ਖਿਤਾਬੀ ਮੁਕਾਬਲੇ ’ਚ 209 ਦੌੜਾਂ ਨਾਲ ਜਿੱਤ ਕੀਤੀ ਹਾਸਲ
ਲੰਡਨ, 11 ਜੂਨ
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਮੁਕਾਬਲਿਆਂ ਵਿੱਚ ਭਾਰਤ ਦੀ ਮਾੜੀ ਕਾਰਗੁਜ਼ਾਰੀ ਦਾ ਸਿਲਸਿਲਾ ਜਾਰੀ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਆਸਟਰੇਲੀਆ ਅੱਜ ਭਾਰਤ ਨੂੰ 209 ਦੌੜਾਂ ਨਾਲ ਹਰਾ ਕੇ ਟੈਸਟ ਚੈਂਪੀਅਨ ਬਣ ਗਿਆ। ਕ੍ਰਿਕਟ ਦੀ ਇਸ ਵੰਨਗੀ ਵਿੱਚ ਆਸਟਰੇਲੀਆ ਦਾ ਇਹ ਪਹਿਲਾ ਖਿਤਾਬ ਹੈ। ਭਾਰਤ ਦੀ ਡਬਲਿਊਟੀਸੀ ਫਾਈਨਲ ਵਿੱਚ ਇਹ ਲਗਾਤਾਰ ਦੂਜੀ ਹਾਰ ਹੈ। ਸਾਲ 2021 ਵਿੱਚ ਟੈਸਟ ਚੈਂਪੀਅਨਸ਼ਿਪ ਦੇ ਪਲੇਠੇ ਸੰਸਕਰਣ ਵਿੱਚ ਭਾਰਤ ਨੂੰ ਨਿਊਜ਼ੀਲੈਂਡ ਕੋਲੋਂ ਹਾਰ ਮਿਲੀ ਸੀ। ਖਿਤਾਬੀ ਮੁਕਾਬਲੇ ਦੇ ਪੰਜਵੇਂ ਤੇ ਆਖਰੀ ਦਿਨ ਆਸਟਰੇਲੀਆ ਵੱਲੋਂ ਜਿੱਤ ਲਈ ਦਿੱਤੇ 444 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਦੂਜੀ ਪਾਰੀ 63.3 ਓਵਰਾਂ ਵਿੱਚ 234 ਦੌੜਾਂ ‘ਤੇ ਸਿਮਟ ਗਈ। ਭਾਰਤ ਨੇ ਅੱਜ ਦਿਨ ਦੀ ਸ਼ੁਰੂਆਤ 164/3 ਦੇ ਸਕੋਰ ਤੋਂ ਕੀਤੀ ਸੀ। ਵਿਰਾਟ ਕੋਹਲੀ (49), ਅਜਿੰਕਿਆ ਰਹਾਣੇ (43) ਤੇ ਰਵਿੰਦਰ ਜਡੇਜਾ (0) ਦੇ ਆਊਟ ਹੁੰਦੇ ਹੀ ਭਾਰਤੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਈ। ਆਸਟਰੇਲੀਆ ਲਈ ਸਕੌਟ ਬੋਲੈਂਡ ਨੇ 46 ਦੌੜਾਂ ਬਦਲੇ 3 ਜਦੋਂਕਿ ਨਾਥਨ ਲਾਇਨ ਨੇ 41 ਦੌੜਾਂ ਬਦਲੇ 4 ਵਿਕਟ ਲਏ। -ਪੀਟੀਆਈ