ ਇਸ ਕਾਰਵਾਈ ਦੇ ਪੱਖ ਵਿੱਚ ਹਨ ਜਦਕਿ ਤਹਿਸੀਲਦਾਰ ਵਿਰੋਧ ਕਰ ਰਹੇ ਹਨ।