ਦਫ਼ਤਰੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਕੰਮ ਪ੍ਰਭਾਵਿਤ
ਪੱਤਰ ਪ੍ਰੇਰਕ
ਭਵਾਨੀਗੜ੍ਹ, 7 ਜੁਲਾਈ
ਇੱਥੇ ਬੀਪੀਈਓ ਦਫ਼ਤਰ ਅੱਗੇ ਸਮੱਗਰ ਸਿੱਖਿਆ ਅਭਿਆਨ ਅਤੇ ਮਿਡ-ਡੇਅ ਮੀਲ ਦੇ ਕਰਮਚਾਰੀਆਂ ਨੇ ਦੂਜੇ ਦਿਨ ਵੀ ਕਲਮ ਛੋੜ ਹੜਤਾਲ ਕਰ ਕੇ ਧਰਨਾ ਦਿੱਤਾ। ਇਨ੍ਹਾਂ ਕਰਮਚਾਰੀਆਂ ਦੀ ਹੜਤਾਲ ਨਾਲ ਬਲਾਕ ਦੇ ਸਕੂਲਾਂ ਦੇ ਸਾਰੇ ਆਨਲਾਈਨ ਕੰਮ ਬਹੁਤ ਪ੍ਰਭਾਵਿਤ ਹੋ ਰਹੇ ਹਨ। ਸਕੂਲਾਂ ਨੂੰ ਵਿਕਾਸ ਲਈ ਕੋਈ ਵੀ ਫੰਡ ਨਹੀਂ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਯੂਨੀਅਨ ਭਵਾਨੀਗੜ੍ਹ ਦੇ ਬਲਾਕ ਪ੍ਰਧਾਨ ਪਿਆਰਾ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਅਧੀਨ ਸਮੱਗਰਾ ਸਿੱਖਿਆ ਅਭਿਆਨ/ਮਿਡ-ਡੇਅ ਮੀਲ ਅਧੀਨ ਮੁੱਖ ਦਫ਼ਤਰ, ਜ਼ਿਲ੍ਹਾ ਸਿੱਖਿਆ ਦਫ਼ਤਰਾਂ ਅਤੇ ਬਲਾਕ ਦਫ਼ਤਰਾਂ ਤੇ 2004 ਤੋਂ ਵੱਖ-ਵੱਖ ਵਰਗਾਂ/ਕਾਡਰਾਂ ਅਧੀਨ ਦਫ਼ਤਰਾਂ ਵਿਚ ਕਰਮਚਾਰੀ ਕੰਮ ਕਰ ਰਹੇ ਹਨ। ਸਮੱਗਰ ਸਿੱਖਿਆ ਅਭਿਆਨ ਅਧੀਨ ਕੰਮ ਕਰਦੇ ਅਧਿਆਪਕਾਂ ਨੂੰ ਪਹਿਲੀ ਅਪਰੈਲ 2018 ਤੋਂ ਸਿੱਖਿਆ ਵਿਭਾਗ ਵਿੱਚ ਪੂਰੇ ਲਾਭ ਦਿੰਦੇ ਹੋਏ ਰੈਗੂਲਰ ਕਰ ਦਿੱਤਾ ਗਿਆ ਹੈ, ਪਰ ਨਾਨ-ਟੀਚਿੰਗ ਕਰਮਚਾਰੀਆਂ ਨੂੰ ਛੱਡ ਦਿੱਤਾ ਗਿਆ।
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸਮੱਗਰ ਸਿੱਖਿਆ ਅਭਿਆਨ/ਮਿਡ-ਡੇਅ ਮੀਲ ਦਫ਼ਤਰੀ ਕਰਮਚਾਰੀਆਂ ਵੱਲੋਂ ਅਣਮਿਥੇ ਸਮੇਂ ਲਈ ਸ਼ੁਰੂ ਕੀਤੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਹੜਤਾਲੀ ਕਰਮਚਾਰੀਆਂ ਵੱਲੋਂ ਡੀਈਓ ਐਲੀਮੈਂਟਰੀ ਦਫ਼ਤਰ ਅੱਗੇ ਧਰਨਾ ਦਿੰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰੇਖਾ ਸ਼ਰਮਾ ਅਤੇ ਮੀਤ ਪ੍ਰਧਾਨ ਓਂਕਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ 9 ਮਹੀਨਿਆਂ ਤੋਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਦਾ ਪ੍ਰਚਾਰ ਕਰ ਰਹੀ ਹੈ ਪਰੰਤੂ ਅਮਲੀ ਰੂਪ ਵਿਚ ਕਰਮਚਾਰੀਆਂ ਨਾਲ ਧੋਖਾ ਕੀਤਾ ਹੈ। ਪੰਜਾਬ ਸਰਕਾਰ ਬਿਨ੍ਹਾਂ ਪੇਅ ਸਕੇਲ, ਸੀਐਸਆਰ ਅਤੇ ਪੈਨਸ਼ਨਰੀ ਲਾਭ ਦਿੱਤੇ ਰੈਗੂਲਰ ਦੇ ਨਾਮ ’ਤੇ ਕੇਵਲ ਪ੍ਰਚਾਰ ਕਰ ਰਹੀ ਹੈ।