ਦਸ ਸਾਲ ਵਿੱਚ ਕੀਤਾ ਕੰਮ ਸਿਰਫ਼ ਸਟਾਰਟਰ, ਮੇਨ ਕੋਰਸ ਆਉਣਾ ਬਾਕੀ: ਮੋਦੀ
ਜੈਪੁਰ, 5 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਸ ਸਾਲਾਂ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਸਿਰਫ਼ ਸਟਾਰਟਰ (ਖਾਣੇ ਤੋਂ ਪਹਿਲਾਂ ਭੁੱਖ ਵਧਾਉਣ ਲਈ ਪਰੋਸੇ ਜਾਂਦੇ ਵਿਅੰਜਨ) ਦੱਸਦਿਆਂ ਕਿਹਾ ਕਿ ਮੇਨ ਕੋਰਸ (ਮੁੱਖ ਭੋਜਨ) ਆਉਣਾ ਅਜੇ ਬਾਕੀ ਹੈ। ਚੁਰੂ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦੋਸ਼ ਲਾਇਆ ਕਿ ਕਾਂਗਰਸ ਫ਼ੌਜ ਦਾ ਅਪਮਾਨ ਕਰ ਰਹੀ ਹੈ ਅਤੇ ਲੋਕਾਂ ਨੂੰ ਵੰਡ ਰਹੀ ਹੈ ਅਤੇ ਇਹੀ ਵਿਰੋਧੀ ਪਾਰਟੀ ਦੀ ਪਛਾਣ ਹੈ। ਉਹ ਪਿਛਲੇ ਤਿੰਨ ਦਿਨਾਂ ਵਿੱਚ ਰਾਜਸਥਾਨ ’ਚ ਆਪਣੀ ਦੂਜੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਹੁਣ ਇਕ ‘ਨਵਾਂ ਭਾਰਤ’ ਹੈ ਜੋ ਕਿ ਦੁਸ਼ਮਣ ਦੇ ਇਲਾਕੇ ਵਿੱਚ ਵੜ ਕੇ ਹਮਲਾ ਕਰਦਾ ਹੈ। ਭਾਰਤੀ ਫ਼ੌਜ ਵੱਲੋਂ ਕੀਤੇ ਗਏ ਹਵਾਈ ਹਮਲੇ ਅਤੇ ਸਰਜੀਕਲ ਸਟਰਾਈਕ ਵੱਲ ਇਸ਼ਾਰਾ ਕਰਦੇ ਹੋਏ ਮੋਦੀ ਨੇ ਕਿਹਾ, ‘‘ਇਹ ਨਵਾਂ ਭਾਰਤ ਘਰ ਵਿੱਚ ਵੜ ਕੇ ਮਾਰਦਾ ਹੈ।’’ ਉਨ੍ਹਾਂ ਕਿਹਾ ਕਿ ਅੱਜ ਦੁਸ਼ਮਣ ਵੀ ਜਾਣਦਾ ਹੈ ਕਿ ਇਹ ਮੋਦੀ ਹੈ, ਇਹ ਨਵਾਂ ਭਾਰਤ ਹੈ। ਉਨ੍ਹਾਂ ਕਿਹਾ, ‘‘ਇਹ ਕੋਈ ਮਾਇਨਾ ਨਹੀਂ ਰੱਖਦਾ ਕਿ ਕਿੰਨਾ ਹੋਇਆ, ਜੋ ਕੁਝ ਹੁਣ ਤੱਕ ਹੋਇਆ ਉਹ ਇਕ ਟਰੇਲਰ ਹੈ। ਹੁਣ ਤੱਕ ਮੋਦੀ ਨੇ ਜੋ ਕੁਝ ਕੀਤਾ, ਇਹ ਸਿਰਫ਼ ਸਟਾਰਟਰ ਸੀ ਅਤੇ ਮੇਨ ਕੋਰਸ ਆਉਣਾ ਅਜੇ ਬਾਕੀ ਹੈ। ਹੁਣੇ ਹੋਰ ਬਹੁਤ ਕੁਝ ਕਰਨਾ ਬਾਕੀ ਹੈ...ਅਜੇ ਹੋਰ ਬਹੁਤ ਸਾਰੇ ਸੁਫ਼ਨੇ ਹਨ। ਸਾਨੂੰ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ।’’
ਕਾਂਗਰਸ ’ਤੇ ਹਮਲਾ ਕਰਦਿਆਂ ਮੋਦੀ ਨੇ ਕਿਹਾ ਕਿ ਜਦੋਂ ਭਾਜਪਾ ਨੇ ਸੱਤਾ ਸੰਭਾਲੀ ਉਸ ਵੇਲੇ ਦੇਸ਼ ਦੀ ਹਾਲਤ ਬਹੁਤ ਮਾੜੀ ਸੀ। ਉਨ੍ਹਾਂ ਕਿਹਾ, ‘‘ਕਾਂਗਰਸ ਦੇ ਵੱਡੇ ਘੁਟਾਲਿਆਂ ਅਤੇ ਲੁੱਟ ਕਰ ਕੇ ਅਰਥਚਾਰਾ ਢਹਿ ਗਿਆ ਸੀ। ਵਿਸ਼ਵ ਵਿੱਚ ਭਾਰਤ ਦਾ ਵੱਕਾਰ ਘੱਟ ਰਿਹਾ ਸੀ...ਆਜ਼ਾਦੀ ਤੋਂ ਬਾਅਦ ਐਨੇ ਦਹਾਕੇ ਲੰਘਣ ਦੇ ਬਾਵਜੂਦ ਲੋਕ ਜੀਵਨ ਦੀਆਂ ਮੁੱਢਲੀਆਂ ਲੋੜਾਂ ਵਾਸਤੇ ਸੰਘਰਸ਼ ਕਰ ਰਹੇ ਸਨ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਲੋਕ ਸੋਚਦੇ ਸਨ ਕਿ ਕੁਝ ਨਹੀਂ ਬਦਲ ਸਕਦਾ, ਹਰੇਕ ਕੋਈ ਨਿਰਾਸ਼ਾ ਵਿੱਚ ਡੁੱਬਿਆ ਹੋਇਆ ਸੀ। ਇਸ ਨਿਰਾਸ਼ਾ ਵਿਚਾਲੇ 2014 ਵਿੱਚ ਤੁਸੀਂ ਇਕ ਗਰੀਬ ਦੇ ਪੁੱਤਰ ਨੂੰ ਸੇਵਾ ਦਾ ਇਕ ਮੌਕਾ ਦਿੱਤਾ। ਮੋਦੀ ਦੇ ਨੇੜੇ ਨਿਰਾਸ਼ਾ ਕਦੇ ਨਹੀਂ ਆ ਸਕਦੀ। ਮੈਂ ਹਾਲਾਤ ਬਦਲਣ ਦਾ ਫੈਸਲਾ ਲਿਆ।’’ ਮੋਦੀ ਨੇ ਅਯੁੱਧਿਆ ਰਾਮ ਮੰਦਰ ਦੇ ਮੁੱਦੇ ’ਤੇ ਕਾਂਗਰਸ ਦੇ ਸਟੈਂਡ ਲਈ ਵਿਰੋਧੀ ਪਾਰਟੀ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਦਾਅਵਾ ਕੀਤਾ, ‘‘ਹੁਣੇ ਜਿਹੇ ਪੱਤਰਕਾਰ ਕਹਿ ਰਹੇ ਸਨ ਕਿ ਕਾਂਗਰਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਉਹ ਐਨੇ ਡਰੇ ਹੋਏ ਹਨ ਕਿ ਉਨ੍ਹਾਂ ਨੇ ਕਾਂਗਰਸ ਇਕਾਈਆਂ ਨੂੰ ਅਯੁੱਧਿਆ ਰਾਮ ਮੰਦਰ ਸਬੰਧੀ ਚਰਚਾ ਦੌਰਾਨ ਆਪੋ-ਆਪਣਾ ਮੂੰਹ ਬੰਦ ਰੱਖਣ ਲਈ ਕਿਹਾ ਹੈ।’’ -ਪੀਟੀਆਈ
ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ‘ਇੰਡੀਆ’ ਨੂੰ ਲੰਮੇ ਹੱਥੀਂ ਿਲਆ
ਰੈਲੀ ਦੌਰਾਨ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ’ਤੇ ਨਿਸ਼ਾਨਾ ਸੇਧਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘‘ਮੈਂ ਕਹਿੰਦਾ ਹਾਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟ ਦਿਓ, ਉਹ ਕਹਿੰਦੇ ਹਨ ਭ੍ਰਿਸ਼ਟਾਚਾਰ ਬਚਾਓ। ਘਮੰਡੀ ਗੱਠਜੋੜ ਦੇ ਲੋਕ ਰੈਲੀਆਂ ਚੋਣਾਂ ਲਈ ਨਹੀਂ ਬਲਕਿ ਭ੍ਰਿਸ਼ਟਾਚਾਰ ਨੂੰ ਬਚਾਉਣ ਲਈ ਕਰ ਰਹੇ ਹਨ।’’ ਇਸ ਰੈਲੀ ਨੂੰ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਚੁਰੂ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਦੇਵੇਂਦਰ ਝਾਝੜੀਆ ਨੇ ਵੀ ਸੰਬੋਧਨ ਕੀਤਾ।