ਮਾਜਰੀ ਤੋਂ ਡਾਢੀ ਤੱਕ ਬਿਜਲੀ ਲਾਈਨ ਪਾਊਣ ਦਾ ਕੰਮ ਸ਼ੁਰੂ
ਜਗਮੋਹਨ ਸਿੰਘ
ਘਨੌਲੀ, 27 ਜੁਲਾਈ
ਪਿੰਡ ਮਾਜਰੀ ਗੁੱਜਰਾਂ ਤੋਂ ਲੈ ਕੇ ਪਿੰਡ ਡਾਢੀ ਤੱਕ ਪੈਂਦੇ ਲਗਪਗ 18 ਪਿੰਡਾਂ ਦੇ ਵਸਨੀਕਾਂ ਨੂੰ ਲੰਮੇ ਸਮੇਂ ਤੋਂ ਪੇਸ਼ ਆ ਰਹੀ ਬਿਜਲੀ ਦੀ ਘੱਟ ਵੋਲਟੇਜ ਦੀ ਸਮੱਸਿਆ ਦਾ ਹੁਣ ਖਾਤਮਾ ਹੋਵੇਗਾ।
ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਉਚੇਚੇ ਯਤਨਾਂ ਸਦਕਾ ਮਹਿਕਮਾ ਪਾਵਰਕੌਮ ਵੱਲੋਂ ਹੁਣ ਪੰਡਿਤ ਦੀਨ ਦਿਆਲ ਉਪਾਧਿਆਏ ਗਰਾਮੀਣ ਜਯੋਤੀ ਯੋਜਨਾ ਤਹਿਤ ਪਿੰਡ ਮਾਜਰੀ ਤੋਂ ਲੈ ਕੇ ਪਿੰਡ ਡਾਢੀ ਤੱਕ 71 ਕਿਲੋਮੀਟਰ ਲੰਮੀ ਲਾਈਨ ਦੀ ਉਸਾਰੀ ਕੀਤੀ ਜਾ ਰਹੀ ਹੈ। ਐੱਸਡੀਓ ਪ੍ਰਭਾਤ ਸ਼ਰਮਾ ਸਹਾਇਕ ਇੰਜਨੀਅਰ ਸੰਚਾਲਨ ਉਪ ਮੰਡਲ ਕੀਰਤਪੁਰ ਸਾਹਿਬ ਤੇ ਜੇਈ ਕਰਮਜੀਤ ਸਿੰਘ ਨੇ ਦੱਸਿਆ ਕਿ 4 ਕਰੋੜ 91 ਲੱਖ ਰੁਪਏ ਦੀ ਇਸ ਯੋਜਨਾ ਦਾ ਪਿੰਡ ਮਾਜਰੀ, ਆਲੋਵਾਲ, ਕੋਟਬਾਲਾ, ਅਵਾਨਕੋਟ, ਹਿੰਮਤਪੁਰ, ਖਰੋਟਾ, ਬੇਲੀ, ਆਸਪੁਰ, ਕੀਮਤਪੁਰ,ਛੋਟੀ ਝੱਖੀਆਂ, ਬੱਲ, ਹਜ਼ਾਰਾ, ਪ੍ਰਿਥੀਪੁਰ ਬੁੰਗਾ, ਬੁੰਗਾ ਸਾਹਿਬ, ਹਰਦੋਨਮੋਹ, ਡਾਢੀ ਆਦਿ ਪਿੰਡਾਂ ਨੂੰ ਫਾਇਦਾ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਭਰਤਗੜ੍ਹ ਨੇੜੇ ਲਗਪਗ ਢਾਈ ਕਿਲੋਮੀਟਰ ਲਾਈਨ ਜੰਗਲੀ ਖੇਤਰ ਵਿੱਚੋਂ ਗੁਜ਼ਰਦੀ ਸੀ, ਜਿਸ ਕਰਕੇ ਇਸ ਜੰਗਲੀ ਖੇਤਰ ਵਿੱਚ ਪਿਆ ਨੁਕਸ ਲੱਭਣ ਲਈ ਕਈ ਵਾਰੀ ਕਾਫੀ ਸਮਾਂ ਲੱਗ ਜਾਂਦਾ ਸੀ ਅਤੇ ਲੋਕਾਂ ਨੂੰ ਲੰਬੇ ਕੱਟਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਹੁਣ ਜਿੱਥੇ ਨਵੀਂ ਲਾਈਨ ਜੰਗਲੀ ਖੇਤਰ ਤੋਂ ਬਾਹਰਲੇ ਪਾਸੇ ਕੱਢੀ ਜਾ ਰਹੀ ਹੈ, ਉੱਥੇ ਹੀ ਹਰ ਪਿੰਡ ਵਿੱਚ ਚਾਰ ਚਾਰ ਨਵੇਂ ਟਰਾਂਸਫਾਰਮਰ ਵੀ ਰੱਖੇ ਜਾ ਰਹੇ ਹਨ, ਜਿਸ ਕਰਕੇ ਹੁਣ ਇਨ੍ਹਾਂ ਪਿੰਡਾਂ ਦੀ ਵੋਲਟੇਜ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ ਅਤੇ ਲੋਕਾਂ ਨੂੰ ਬੇਲੋੜੇ ਬਿਜਲੀ ਕੱਟਾਂ ਤੋਂ ਵੀ ਨਿਜਾਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਲਾਈਨ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਪ੍ਰਾਜੈਕਟ ਮੁੰਕਮਲ ਹੋ ਜਾਣ ਮਗਰੋਂ ਇਸ ਇਲਾਕੇ ਦੇ ਵਸਨੀਕਾਂ ਨੂੰ ਬਿਜਲੀ ਸਪਲਾਈ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਲਾਈਨ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਮੌਕੇ ਹਾਜ਼ਰ ਪਿੰਡ ਆਸਪੁਰ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ, ਨੰਬਰਦਾਰ ਗੁਰਮੁੱਖ ਸਿੰਘ ਮਾਜਰੀ, ਨੰਬਰਦਾਰ ਰਾਮ ਕਿਸ਼ਨ ਅਤੇ ਕੁਲਦੀਪ ਸਿੰਘ ਤੋਂ ਇਲਾਵਾ ਇਸ ਇਲਾਕੇ ਦੇ ਜਿ਼ਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਪੁਰੀ ਭਰਤਗੜ ਨੇ ਇਨ੍ਹਾਂ ਪਿੰਡਾਂ ਲਈ ਇਹ ਪ੍ਰਾਜੈਕਟ ਲਿਆਉਣ ਸਬੰਧੀ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।