ਮਹਿਲਾ ਅੰਡਰ-19 ਵਿਸ਼ਵ ਕੱਪ: ਭਾਰਤ ਨੇ ਮਲੇਸ਼ੀਆ ਨੂੰ 10 ਵਿਕਟਾਂ ਨਾਲ ਹਰਾਇਆ
ਕੁਆਲਾਲੰਪੁਰ, 21 ਜਨਵਰੀ
ਆਪਣਾ ਪਹਿਲਾ ਮੈਚ ਖੇਡ ਰਹੀ ਖੱਬੂ ਸਪਿੰਨਰ ਵੈਸ਼ਨਵੀ ਸ਼ਰਮਾ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਅੱਜ ਇੱਥੇ ਆਈਸੀਸੀ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਮਲੇਸ਼ੀਆ ਨੂੰ ਦਸ ਵਿਕਟਾਂ ਨਾਲ ਹਰਾ ਦਿੱਤਾ। ਵੈਸ਼ਨਵੀ ਨੇ ਪੰਜ ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ, ਜਿਸ ਵਿੱਚ ਹੈਟ੍ਰਿਕ ਵੀ ਸ਼ਾਮਲ ਹੈ। ਇਸੇ ਤਰ੍ਹਾਂ ਸਪਿੰਨਰ ਆਯੂਸ਼ੀ ਸ਼ੁਕਲਾ ਨੇ ਵੀ ਅੱਠ ਦੌੜਾਂ ਦੇ ਕੇ ਤਿੰਨ ਵਿਕਟਾਂ ਲਈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਮਲੇਸ਼ੀਆ ਦੀ ਪਾਰੀ 14.3 ਓਵਰਾਂ ਵਿੱਚ 31 ਦੌੜਾਂ ’ਤੇ ਹੀ ਸਮੇਟ ਦਿੱਤੀ। ਮਲੇਸ਼ੀਆ ਦੀ ਕੋਈ ਵੀ ਬੱਲੇਬਾਜ਼ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੀ। ਭਾਰਤ ਨੇ ਇਹ ਟੀਚਾ 2.5 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਜੀ ਤ੍ਰਿਸ਼ਾ ਨੇ 12 ਗੇਂਦਾਂ ਵਿੱਚ 5 ਚੌਕਿਆਂ ਦੀ ਮਦਦ ਨਾਲ ਨਾਬਾਦ 27 ਦੌੜਾਂ ਬਣਾਈਆਂ। ਜ਼ਿਕਰਯੋਗ ਹੈ ਕਿ ਮੈਚ ਦੌਰਾਨ ਭਾਰਤੀ ਗੇਂਦਬਾਜ਼ਾਂ ਨੇ ਦਸ ਵਾਈਡ ਗੇਂਦਾਂ ਸੁੱਟੀਆਂ। ਜੇ ਅਜਿਹਾ ਨਾ ਹੁੰਦਾ ਤਾਂ ਮਲੇਸ਼ੀਆ ਦਾ ਸਕੋਰ ਹੋਰ ਵੀ ਮਾੜਾ ਹੁੰਦਾ। ਭਾਰਤ ਹੁਣ ਚਾਰ ਅੰਕਾਂ ਨਾਲ ਗਰੁੱਪ ਵਿੱਚ ਸਿਖਰ ’ਤੇ ਹੈ। -ਪੀਟੀਆਈ
ਇੱਕ ਰੋਜ਼ਾ ਦਰਜਾਬੰਦੀ ’ਚ ਮੰਧਾਨਾ ਦੂਜੇ ਸਥਾਨ ’ਤੇ
ਦੁਬਈ:
ਭਾਰਤ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਆਇਰਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਤਾਜ਼ਾ ਮਹਿਲਾ ਇੱਕ ਰੋਜ਼ਾ ਬੱਲੇਬਾਜ਼ੀ ਦਰਜਾਬੰਦੀ ਵਿੱਚ ਇੱਕ ਸਥਾਨ ਉੱਪਰ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਉਸ ਦੇ 738 ਰੇਟਿੰਗ ਅੰਕ ਹਨ। ਦੱਖਣੀ ਅਫਰੀਕਾ ਦੀ ਲੌਰਾ ਵੋਲਵਾਰਡ 773 ਰੇਟਿੰਗ ਅੰਕਾਂ ਨਾਲ ਸਿਖਰ ’ਤੇ ਕਾਬਜ਼ ਹੈ। ਇਸੇ ਤਰ੍ਹਾਂ ਆਇਰਲੈਂਡ ਖ਼ਿਲਾਫ਼ ਦੂਜੇ ਮੈਚ ਵਿੱਚ ਆਪਣਾ ਪਹਿਲਾ ਸੈਂਕੜਾ ਲਾਉਣ ਵਾਲੀ ਜੈਮਿਮਾ ਰੌਡਰਿਗਜ਼ ਦੋ ਸਥਾਨ ਉਪਰ 17ਵੇਂ ਸਥਾਨ ’ਤੇ ਪਹੁੰਚ ਗਈ ਹੈ। ਸੱਟ ਕਾਰਨ ਲੜੀ ਤੋਂ ਬਾਹਰ ਰਹਿਣ ਵਾਲੀ ਕਪਤਾਨ ਹਰਮਨਪ੍ਰੀਤ ਕੌਰ 15ਵੇਂ ਸਥਾਨ ’ਤੇ ਹੈ। -ਪੀਟੀਆਈ