ਮਹਿਲਾ ਟੀ-20 ਵਿਸ਼ਵ ਕੱਪ: ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ
ਦੁਬਈ, 6 ਅਕਤੂਬਰ
India beat Pakistan by 6 wickets in Women's T20 World Cup ਅਰੁੰਧਤੀ ਰੈੱਡੀ (ਤਿੰਨ ਵਿਕਟਾਂ) ਅਤੇ ਸ਼੍ਰੇਅੰਕਾ ਪਾਟਿਲ (ਦੋ ਵਿਕਟਾਂ) ਦੀ ਅਗਵਾਈ ਹੇਠ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸ਼ੈਫਾਲੀ ਵਰਮਾ ਅਤੇ ਹਰਮਨਪ੍ਰੀਤ ਕੌਰ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਭਾਰਤ ਨੇ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਮੈਚ ਵਿੱਚ ਅੱਜ ਇੱਥੇ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ ਅੱਠ ਵਿਕਟਾਂ ’ਤੇ 105 ਦੌੜਾਂ ਬਣਾਈਆਂ। ਭਾਰਤ ਨੇ 18.5 ਓਵਰਾਂ ਵਿੱਚ ਚਾਰ ਵਿਕਟਾਂ ’ਤੇ 108 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ।
ਨਿਊਜ਼ੀਲੈਂਡ ਖ਼ਿਲਾਫ਼ ਆਪਣੇ ਸ਼ੁਰੂਆਤੀ ਮੈਚ ’ਚ ਵੱਡੀ ਹਾਰ ਝੱਲਣ ਤੋਂ ਬਾਅਦ ਭਾਰਤੀ ਟੀਮ ਲਈ ਆਪਣੀ ਨੈੱਟ ਰਨ ਰੇਟ ਸੁਧਾਰਨ ਲਈ ਇਹ ਮੈਚ 11.2 ਓਵਰਾਂ ’ਚ ਜਿੱਤਣਾ ਜ਼ਰੂਰੀ ਸੀ ਪਰ ਟੀਮ ਸੰਘਰਸ਼ ਕਰਦੀ ਨਜ਼ਰ ਆਈ। ਦੋ ਮੈਚਾਂ ’ਚ ਪਹਿਲੀ ਜਿੱਤ ਨਾਲ ਭਾਰਤੀ ਟੀਮ ਗਰੁੱਪ ਟੇਬਲ ’ਚ ਪੰਜਵੇਂ ਤੋਂ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਪਾਕਿਸਤਾਨ ਹਾਰ ਦੇ ਬਾਵਜੂਦ ਤੀਜੇ ਸਥਾਨ ’ਤੇ ਹੈ।
ਸ਼ੈਫਾਲੀ ਵਰਮਾ ਨੇ 35 ਗੇਂਦਾਂ ਦੀ ਪਾਰੀ ਵਿੱਚ ਤਿੰਨ ਚੌਕਿਆਂ ਦੀ ਮਦਦ ਨਾਲ 32 ਦੌੜਾਂ ਬਣਾਈਆਂ ਜਦਕਿ ਹਰਮਨਪ੍ਰੀਤ ਨੇ ਗਰਦਨ ਵਿੱਚ ਖਿੱਚ ਕਾਰਨ ਰਿਟਾਇਰਡ ਹਰਟ ਹੋਣ ਤੋਂ ਪਹਿਲਾਂ 24 ਗੇਂਦਾਂ ਵਿੱਚ 29 ਦੌੜਾਂ ਦਾ ਯੋਗਦਾਨ ਪਾਇਆ। ਹਰਮਨਪ੍ਰੀਤ ਸੱਟ ਕਾਰਨ ਮੈਚ ਤੋਂ ਬਾਅਦ ਐਵਾਰਡ ਸਮਾਗਮ ’ਚ ਵੀ ਨਹੀਂ ਆਈ। -ਪੀਟੀਆਈ