ਔਰਤਾਂ ਵਾਲੇ ਕੰਮ
ਇੰਦਰਜੀਤ ਕੌਰ
ਅੱਠ ਸਾਲ ਬੀਤ ਗਏ ਹਨ। ਮੈਨੂੰ ਖੁਸ਼ੀ ਹੈ ਕਿ ਵਿਆਹ ਤੋਂ ਬਾਅਦ ਮੇਰਾ ਜੀਵਨ ਸਾਥੀ ਘਰ ਦੀ ਹਰ ਜਿ਼ੰਮੇਵਾਰੀ ਵਿੱਚ ਮੇਰੇ ਮੋਢੇ ਨਾਲ ਮੋਢਾ ਲਾ ਕੇ ਚੱਲਦਾ ਹੈ। ਉਸ ਨੇ ਕਦੇ ਵੀ ਘਰ ਦੇ ਕੰਮਾਂ ਤੋਂ ਮੂੰਹ ਨਹੀਂ ਫੇਰਿਆ। ਅਸੀਂ ਦੋਵੇਂ ਜੀਅ ਨਾ ਸਿਰਫ ਸਮਾਜ ਵਿੱਚ ਸਗੋਂ ਘਰ ਵਿੱਚ ਵੀ ਬਰਾਬਰੀ ਅਤੇ ਸਨਮਾਨ ਦੀ ਜਿ਼ੰਦਗੀ ਜੀਅ ਰਹੇ ਹਾਂ। ਨੌਕਰੀ ’ਤੇ ਜਾਣ ਤੋਂ ਪਹਿਲਾਂ ਅਸੀਂ ਦੋਵੇਂ ਆਪੋ-ਆਪਣੀਆਂ ਘਰੇਲੂ ਜਿ਼ੰਮੇਵਾਰੀਆਂ ਨਿਭਾਉਂਦੇ ਹਾਂ ਤੇ ਨੌਕਰੀਆਂ ਤੋਂ ਪਰਤ ਕੇ ਵੀ ਰਲ ਮਿਲ ਕੇ ਕੰਮ ਵਿੱਚ ਜੁਟ ਜਾਂਦੇ ਹਾਂ। ਮੇਰੇ ਜੀਵਨ ਸਾਥੀ ਦੇ ਇਸ ਵਿਹਾਰ ਕਰ ਕੇ ਹੀ ਸ਼ਾਇਦ ਸਾਡੇ ਵਿਚਾਲੇ ਅਕਸਰ ਇਸ ਗੱਲ ਦੀ ਦੌੜ ਲੱਗੀ ਹੁੰਦੀ ਹੈ ਕਿ ਦੂਜੇ ਨੂੰ ਬਹੁਤਾ ਕੰਮ ਨਾ ਕਰਨਾ ਪਵੇ।
ਅੱਜ ਦੇ ਸਮੇਂ ਵਿੱਚ ਪਰਿਵਾਰ ਦੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਔਰਤ ਦੀ ਸ਼ਖ਼ਸੀ ਆਜ਼ਾਦੀ ਲਈ ਬਹੁਤ ਜ਼ਰੂਰੀ ਹੈ ਕਿ ਉਹ ਘਰ ਦੀ ਚਾਰਦੀਵਾਰੀ ’ਚੋਂ ਬਾਹਰ ਨਿੱਕਲੇ ਅਤੇ ਆਰਥਿਕ ਤੌਰ ’ਤੇ ਸਵੈ-ਨਿਰਭਰ ਬਣੇ। ਔਰਤ ਨੇ ਹਮੇਸ਼ਾ ਹੀ ਪਰਿਵਾਰ ਨੂੰ ਤੋਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਸਦੀਆਂ ਤੋਂ ਔਰਤ ਘਰ ਦੀ ਹਰ ਉਹ ਜਿ਼ੰਮੇਵਾਰੀ ਨਿਭਾਅ ਰਹੀ ਹੈ ਜੋ ਸਮਾਜ ਨੇ ਉਸ ਦੇ ਮੋਢਿਆਂ ’ਤੇ ਪਾਈ, ਫਿਰ ਵੀ ਪਰਿਵਾਰ ਨਾਮ ਦੀ ਸੰਸਥਾ ਵਿਚ ਉਸ ਦਾ ਦਰਜਾ ਦੋਇਮ ਹੀ ਰਿਹਾ ਹੈ। ਹੁਣ ਔਰਤਾਂ ਨਾ ਸਿਰਫ ਘਰ-ਪਰਿਵਾਰ ਦੀ ਜਿ਼ੰਮੇਵਾਰੀ ਚੁੱਕ ਰਹੀਆਂ ਹਨ ਸਗੋਂ ਮਰਦ ਦੇ ਬਰਾਬਰ ਨੌਕਰੀ ਕਰ ਕੇ ਘਰ ਦੀਆਂ ਵਿੱਤੀ ਲੋੜਾਂ ਵੀ ਪੂਰੀਆਂ ਕਰ ਰਹੀਆਂ ਹਨ। ਇਸ ਤਬਦੀਲੀ ਨਾਲ ਔਰਤਾਂ ਦੀਆਂ ਜਿ਼ੰਮੇਵਾਰੀਆਂ ਪਹਿਲਾਂ ਨਾਲੋਂ ਕਿਤੇ ਵਧ ਗਈਆਂ ਹਨ ਪਰ ਮੱਧਯੁਗੀ ਸੋਚ ਦੇ ਜਿਉਂ ਦੇ ਤਿਉਂ ਬਣੇ ਰਹਿਣ ਕਾਰਨ ਉਸ ਦੀ ਪਰਿਵਾਰਕ ਜਿ਼ੰਦਗੀ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਵਾਪਰੀ ਹੈ। ਨੌਕਰੀਪੇਸ਼ਾ ਔਰਤਾਂ ਵਾਲੇ ਵੱਡੀ ਗਿਣਤੀ ਪਰਿਵਾਰ ਅਜਿਹੇ ਹਨ ਜਿੱਥੇ ਪਤਨੀ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਸਾਰੇ ਪਰਿਵਾਰ ਨੂੰ ਚਾਹ ਨਾਸ਼ਤਾ ਕਰਵਾਉਂਦੀ ਹੈ, ਬੱਚਿਆਂ ਨੂੰ ਸਕੂਲ ਤੋਰਦੀ ਹੈ ਤੇ ਭੱਜ-ਨੱਠ ਕਰਦੀ ਸਾਹੋ-ਸਾਹ ਹੋਈ ਕਿਸੇ ਤਰ੍ਹਾਂ ਤਿਆਰ ਹੋ ਕੇ ਦਫ਼ਤਰ ਪੁੱਜਦੀ ਹੈ। ਸਾਰਾ ਦਿਨ ਦਫਤਰ ਵਿੱਚ ਕੰਮ ਕਰਨ ਮਗਰੋਂ ਜਦੋਂ ਉਹ ਘਰੇ ਪਰਤਦੀ ਹੈ ਤਾਂ ਉਹੀ ਜਿ਼ੰਮੇਵਾਰੀਆਂ ਮੁੜ ਮੂੰਹ ਟੱਡੀ ਉਸ ਨੂੰ ਉਡੀਕ ਰਹੀਆਂ ਹੁੰਦੀਆਂ ਹਨ। ਸੱਚ-ਮੁੱਚ ‘ਕੰਮ ਤੋਂ ਪਰਤ ਕੇ ਔਰਤਾਂ ਕੰਮ ’ਤੇ ਹੀ ਪਰਤਦੀਆਂ ਹਨ’।
ਸਾਡੇ ਸਮਾਜ ਵਿੱਚ ਦਫਤਰੋਂ ਮੁੜੇ ਪਤੀ ਨੂੰ ਚਾਹ ਪਾਣੀ ਪੁੱਛਣ ਦੀ ਰੀਤ ਤਾਂ ਹੈ ਪਰ ਜਦੋਂ ਪਤਨੀ ਦਫ਼ਤਰ ਤੋਂ ਘਰੇ ਆਵੇ ਤਾਂ ਇਹ ਰੀਤ ਲਾਗੂ ਨਹੀਂ ਹੁੰਦੀ। ਜੇ ਦੋਵੇਂ ਇਕੱਠਿਆਂ ਵੀ ਘਰ ਪਰਤਣ, ਫਿਰ ਵੀ ਪਤਨੀ ਪਤੀ ਲਈ ਪਾਣੀ ਲਿਆਉਣ ਦੀ ਜਿ਼ੰਮੇਵਾਰੀ ਵਿੱਚ ਬੱਝੀ ਹੁੰਦੀ ਹੈ। ਔਰਤ ਦਫ਼ਤਰ ਤੋਂ ਘਰ ਪਰਤਦੀ ਹੈ ਤਾਂ ਉਸ ਲਈ ਰਾਤ ਦਾ ਖਾਣਾ ਤਿਆਰ ਕਰਨਾ, ਬੱਚਿਆਂ ਨੂੰ ਪੜ੍ਹਾਉਣਾ, ਪਰਿਵਾਰ ਦੀ ਸੇਵਾ ਕਰਨਾ ਅਤੇ ਹਰ ਉਹ ਕੰਮ ਕਰਨਾ ਇਸ ਜਿ਼ੰਮੇਵਾਰੀ ਤਹਿਤ ਲਾਜ਼ਮੀ ਹੁੰਦਾ ਹੈ ਕਿ ਇਹ ਕੰਮ ਉਸ ਦੇ ਬਾਹਰ ਜਾਣ ਕਾਰਨ ਹੀ ਰੁਕੇ ਹੋਏ ਸਨ।
ਦੇਖਿਆ ਜਾਵੇ ਤਾਂ ਸਾਡਾ ਸਮਾਜਿਕ ਤੇ ਪਰਿਵਾਰਕ ਢਾਂਚਾ ਪੁੱਤਰ ਨੂੰ ਪਰਜੀਵੀ ਅਤੇ ਹਰ ਧੀ ਨੂੰ ਸੁਚੱਜੀ ਸੇਵਾਦਾਰ ਬਣਾਉਣ ਵਿੱਚ ਜੁਟਿਆ ਹੋਇਆ ਹੈ। ਮੱਧਯੁਗੀ ਸੱਭਿਆਚਾਰ, ਸੰਸਕਾਰ ਅਤੇ ਮਾਣ ਮਰਿਆਦਾ ਦੇ ਨਾਂ ’ਤੇ ਧੀ ਨੂੰ ਆਪਣੀਆਂ ਇੱਛਾਵਾਂ ਤਿਆਗ ਕੇ ਹੋਰਨਾਂ ਲਈ ਕੁਰਬਾਨੀਆਂ ਦੇਣ ਦਾ ‘ਕੁਦਰਤੀ ਨੇਮ’ ਘੋਟ-ਘੋਟ ਕੇ ਸਿਖਾਇਆ ਜਾਂਦਾ ਹੈ। ਔਰਤ ਘਰੇਲੂ ਕੰਮਾਂ ਦੇ ਨਾਲ-ਨਾਲ ਬੱਚੇ ਵੀ ਸਾਂਭਦੀ ਹੈ, ਨੌਕਰੀ ਕਰ ਕੇ ਪਤੀ ਦੇ ਬਰਾਬਰ ਕਮਾਈ ਵੀ ਕਰਦੀ ਹੈ ਪਰ ਪਿੱਤਰ ਸੱਤਾ ਕਾਰਨ ਮਰਦ ਲਈ ਘਰ ਦੀਆਂ ਜਿ਼ੰਮੇਵਾਰੀਆਂ ਸੰਭਾਲਣਾ ਲਾਜ਼ਮੀ ਨਹੀਂ। ਜੇ ਕੁਝ ਕੁ ਮਰਦ ਇਸ ਜਿ਼ੰਮੇਵਾਰੀ ਵਿੱਚ ਪਤਨੀ ਦਾ ਸਾਥ ਦਿੰਦੇ ਹਨ ਤਾਂ ਉਨ੍ਹਾਂ ਨੂੰ ਵੀ ਬਹੁਤੀ ਵਾਰ ਪਰਿਵਾਰ ਦੇ ਜੀਅ ਅਤੇ ਦੋਸਤ-ਮਿੱਤਰ ਟਿੱਚਰਾਂ ਕਰਦੇ ਹਨ। ਦੋਸਤ ਉਸ ਨੂੰ ਅਕਸਰ ‘ਘਰਵਾਲੀ ਦੇ ਥੱਲੇ ਲੱਗਿਆ’, ‘ਜ਼ੋਰੂ ਦਾ ਗੁਲਾਮ’ ਕਹਿੰਦੇ ਹਨ; ਪਰਿਵਾਰ ਦੇ ਜੀਆਂ ਨੂੰ ‘ਔਰਤਾਂ ਵਾਲੇ ਕੰਮ’ ਕਰਦਿਆਂ ਦੇਖ ਆਪਣੇ ਪੁੱਤਰ ’ਤੇ ਤਰਸ ਆਉਣ ਲੱਗਦਾ ਹੈ। ਇਉਂ ਔਰਤ ਨਾ ਚਾਹੁੰਦੀ ਹੋਈ ਵੀ ਸਹੁਰੇ ਪਰਿਵਾਰ ਵਿੱਚ ਨਫ਼ਰਤ ਦੀ ਪਾਤਰ ਬਣ ਜਾਂਦੀ ਹੈ।
ਬਹਰਹਾਲ, ਸਮੇਂ ਨਾਲ ਕੁਝ ਤਬਦੀਲੀ ਜ਼ਰੂਰ ਆਈ ਹੈ। ਕੁਝ ਮਰਦ ਆਪਣੀ ਇਸ ਜਿ਼ੰਮੇਵਾਰੀ ਨੂੰ ਸਮਝਦੇ ਹੋਏ ਨਾ ਸਿਰਫ ਅੱਗੇ ਵਧ ਕੇ ਪਤਨੀ ਦਾ ਸਾਥ ਦਿੰਦੇ ਹਨ ਸਗੋਂ ਆਪਣੇ ਦੋਸਤਾਂ-ਮਿੱਤਰਾਂ ਤੇ ਜਾਣਕਾਰਾਂ ਨੂੰ ਅਜਿਹਾ ਕਰਨ ਲਈ ਪ੍ਰੇਰਦੇ ਵੀ ਹਨ। ਕੁਝ ਮਹੀਨੇ ਪਹਿਲਾਂ ਜਦੋਂ ਸਾਨੂੰ ਘਰ ਵਿੱਚ ਨਵਾਂ ਜੀਅ ਆਉਣ ਦੀ ਖਬਰ ਮਿਲੀ, ਉਹ ਵੇਲਾ ਸਾਡੇ ਦੋਵਾਂ ਲਈ ਅਮੁੱਲ ਸੀ। ਇਸ ਜਹਾਨ ਅੰਦਰ ਇਸ ਜੀਅ ਦੀ ਆਮਦ ਅਜੇ ਹੋਣੀ ਹੈ ਪਰ ਮੇਰੇ ਜੀਵਨ ਸਾਥੀ ਨੇ ਹੋਰਨਾਂ ਵਾਂਗ ਇਸ ਖੁਸ਼ੀ ’ਤੇ ਸਿਰਫ ਜਸ਼ਨ ਮਨਾਉਣ ਦੀ ਥਾਂ ਉਨ੍ਹਾਂ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਹੁਣ ਤੱਕ ਹਰ ਦਿਨ ਮੇਰੀ ਅਤੇ ਬੱਚੇ ਦੀ ਸੰਭਾਲ ਕੀਤੀ ਹੈ। ਇਸ ਸਫ਼ਰ ਵਿੱਚ ਹਰ ਕਦਮ ’ਤੇ ਸਾਥ ਦਿੱਤਾ। ਔਰਤ ਲਈ ਇਨ੍ਹਾਂ ਨੌਂ ਮਹੀਨਿਆਂ ਦੀ ਘਾਲਣਾ ਇਕੱਲਿਆਂ ਝੱਲਣਾ ਸੁਖਾਲਾ ਨਹੀਂ ਹੁੰਦਾ ਪਰ ਜਦੋਂ ਉਸ ਦਾ ਸਾਥੀ ਇਸ ਸਫ਼ਰ ਵਿੱਚ ਸਾਥ ਦੇਵੇ ਤਾਂ ਔਰਤ ਦੇ ਦਿਲ ਵਿੱਚ ਸਾਥੀ ਲਈ ਪਿਆਰ ਤੇ ਇੱਜ਼ਤ ਹਜ਼ਾਰਾਂ ਗੁਣਾ ਵਧ ਜਾਂਦੇ ਹਨ। ਉਂਝ ਵੀ, ਇਹ ਮਸਲਾ ਨਿੱਜੀ ਨਹੀਂ, ਬਰਾਬਰੀ ਆਧਾਰਿਤ ਪਰਿਵਾਰਕ ਤੇ ਸਮਾਜਿਕ ਢਾਂਚੇ ਅਤੇ ਸਮੁੱਚੇ ਔਰਤ ਵਰਗ ਦੀ ਆਜ਼ਾਦੀ ਨਾਲ ਜੁੜਿਆ ਹੋਇਆ ਹੈ।
ਸੰਪਰਕ: jitinderjit@gmail.com