ਬਾਜ਼ਾਰ ਵਿੱਚੋਂ ਨਾਜਾਇਜ਼ ਕਬਜ਼ੇ ਹਟਾਉਣ ਦਾ ਕੰਮ ਸ਼ੁਰੂ
ਦਵਿੰਦਰ ਸਿੰਘ ਭੰਗੂ
ਰਈਆ, 20 ਮਈ
ਪੰਜਾਬ-ਹਰਿਆਣਾ ਹਾਈ ਕੋਰਟ ਦੇ ਜਸਟਿਸ ਹਰਸ਼ ਬੰਗੜ ਨੇ ਸੁਣਵਾਈ ਦੌਰਾਨ ਡਿਪਟੀ ਕਮਿਸ਼ਨਰ (ਅੰਮ੍ਰਿਤਸਰ), ਉਪ ਮੰਡਲ ਮਜਿਸਟਰੇਟ ਬਾਬਾ ਬਕਾਲਾ ਨੂੰ ਕੇਸ ਦੀ ਸੁਣਵਾਈ ਦੌਰਾਨ ਬਾਬਾ ਬਕਾਲਾ ਬਾਜ਼ਾਰ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ 22 ਮਈ ਤੱਕ ਹਟਾਉਣ ਸਬੰਧੀ ਹੁਕਮ ਜਾਰੀ ਕੀਤੇ ਗਏ। ਇਸ ਤਹਿਤ ਪ੍ਰਸ਼ਾਸਨ ਵੱਲੋਂ ਇੱਥੋਂ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਬਲਕਾਰ ਸਿੰਘ ਵਾਸੀ ਬਾਬਾ ਬਕਾਲਾ ਵੱਲੋਂ ਆਪਣੇ ਵਕੀਲ ਰਾਹੀਂ ਪੰਜਾਬ ਸਰਕਾਰ ਨੂੰ ਧਿਰ ਬਣਾ ਕੇ ਸਿਵਲ ਰਿੱਟ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਾਈ ਗਈ ਸੀ ਜਿਸ ਵਿੱਚ ਤਪ ਅਸਥਾਨ ਬਾਬਾ ਬਕਾਲਾ ਸਾਹਿਬ ਨੂੰ ਆਉਂਦੀ ਮੇਨ ਸੜਕ ਤੇ ਦੋਵੇਂ ਪਾਸੇ ਦੁਕਾਨਦਾਰਾ ਵੱਲੋਂ ਨਾਜਾਇਜ਼ ਕਬਜ਼ੇ ਕਰਕੇ ਸੜਕ ਘੇਰਨ ਬਾਰੇ ਦੱਸਿਆ ਗਿਆ ਸੀ। ਦੂਸਰੇ ਪਾਸੇ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਅਦਾਲਤੀ ਹੁਕਮਾਂ ਦੀ ਉਲੰਘਣਾ ਤੋਂ ਬਚਣ ਲਈ ਦੁਕਾਨਾਂ ਦੇ ਬਾਹਰ ਲੱਗੇ ਹੋਏ ਛੱਪੜ ਹਟਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਪਰ ਵੱਡੀ ਗਿਣਤੀ ਵਿੱਚ ਨਾਜਾਇਜ਼ ਕਬਜ਼ੇ ਅਜੇ ਵੀ ਮੌਜੂਦ ਹਨ।
ਇਸ ਸਬੰਧੀ ਪਟੀਸ਼ਨਰ ਬਲਕਾਰ ਸਿੰਘ ਨੇ ਦੱਸਿਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਨਗਰ ਪੰਚਾਇਤ ਅਧਿਕਾਰੀਆਂ ਵੱਲੋਂ ਅਜੇ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਨਗਰ ਪੰਚਾਇਤ ਦਾ ਅਧਿਕਾਰੀ ਬਾਜ਼ਾਰ ਦੇ ਦੁਕਾਨਦਾਰਾਂ ਰਾਹੀਂ ਉਸ ਦਾ ਨੁਕਸਾਨ ਕਰਵਾਉਣ ਸਬੰਧੀ ਧਮਕੀਆਂ ਦੇ ਰਿਹਾ ਹੈ।
ਡੀਐੱਸਪੀ ਬਾਬਾ ਬਕਾਲਾ ਧਰਮਿੰਦਰ ਕਲਿਆਣ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ’ਤੇ ਦੁਕਾਨਦਾਰਾਂ ਵੱਲੋਂ ਬਾਜ਼ਾਰ ਵਿੱਚ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸਿਵਲ ਅਧਿਕਾਰੀਆਂ ਨੂੰ ਪੁਲੀਸ ਸਹਾਇਤਾ ਦੇਣ ਲਈ ਇੱਥੇ ਪੁੱਜੇ ਹੋਏ ਹਨ।