ਮਹਿਲਾ ਅੰਡਰ-19 ਟੀ20 ਵਿਸ਼ਵ ਕੱਪ: ਪਾਕਿਸਤਾਨ ਤੇ ਨੇਪਾਲ ਨੇ ਚੌਥੇ ਸਥਾਨ ਦੇ ਪਲੇਅਆਫ ਮੈਚ ਜਿੱਤੇ
ਕੁਆਲਾਲੰਪੁਰ:
ਪਾਕਿਸਤਾਨ ਤੇ ਨੇਪਾਲ ਨੇ ਅੱਜ ਇੱਥੇ ਆਈਸੀਸੀ ਮਹਿਲਾ ਅੰਡਰ-19 ਟੀ20 ਵਿਸ਼ਵ ਕੱਪ ਵਿੱਚ ਚੌਥੇ ਸਥਾਨ ਦੇ ਪਲੇਅਆਫ ਮੈਚ ਜਿੱਤੇ। ਨੌਜਵਾਨ ਤੇਜ਼ ਗੇਂਦਬਾਜ਼ ਹਨੀਆ ਅਹਿਮਰ ਦੀਆਂ ਚਾਰ ਵਿਕਟਾਂ ਦੇ ਜ਼ੋਰ ’ਤੇ ਪਾਕਿਸਤਾਨ ਨੇ ਸਮੋਆ ਨੂੰ 52 ਦੌੜਾਂ ਨਾਲ ਹਰਾਇਆ। ਦੂਜੇ ਪਾਸੇ ਨੇਪਾਲ ਨੇ ਘੱਟ ਸਕੋਰ ਵਾਲੇ ਮੈਚ ਵਿੱਚ ਮਲੇਸ਼ੀਆ ਨੂੰ ਸੱਤ ਵਿਕਟਾਂ ਨਾਲ ਹਰਾਇਆ। ਸੁਪਰ-6 ਦੇ ਮੈਚ ਸ਼ਨਿਚਰਵਾਰ ਨੂੰ ਖੇਡੇ ਜਾਣਗੇ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ਵਿੱਚ ਅੱਠ ਵਿਕਟਾਂ ’ਤੇ 136 ਦੌੜਾਂ ਬਣਾਈਆਂ ਅਤੇ ਫਿਰ ਇਸ ਤੋਂ ਬਾਅਦ ਸਮੋਆ ਨੂੰ 18.5 ਓਵਰਾਂ ਵਿੱਚ 84 ਦੌੜਾਂ ’ਤੇ ਆਊਟ ਕਰ ਦਿੱਤਾ। ਪਾਕਿਸਤਾਨ ਵੱਲੋਂ ਹਨੀਆ ਨੇ 20 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਕ ਹੋਰ ਮੈਚ ਵਿੱਚ ਨੇਪਾਲ ਨੇ ਮਲੇਸ਼ੀਆ ਨੂੰ ਸਿਰਫ਼ 45 ਦੌੜਾਂ ’ਤੇ ਆਊਟ ਕਰ ਦਿੱਤਾ ਅਤੇ ਫਿਰ 11 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 47 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਕਪਤਾਨ ਪੂਜਾ ਮਹਿਤੋ ਨੇ ਚਾਰ ਅਤੇ ਰਚਨਾ ਚੌਧਰੀ ਨੇ ਤਿੰਨ ਵਿਕਟਾਂ ਲਈਆਂ। -ਪੀਟੀਆਈ