ਸਹਿਕਾਰੀ ਸੇਵਾਵਾਂ ਸੁਸਾਇਟੀਆਂ ’ਚ ਕੰਮ ਠੱਪ
ਬੀਰਬਲ ਰਿਸ਼ੀ
ਸ਼ੇਰਪੁਰ, 25 ਨਵੰਬਰ
ਪੰਜਾਬ ਰਾਜ ਸਹਿਕਾਰੀ ਸੇਵਾਵਾਂ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਬਹਾਦਰ ਸਿੰਘ ਬੈਂਸ ਨੇ ਦੱਸਿਆ ਕਿ ਭੂਦਨ ਕੋਆਪਰੇਟਿਵ ਸੁਸਾਇਟੀ ਦੇ ਸੈਕਟਰੀ ’ਤੇ ਪੁਲੀਸ ਤਸ਼ੱਦਦ ਵਿਰੁੱਧ ਜ਼ਿਲ੍ਹਾ ਸੰਗਰੂਰ ਤੇ ਮਾਲੇਰਕੋਟਲਾਂ ਦੀਆਂ ਸੁਸਾਇਟੀਆਂ 25 ਤੇ 26 ਨਵੰਬਰ ਨੂੰ ਬੰਦ ਰੱਖਣ ਦੇ ਸੱਦੇ ’ਤੇ ਅੱਜ ਪਹਿਲੇ ਦਿਨ ਦੋਵੇਂ ਜ਼ਿਲ੍ਹਿਆਂ ਵਿੱਚ ਸਹਿਕਾਰੀ ਸੇਵਾਵਾਂ ਪੂਰੀ ਤਰਾਂ ਬੰਦ ਰਹੀਆਂ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਕੇ ਤੁਰੰਤ ਹੱਲ ਨਾ ਕੀਤਾ ਤਾਂ ਜਥੇਬੰਦੀ ਡਵੀਜ਼ਨ ਪੱਧਰ ਤੋਂ ਸਿੱਧਾ ਪੰਜਾਬ ਪੱਧਰ ’ਤੇ ਸੁਸਾਇਟੀਆਂ ਦਾ ਕੰਮ-ਕਾਰ ਬੰਦ ਕਰਨ ਲਈ ਮਜਬੂਰ ਹੋਵੇਗੀ। ਇੱਕ ਵੱਖਰੇ ਬਿਆਨ ਰਾਹੀਂ ਸਹਿਕਾਰੀ ਸਭਾਵਾਂ ਦੀਆਂ ਚੁਣੀਆਂ ਹੋਈਆਂ ਕਮੇਟੀਆਂ ਦੇ ਤਿੰਨ ਜ਼ਿਲ੍ਹਿਆਂ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਅਧਾਰਤ ਜ਼ੋਨ ਦੀ ਨੁਮਾਇੰਦਗੀ ਕਰਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਅੱਜ ਸਮੂਹ ਕਮੇਟੀਆਂ ਨੂੰ ਸੈਕਟਰੀਆਂ ਦੇ 27 ਨਵੰਬਰ ਨੂੰ ਮਾਲੇਰਕੋਟਲਾ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦਾ ਡਟ ਕੇ ਸਮਰਥਨ ਦੇਣ ਲਈ ਇੱਕ ਆਡੀਓ ਜਾਰੀ ਕੀਤੀ ਹੈ। ਇਸੇ ਤਰ੍ਹਾਂ ਨਹਿਰੀ ਪਾਣੀ ਪ੍ਰਾਪਤ ਸੰਘਰਸ਼ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਸੈਕਟਰੀਆਂ ਦੇ ਸੰਘਰਸ਼ ਨੂੰ ਸਰਗਰਮ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਭੂਦਨ ਦੇ ਸੈਕਟਰੀ ਨੂੰ ਘਰੋਂ ਚੁੱਕਣ, ਕੈਮਰੇ ਭੰਨਣ, ਡੀਵੀਆਰ ਆਪਣੇ ਕਬਜ਼ੇ ‘ਚ ਲੈ ਕੇ ਨਿਯਮਾਂ ਦੀ ਕਥਿਤ ਉਲੰਘਣਾ ਕਰਦਿਆਂ ਆਪਣੇ ਅਧਿਕਾਰਤ ਖੇਤਰ ਤੋਂ ਬਾਹਰ ਜਾ ਕੇ ਇਸ ਕੰਮ ਨੂੰ ਅੰਜ਼ਾਮ ਦੇਣ ਵਿਰੁੱਧ ਤੁਰੰਤ ਮੁਅੱਤਲ ਕਰਕੇ ਪਰਚਾ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ 27 ਨਵੰਬਰ ਦੇ ਧਰਨੇ ’ਚ ਅਕਾਲੀ ਆਗੂ ਵਰਕਰਾਂ ਦੀ ਸ਼ਮੂਲੀਅਤ ਕਰਵਾਉਣ ਦਾ ਦਾਅਵਾ ਕੀਤਾ।