For the best experience, open
https://m.punjabitribuneonline.com
on your mobile browser.
Advertisement

ਅੰਦਰ ਤੇ ਬਾਹਰ ਚਾਨਣ ਵੰਡਦੇ ਸਕੇ ਭਰਾ ਹਨ ਸ਼ਬਦ ਤੇ ਸੂਰਜ

11:52 AM Apr 21, 2024 IST
ਅੰਦਰ ਤੇ ਬਾਹਰ ਚਾਨਣ ਵੰਡਦੇ ਸਕੇ ਭਰਾ ਹਨ ਸ਼ਬਦ ਤੇ ਸੂਰਜ
Advertisement

ਗੁਰਬਚਨ ਸਿੰਘ ਭੁੱਲਰ

ਸ਼ਬਦ ਸਾਡੇ ਮਨ ਨੂੰ ਉਸੇ ਤਰ੍ਹਾਂ ਚਾਨਣ ਬਖ਼ਸ਼ਦਾ ਹੈ ਜਿਵੇਂ ਸੂਰਜ ਸਾਡੀ ਬਾਹਰਲੀ ਦੁਨੀਆ ਨੂੰ ਚਾਨਣੀ ਕਰਦਾ ਹੈ। ਸ਼ਬਦ ਦੇ ਚਾਨਣ ਵਿਚ ਲੇਖਕ ਦੀ ਰਚਨਾ ਲਈ ਰਾਹ-ਦਿਖਾਵੀ ਉਹਦੀ ਵਿਚਾਰਧਾਰਾ ਹੁੰਦੀ ਹੈ। ਇਥੇ ਵਿਚਾਰਧਾਰਾ ਦਾ ਭਾਵ ਰੋਜ਼-ਰੋਜ਼ ਦੀ ਰਾਜਨੀਤੀ ਜਾਂ ਕਿਸੇ ਸਿਆਸੀ ਸਾਂਝ ਤੋਂ ਨਹੀਂ। ਸਾਹਿਤਕਾਰ ਲਈ, ਜਾਂ ਕਿਸੇ ਵੀ ਹੋਰ ਕਲਾ ਦੇ ਪਾਂਧੀ ਲਈ, ਸਭ ਵਿਚਾਰਧਾਰਾਵਾਂ ਸਿਰਫ਼ ਦੋ ਖਾਨਿਆਂ ਵਿਚ ਆ ਜਾਂਦੀਆਂ ਹਨ: ਲੋਕ-ਹਿਤੈਸ਼ੀ ਤੇ ਲੋਕ-ਦੋਖੀ। ਪੰਜਾਬੀ ਸਾਹਿਤ ਦਾ ਇਹ ਸੁਭਾਗ ਰਿਹਾ ਕਿ ਸਾਡੇ ਆਦਿ-ਕਵੀ ਬਾਬਾ ਫ਼ਰੀਦ ਨੇ ਹੀ ਇਹਨੂੰ ਗੋਦੀ ਵਿਚ ਪਾ ਕੇ ਲੋਕ-ਹਿਤ ਦੀ ਗੁੜ੍ਹਤੀ ਦੇ ਦਿੱਤੀ ਸੀ। ਅੱਗੇ ਚੱਲ ਕੇ ਇਸੇ ਪਗਡੰਡੀ ਨੂੰ ਸੂਫ਼ੀ ਕਵੀਆਂ, ਗੁਰੂ ਸਾਹਿਬਾਨ, ਭਗਤ ਰਚਨਾਕਾਰਾਂ, ਕਿੱਸਾਕਾਰਾਂ, ਆਦਿ ਨੇ ਆਧੁਨਿਕ ਦੌਰ ਦੇ ਲੇਖਕਾਂ ਦੇ ਚੱਲਣ ਲਈ ਮਹਾਂਮਾਰਗ ਬਣਾ ਦਿੱਤਾ।
ਜਦੋਂ 19ਵੀਂ ਸਦੀ ਦੇ ਢਲਦੇ ਸਾਲਾਂ ਵਿਚ ਪੰਜਾਬ ਵਿਚ ਅੰਗਰੇਜ਼ ਦੇ ਵਿਰੁੱਧ ਰੋਹ ਜੀਰ ਕੇ ਆਮ ਲੋਕਾਂ ਤੱਕ ਪਹੁੰਚ ਗਿਆ, 20ਵੀਂ ਸਦੀ ਦੇ ਅੱਧ ਵਿਚ ਆਜ਼ਾਦੀ ਮਿਲਣ ਤੱਕ ਪੰਜਾਬ ਵਿਚ ਅੰਗਰੇਜ਼-ਵਿਰੋਧੀ ਲੋਕ-ਲਹਿਰਾਂ ਸਮੁੰਦਰ ਦੀਆਂ ਛੱਲਾਂ ਵਾਂਗ ਉੱਠੀਆਂ। ਉਹਨਾਂ ਦੀ ਬੁਨਿਆਦ, ਆਸਰਾ ਤੇ ਇਸ਼ਟ ਸਿਰਫ਼ ਲੋਕ ਸਨ। ਖ਼ੁਸ਼ਕਿਸਮਤੀ ਨੂੰ ਇਹਨਾਂ ਲਹਿਰਾਂ ਦਾ ਲੋਕਾਂ ਨਾਲ ਸਾਂਝ ਦਾ, ਆਪਣੀ ਗੱਲ ਲੋਕਾਂ ਤੱਕ ਪੁਜਦੀ ਕਰਨ ਦਾ ਇਕ ਵਸੀਲਾ ਲਿਖਤੀ ਸ਼ਬਦ ਸੀ। ਉਹਨਾਂ ਦੀਆਂ ਰਚਨਾਵਾਂ ਨੇ ਪੰਜਾਬੀ ਸਾਹਿਤ ਦਾ ਵਿਚਾਰਧਾਰਕ ਪੱਖ ਏਨਾ ਸਪੱਸ਼ਟ ਤੇ ਪੁਖ਼ਤਾ ਕਰ ਦਿੱਤਾ ਕਿ ਲੇਖਕਾਂ ਨੂੰ ‘ਸਾਹਿਤ ਲੋਕਾਂ ਲਈ’ ਦੇ ਮਾਰਗ ਤੋਂ ਭਟਕਾ ਕੇ ‘ਸਾਹਿਤ ਸਾਹਿਤ ਲਈ’ ਦੀ ਔਝੜ ਵਿਚ ਪਾਉਣ ਵਾਸਤੇ ਛੱਡੀਆਂ ਗਈਆਂ ‘ਅਕਵਿਤਾ’, ‘ਅਕਹਾਣੀ’, ‘ਪ੍ਰਯੋਗਵਾਦ’, ਅਹਿਵਾਦ, ਔਹਵਾਦ ਜਿਹੀਆਂ ਸਭ ਛੁਰਲੀਆਂ ਠੁੱਸ ਹੁੰਦੀਆਂ ਰਹੀਆਂ।
ਰਚਨਾਕਾਰ ਦਾ ਤੇ ਰਚਨਾ ਦਾ ਆਖ਼ਰੀ ਟੀਚਾ ਪਾਠਕ ਹੁੰਦਾ ਹੈ। ਪੰਜਾਬੀ ਵਿਚ ਪੁਸਤਕ ਦੇ ਪਾਠਕ ਲਗਾਤਾਰ ਘਟਦੇ ਜਾਣ ਦੀ ਸਮੱਸਿਆ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਹੋਰ ਕਾਰਨਾਂ ਤੋਂ ਇਲਾਵਾ ਟੀਵੀ ਨਾਲ ਸ਼ੁਰੂ ਹੋ ਕੇ ਹੁਣ ਸੋਸ਼ਲ ਮੀਡੀਆ ਦੇ ਨਾਂ ਨਾਲ ਜਾਣੇ ਜਾਂਦੇ ਸਾਧਨਾਂ ਨੂੰ ਪੁਸਤਕ ਲਈ ਨੁਕਸਾਨਦੇਹ ਮੰਨਿਆ ਜਾਂਦਾ ਹੈ। ਕਾਰਨ ਕੁਛ ਵੀ ਹੋਣ, ਪੁਸਤਕ ਦੇ ਪਾਠਕਾਂ ਦਾ ਘਟਦੇ ਜਾਣਾ ਪੰਜਾਬੀ ਸਾਹਿਤ ਸਾਹਮਣੇ ਇਕ ਵੱਡੀ ਸਮੱਸਿਆ ਤਾਂ ਹੈ ਹੀ। ਇਸ ਤੱਥ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਲੋੜੀਂਦਾ ਹੈ ਕਿ ਅੱਧੀ ਸਦੀ ਪਹਿਲਾਂ ਵਾਲੀ ਹਰ ਪੁਸਤਕ ਦੀ ਗਿਆਰਾਂ ਸੌ ਦੀ ਛਪਣ-ਗਿਣਤੀ ਘਟਦੀ-ਘਟਦੀ ਇਸ ਮੰਦਹਾਲੀ ਨੂੰ ਪਹੁੰਚ ਗਈ ਹੈ ਕਿ ਕਈ ਪ੍ਰਕਾਸ਼ਕ ਤਾਂ ਛਪਣ-ਗਿਣਤੀ ਸੰਬੰਧਿਤ ਲੇਖਕ ਨੂੰ ਪੈਸਿਆਂ ਬਦਲੇ ਦੇਣੀਆਂ ਕੀਤੀਆਂ ਪੁਸਤਕਾਂ ਤੋਂ ਬੱਸ ਪੱਚੀ-ਪੰਜਾਹ ਹੀ ਵੱਧ ਰਖਦੇ ਹਨ।
ਪਾਠਕਾਂ ਦੀ ਘਾਟ ਦੇ ਹੋਰ ਕੋਈ ਵੀ ਤੇ ਕਿੰਨੇ ਹੀ ਕਾਰਨ ਹੋਣ, ਮੇਰਾ ਮੰਨਣਾ ਹੈ ਕਿ ਪੰਜਾਬੀ ਵਿਚ ਬਾਲ-ਸਾਹਿਤ ਦਾ ਹੱਕੀ ਸਥਾਨ ਨਾ ਹੋਣਾ ਵੀ ਇਕ ਵੱਡਾ ਕਾਰਨ ਹੈ। ਮੁੱਢਲੀ ਸਮੱਸਿਆ ਤਾਂ ਮਿਆਰੀ ਬਾਲ-ਸਾਹਿਤ ਬਹੁਤ ਘੱਟ ਰਚਿਆ ਜਾਂਦਾ ਹੋਣ ਦੀ ਹੈ। ਫੇਰ ਏਨੀ ਹੀ ਵੱਡੀ ਸਮੱਸਿਆ ਪ੍ਰਾਪਤ ਬਾਲ-ਸਾਹਿਤ ਦਾ, ਕਈ ਕਾਰਨਾਂ ਕਰਕੇ, ਬੱਚਿਆਂ ਦੀ ਪਹੁੰਚ ਵਿਚ ਨਾ ਹੋਣਾ ਹੈ। ਇਮਤਿਹਾਨੀ ਅੰਕਾਂ ਦੀ ਦੌੜ ਵਿਚ ਬੱਚੇ ਦੀ ਕਾਮਯਾਬੀ ਦੀ ਤਾਂਘ ਕਾਰਨ ਅਧਿਆਪਕ ਤੇ ਮਾਪੇ ਬਾਲ-ਸਾਹਿਤ ਨੂੰ ਸਮਾਂ-ਗੁਆਊ, ਵਾਧੂ ਤੇ ਬੇਫ਼ਾਇਦਾ ਸ਼ੌਕ ਸਮਝਦੇ ਹਨ। ਸਾਹਿਤ ਦੇ ਪਾਠਕ ਪੈਦਾ ਕਰਨ ਦਾ ਇਕ ਕਾਰਗਰ ਰਾਹ ਬਾਲ-ਸਾਹਿਤ ਦੇ ਪਾਠਕ ਪੈਦਾ ਕਰਨਾ ਹੈ। ਬਾਲਪਨ ਵਿਚ ਅਪਾਠਕ ਰਹੇ ਬੱਚੇ ਤੋਂ ਵੱਡਾ ਹੋ ਕੇ ਰਸੀਆ ਪਾਠਕ ਬਣਨ ਦੀ ਆਸ ਨਹੀਂ ਰੱਖੀ ਜਾ ਸਕਦੀ।
ਬਹੁਤ ਸਾਰੇ ਲੋਕ ਪੰਜਾਬੀ ਬੋਲੀ ਅਤੇ ਸਾਹਿਤ ਦੀਆਂ ਅਜਿਹੀਆਂ ਬਹੁਭਾਂਤੀ ਸਮੱਸਿਆਵਾਂ ਨੂੰ ਲੈ ਕੇ ਇਕ ਵੱਖਰੀ ਤੇ ਅਨੋਖੀ ਦਲੀਲ ਨਾਲ ਇਹਨਾਂ ਦੀ ਚੜ੍ਹਦੀ ਕਲਾ ਦਾ ਸੁਨੇਹਾ ਦੇਣਾ ਚਾਹੁੰਦੇ ਹਨ। ਉਹ ਕਈ ਹੋਰ ਦੇਸਾਂ ਵਿਚ ਪੰਜਾਬੀ ਬੋਲੀ ਨੂੰ ਸਰਕਾਰੇ-ਦਰਬਾਰੇ ਤੇ ਵਿਦਿਅਕ ਖੇਤਰ ਵਿਚ ਮਿਲੇ ਸਥਾਨ ਦਾ ਹਵਾਲਾ ਦੇ ਕੇ ਸਭ ਕੁਛ ਠੀਕ-ਠਾਕ ਹੋਣ ਦਾ ਪ੍ਰਭਾਵ ਸਿਰਜਣਾ ਚਾਹੁੰਦੇ ਹਨ। ਇਹ ਸਭ ਮਨ-ਪਰਚਾਉਣੇ ਭਰਮ ਹਨ ਜਾਂ ਮਿੱਠੇ ਸੁਫ਼ਨੇ। ਕਿਸੇ ਪਰਦੇਸ ਦੀ ਸਥਾਨਕ ਭਾਸ਼ਾ ਦੇ ਸਮੁੰਦਰ ਵਿਚ ਬਾਹਰੋਂ ਜਾ ਕੇ ਪਈ ਪੰਜਾਬੀ ਦੀ ਨਦੀ ਦਾ ਆਪਣੀ ਵੱਖਰੀ ਹੋਂਦ ਬਣਾਈ ਰੱਖਣਾ ਅਸੰਭਵ ਹੈ। ਨਦੀ ਦਾ ਸਮੁੰਦਰ ਵਿਚ ਪਹੁੰਚ ਕੇ ਆਪਣੀ ਹੋਂਦ ਗੁਆ ਲੈਣਾ ਕੁਦਰਤੀ ਤੇ ਅਮੋੜ-ਅਰੋਕ ਵਰਤਾਰਾ ਹੈ। ਪੰਜਾਬੀ ਅਤੇ ਪੰਜਾਬੀਅਤ ਇਧਰੋਂ ਗਏ ਲੋਕਾਂ ਦਾ ਸਰੋਕਾਰ ਹੈ। ਉਧਰ ਜੰਮੀ ਪਹਿਲੀ ਪੀੜ੍ਹੀ ਦਾ ਇਹਨਾਂ ਨਾਲ ਵਾਹ ਇਧਰੋਂ ਗਏ ਮਾਪਿਆਂ ਸਦਕਾ ਹੁੰਦਾ ਹੈ। ਉਹਨਾਂ ਦੇ ਬੱਚਿਆਂ ਲਈ, ਭਾਵ ਤੀਜੀ ਪੀੜ੍ਹੀ ਲਈ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਉਹਨਾਂ ਦਾ ਇਸ ਸਭ ਨਾਲ ਏਨਾ ਹੀ ਨਾਤਾ ਰਹਿ ਜਾਂਦਾ ਹੈ ਕਿ ਕਿਸੇ ਦੇ ਪੁੱਛਿਆਂ ਉਹ ਅੰਗਰੇਜ਼ੀ ਵਿਚ ਆਖਦੇ ਹਨ, ਸਾਡੇ ਵਡੇਰੇ ਇੰਡੀਆ ਦੀ ਪੰਜਾਬ ਸਟੇਟ ਵਿਚੋਂ ਕਿਸੇ ਥਾਂ ਤੋਂ ਆਏ ਸਨ। ਇਸ ਸੂਰਤ ਵਿਚ ਅਸੀਂ ਪੰਜਾਬੀ ਦਾ ਝੰਡਾ ਪੰਜਾਬ ਵਿਚ ਝੁਲਦਾ ਰੱਖ ਸਕੀਏ, ਇਹੋ ਬਹੁਤ ਹੈ।
ਇਹ ਚਿੱਟੇ ਦਿਨ ਵਾਂਗ ਉਜਾਗਰ ਸੱਚ ਹੈ ਕਿ ਪੰਜਾਬੀ ਦਾ ਝੰਡਾ ਤਾਂ ਪੰਜਾਬ ਵਿਚ ਵੀ ਉੱਚਾ ਨਹੀਂ ਝੁੱਲ ਰਿਹਾ। ਜਿਥੋਂ ਤੱਕ ਮੌਲਕ ਰਚਨਾਵਾਂ ਦਾ ਸੰਬੰਧ ਹੈ, ਉਹ ਤਾਂ ਚੰਗੀਆਂ-ਮਾੜੀਆਂ ਹੁੰਦੀਆਂ ਹੀ ਰਹਿੰਦੀਆਂ ਹਨ। ਫੇਸਬੁੱਕ ਅਤੇ ਵਟਸਐਪ ਨੇ ਰਚਨਾ ਦੇ ਸੰਬੰਧ ਵਿਚ ਲੇਖਕ ਅਤੇ ਪਾਠਕ ਵਿਚਕਾਰੋਂ ਅਖ਼ਬਾਰਾਂ-ਰਸਾਲਿਆਂ ਦੇ ਸੰਪਾਦਕਾਂ ਅਤੇ ਪੁਸਤਕਾਂ ਦੇ ਪ੍ਰਕਾਸ਼ਕਾਂ ਦੇ ਰੂਪ ਵਿਚ ਨੇੜਲੇ ਅਤੀਤ ਤੱਕ ਰਹੀਆਂ ਛਾਣਨੀਆਂ ਖ਼ਤਮ ਕਰ ਦਿੱਤੀਆਂ ਹਨ। ਧਿਆਨਜੋਗ ਮਸਲਾ ਖੋਜ-ਸਾਹਿਤ ਤੇ ਆਲੋਚਨਾ-ਸਾਹਿਤ ਦੀ ਅਨਹੋਂਦ ਦਾ ਹੈ। ਇਸ ਸੰਬੰਧ ਵਿਚ ਮੈਨੂੰ ਇਕ ਮਿਸਾਲ ਵਜੋਂ ਭਾਈ ਕਾਨ੍ਹ ਸਿੰਘ ਦਾ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਚੇਤੇ ਆ ਜਾਂਦਾ ਹੈ। ਉਸ ਜ਼ਮਾਨੇ ਵਿਚ ਜਦੋਂ ਅਜਿਹੇ ਕਾਰਜ ਲਈ ਸਹਾਇਕ ਵਸਤਾਂ ਤੇ ਸਹੂਲਤਾਂ ਦੀ ਇਕ ਤਰ੍ਹਾਂ ਨਾਲ ਅਨਹੋਂਦ ਹੀ ਸੀ, ਏਨਾ ਵੱਡਾ ਕਾਰਜ ਨੇਪਰੇ ਚਾੜ੍ਹਨਾ ਯਕੀਨਨ ਬਹੁਤ ਦ੍ਰਿੜ੍ਹ ਇਰਾਦੇ, ਲਗਨ, ਸਿਰੜ ਤੇ ਮਿਹਨਤ ਦੀ ਮੰਗ ਕਰਦਾ ਸੀ। ਪੰਜਾਬੀ ਟਾਈਪ ਦੀ ਸਾਧਾਰਨ ਮਸ਼ੀਨ ਤੱਕ ਨਹੀਂ ਸੀ ਜਦੋਂ ਕਿ ਹੁਣ ਅੱਲਾਦੀਨ ਦੇ ਚਿਰਾਗ਼ ਦਾ ਜਿੰਨ, ਕੰਪਿਊਟਰ ਹਰ ਵੇਲੇ ‘‘ਹੁਕਮ ਮੇਰੇ ਆਕਾ’’ ਪੁਛਦਾ ਰਹਿੰਦਾ ਹੈ। ਉਸ ਮਹਾਂਪੁਰਸ਼ ਨੇ ਚੁਥਾਈ ਸਦੀ ਇਸ ਕੋਸ਼ ਦੇ ਲੇਖੇ ਲਾ ਦਿੱਤੀ। ਗੁਰਮਤਿ ਦੇ ਵਿਆਖਿਆ ਲੋੜਦੇ ਸ਼ਬਦ ਇਕੱਤਰ ਕਰਨ ਲਈ ਤੇ ਉਹਨਾਂ ਦੀ ਵਿਆਖਿਆ ਜਾਣਨ ਲਈ ਉਹਨਾਂ ਨੇ ਅਨੇਕ ਵਡ-ਆਕਾਰੀ ਸਿੱਖ ਗ੍ਰੰਥ ਘੋਖੇ। ਜੇ ਕੋਈ ਸ਼ਬਦ ਕਿਸੇ ਵਿਸ਼ੇਸ਼ ਗਿਆਨ-ਖੇਤਰ ਦਾ ਹੁੰਦਾ, ਉਹ ਹਉਮੈ ਤੋਂ ਮੁਕਤ ਰਹਿੰਦਿਆਂ ਉਸ ਖੇਤਰ ਦੇ ਸਿਆਣਿਆਂ ਨਾਲ ਸੰਪਰਕ ਅਤੇ ਵਿਚਾਰ-ਵਟਾਂਦਰਾ ਕਰਦੇ ਸਨ।
ਜੇ ਅਸੀਂ ਸਾਹਿਤ ਦੀਆਂ ਜੜਾਂ ਵੱਲ ਜਾਈਏ, ਮਾਨਵ-ਵਿਕਾਸ ਵਿਗਿਆਨ ਦੇ ਕਿਸੇ ਗਿਆਨ ਦੇ ਦਾਅਵੇ ਤੋਂ ਬਿਨਾਂ, ਇਕ ਸਾਧਾਰਨ ਸੋਚਵਾਨ ਲੇਖਕ ਹੋਣ ਦੇ ਨਾਤੇ ਮੇਰਾ ਲੱਖਣ ਹੈ ਕਿ ਕਹਾਣੀ ਹੀ ਸਾਹਿਤ ਦਾ ਆਦਿ ਰੂਪ ਹੈ। ਕਵਿਤਾ ਉਸ ਸਮੇਂ ਹੋਂਦ ਵਿਚ ਆਈ ਜਦੋਂ ਮਨੁੱਖ ਨੇ ਬੋਲੀ ਬਣਾ ਲਈ ਕਿਉਂਕਿ ਸ਼ਬਦਾਂ ਦੇ ਆਧਾਰ ਬਿਨਾਂ ਕਵਿਤਾ ਸੰਭਵ ਨਹੀਂ। ਕਹਾਣੀ ਦਾ ਜਨਮ ਤਾਂ ਉਸ ਸਮੇਂ ਹੀ ਹੋ ਗਿਆ ਹੋਵੇਗਾ ਜਦੋਂ ਮਨੁੱਖ ਪਸੂਆਂ ਨਾਲੋਂ ਨਿੱਖੜ ਕੇ ਸੋਝੀ ਦੇ ਰਾਹ ਤਾਂ ਪੈ ਗਿਆ ਹੋਵੇਗਾ, ਪਰ ਬੋਲੀ ਤੋਂ ਅਜੇ ਵਿਰਵਾ ਹੋਵੇਗਾ। ਉਸ ਸਮੇਂ ਉਹ ਦੂਜੇ ਨੂੰ ਆਪਣੀ ਗੱਲ ਕੁਛ ਮੂਲ ਧੁਨੀਆਂ ਦੇ ਤੇ ਇਸ਼ਾਰਿਆਂ ਦੇ ਸਹਾਰੇ ਸਮਝਾਉਂਦਾ ਹੋਵੇਗਾ। ਕੋਈ ਗੱਲ, ਕੋਈ ਘਟਨਾ ਇਕ ਬੰਦੇ ਵਲੋਂ ਦੂਜੇ ਨੂੰ ਇਉਂ ਦੱਸੇ ਜਾਣ ਵਿਚ ਹੀ ਕਹਾਣੀ ਦੇ ਬੀ ਲੁਕੇ ਹੋਏ ਸਨ। ਬਿਲਕੁਲ ਕੁਦਰਤੀ ਹੈ ਕਿ ਉਹ ਅਸਲ ਵਿਚ ਵਾਪਰੇ ਹੋਏ ਵਿਚ ਇੱਛਾ ਅਨੁਸਾਰ ਕੁਛ ਛੋਟੇ-ਵੱਡੇ ਵਾਧੇ-ਘਾਟੇ ਜ਼ਰੂਰ ਕਰ ਦਿੰਦਾ ਹੋਵੇਗਾ। ਮਿਸਾਲ ਵਜੋਂ, ਉਹ ਸ਼ਿਕਾਰ ਮਗਰੋਂ ਜੰਗਲ ਵਿਚੋਂ ਪਰਤ ਕੇ ਆਪਣੇ ਪੇਸ਼ ਆਏ ਖ਼ਤਰੇ ਵੀ ਵਧਾ ਕੇ ਦਸਦਾ ਹੋਵੇਗਾ ਤੇ ਆਪਣੀ ਬਹਾਦਰੀ ਦੀ ਉਸਤਤ ਵੀ ਕੁਛ ਵਧੇਰੇ ਹੀ ਕਰਦਾ ਹੋਵੇਗਾ। ਇਹੋ ਹੀ ਤਾਂ ਕਹਾਣੀ ਦੀ ਸ਼ੁਰੂਆਤ ਸੀ! ਬੋਲੀ ਦੇ ਤੇ ਫੇਰ ਲਿਪੀ ਦੇ ਵਿਕਾਸ ਨਾਲ ਕਹਾਣੀ ਅੱਗੇ ਹੀ ਅੱਗੇ ਵਧਦੀ ਰਹੀ। ਇਸੇ ਪੰਧ ਦਾ ਨਤੀਜਾ ਅੱਜ ਵਾਲੀ ਖ਼ੂਬਸੂਰਤ ਕਲਾਤਮਿਕ ਕਹਾਣੀ ਹੈ।
ਆਜ਼ਾਦੀ ਤੋਂ ਪਹਿਲਾਂ ਦੀਆਂ ਖਾਸ ਭਾਸ਼ਾਈ ਹਾਲਤਾਂ ਕਾਰਨ ਉਰਦੂ ਪੰਜਾਬੀਆਂ ਲਈ ਓਪਰੀ ਜ਼ਬਾਨ ਨਹੀਂ ਸੀ ਰਹਿ ਗਿਆ। ਉਹ ਪੜ੍ਹਾਈ ਦਾ ਮਾਧਿਅਮ ਵੀ ਸੀ ਤੇ ਸਰਕਾਰੀ ਦਫ਼ਤਰੀ ਕੰਮਕਾਜ ਦਾ ਵਸੀਲਾ ਵੀ ਸੀ। ਸਾਹਿਤਕ ਭਾਸ਼ਾ ਵਜੋਂ ਉਹ ਅਨੇਕ ਪੰਜਾਬੀਆਂ ਲਈ ਮਾਂ-ਬੋਲੀ ਵਾਂਗ ਹੀ ਹੋ ਗਿਆ ਸੀ। ਪੰਜਾਬ ਨੇ ਉਰਦੂ ਨੂੰ ਇਕਬਾਲ, ਫ਼ੈਜ਼ ਤੇ ਸਾਹਿਰ ਵਰਗੇ ਮਹਾਨ ਸ਼ਾਇਰ ਅਤੇ ਸਆਦਤ ਹਸਨ ਮੰਟੋ, ਕ੍ਰਿਸ਼ਨ ਚੰਦਰ ਤੇ ਰਾਜਿੰਦਰ ਸਿੰਘ ਬੇਦੀ ਵਰਗੇ ਮਹਾਨ ਕਹਾਣੀਕਾਰ ਦਿੱਤੇ। ਸਾਡੀ ਪੀੜ੍ਹੀ ਜਿਥੇ ਸੰਤ ਸਿੰਘ ਸੇਖੋਂ, ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਸੰਤੋਖ ਸਿੰਘ ਧੀਰ, ਕੁਲਵੰਤ ਸਿੰਘ ਵਿਰਕ ਤੇ ਮਹਿੰਦਰ ਸਿੰਘ ਸਰਨਾ ਜੇਹੇ ਪੰਜਾਬੀ ਕਹਾਣੀਕਾਰਾਂ ਦੀ ਦੇਣਦਾਰ ਸੀ, ਉਸ ਲਈ ਓਨੇ ਹੀ ਅਹਿਮ ਰਾਹ-ਦਿਖਾਵੇ ਪੰਜਾਬ ਦੇ ਜੰਮ-ਪਲ ਉਰਦੂ ਕਹਾਣੀਕਾਰ ਮੰਟੋ, ਕ੍ਰਿਸ਼ਨ ਤੇ ਬੇਦੀ ਸਨ।
ਹਰ ਕਲਾ ਵਾਂਗ ਸਾਹਿਤ ਨਾਲ ਵੀ ਇਨਾਮ-ਸਨਮਾਨ ਆਦਿਕਾਲ ਤੋਂ ਹੀ ਜੁੜੇ ਆਏ ਹਨ। ਜਦੋਂ ਮੈਂ ਦਿੱਲੀ ਆਇਆ, ਸਾਹਿਤ ਅਕਾਦਮੀ ਨੂੰ ਬਣਿਆਂ ਤੇ ਇਨਾਮ ਸ਼ੁਰੂ ਹੋਇਆਂ ਇਕ ਦਹਾਕੇ ਤੋਂ ਕੁਛ ਹੀ ਵੱਧ ਸਮਾਂ ਹੋਇਆ ਸੀ। ਸਾਹਿਤ ਅਕਾਦਮੀ ਦੀ ਮਾਣ-ਮੱਤੀ ਕਾਇਮੀ ਵੀ ਅਜੇ ਤਾਰੀਫ਼ੀ ਚਰਚਾ ਵਿਚ ਸੀ ਅਤੇ ਲਗਭਗ ਹਰ ਇਨਾਮ ਦਾ ਵੀ, ਵਾਜਬ ਹੋਣ ਸਦਕਾ, ਸਵਾਗਤ ਹੋ ਰਿਹਾ ਸੀ। ਇਉਂ ਸਾਹਿਤ ਅਕਾਦਮੀ ਦਾ ਤੇ ਉਹਦੇ ਇਨਾਮ ਦਾ ਆਰੰਭ ਤੇ ਇਤਿਹਾਸ ਮੇਰੇ ਲਈ ਅੱਖੀਂ ਦੇਖੀਆਂ ਗੱਲਾਂ ਵਾਂਗ ਸਨ। ਫੇਰ ਪੰਜਾਬੀ ਵਿਚ ਇਕ-ਇਕ ਕਰ ਕੇ ਅਨੇਕ ਇਨਾਮ ਹੋਂਦ ਵਿਚ ਆ ਗਏ। ਇਹਦੇ ਨਾਲ ਹੀ ਅਨੇਕ ਕਥਿਤ ਲੇਖਕਾਂ ਲਈ ਚੰਗਾ ਸਾਹਿਤ ਤੇ ਲੇਖਕੀ ਸਵੈਮਾਣ ਦੂਜੈਲੀਆਂ ਗੱਲਾਂ ਬਣ ਕੇ ਰਹਿ ਗਏ, ਕੋਈ ਇਨਾਮ ਕਿਸੇ ਵੀ ਤਰੀਕੇ ਕਾਬੂ ਕਰਨਾ ਮੁੱਖ ਟੀਚਾ ਬਣ ਗਿਆ।
ਰਚਨਾਕਾਰੀ ਵਿਚ ਪਹਿਲੇ ਅੱਖਰ ਪਾਇਆਂ ਮੈਨੂੰ ਸੱਤ ਦਹਾਕੇ ਹੋਣ ਲੱਗੇ ਹਨ। ਇਸ ਸਮੇਂ ਵਿਚ ਜੋ ਲਿਖਿਆ, ਉਹ ਤਾਂ ਲਿਖਿਆ ਹੀ, ਪੜ੍ਹਿਆ ਉਸ ਤੋਂ ਬਹੁਤ ਬਹੁਤ ਵੱਧ। ਇਹਦੇ ਨਾਲ ਹੀ ਬਹੁਤ ਕੁਛ ਦੇਖਿਆ, ਬਹੁਤ ਕੁਛ ਸੁਣਿਆ ਤੇ ਬਹੁਤ ਕੁਛ ਹੋਰ ਲੇਖਕਾਂ ਨਾਲ ਚਰਚਾ ਕਰਦਿਆਂ ਸਾਂਝਾ ਹੋਇਆ। ਇਸ ਸਭ ਵਿਚੋਂ ਕੁਛ ਅਨੁਭਵ ਮੈਂ ਪੁਸਤਕ ‘ਗੱਲਾਂ ਸਾਹਿਤ ਦੀਆਂ’ ਵਿਚ ਸਾਂਝੇ ਕਰਨ ਦਾ ਜਤਨ ਕੀਤਾ ਹੈ। (ਪੁਸਤਕ
ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ, ਫੋਨ 7717465715 ਨੇ ਛਾਪੀ ਹੈ।)

Advertisement

ਸੰਪਰਕ: 80763-63058

Advertisement
Author Image

sukhwinder singh

View all posts

Advertisement
Advertisement
×