ਮਹਿਲਾ ਟੀ-20 ਵਿਸ਼ਵ ਕੱਪ: ਹਰਮਨਪ੍ਰੀਤ ਕਰੇਗੀ ਭਾਰਤੀ ਟੀਮ ਦੀ ਅਗਵਾਈ
ਨਵੀਂ ਦਿੱਲੀ, 27 ਅਗਸਤ
ਭਾਰਤ ਦੀ ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ 3 ਅਕਤੂਬਰ ਤੋਂ ਸੰਯੁਕਤ ਅਰਬ ਅਮੀਰਾਤ ’ਚ ਸ਼ੁਰੂ ਹੋਣ ਵਾਲੇ ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੀ ਅਗਵਾਈ ਕਰੇਗੀ। ਅੱਜ ਐਲਾਨੀ ਗਈ 15 ਮੈਂਬਰੀ ਭਾਰਤੀ ਟੀਮ ਵਿੱਚ ਚੋਣ ਕਮੇਟੀ ਨੇ ਪਹਿਲੀਆਂ ਖਿਡਾਰਨਾਂ ’ਤੇ ਹੀ ਭਰੋਸਾ ਜਤਾਇਆ ਹੈ। ਟੀਮ ਵਿੱਚ ਉਮਾ ਛੇਤਰੀ ਨੂੰ ਛੱਡ ਕੇ ਜੁਲਾਈ ’ਚ ਖੇਡੇ ਗਏ ਏਸ਼ੀਆ ਕੱਪ ਵਿੱਚ ਹਿੱਸਾ ਲੈਣ ਵਾਲੀਆਂ ਖਿਡਾਰਨਾਂ ਹੀ ਸ਼ਾਮਲ ਹਨ। ਇਸ ਤੋਂ ਇਲਾਵਾ ਬੱਲੇਬਾਜ਼ ਯਾਸਤਿਕਾ ਭਾਟੀਆ ਅਤੇ ਹਰਫਨਮੌਲਾ ਸ਼੍ਰੇਅੰਕਾ ਪਾਟਿਲ ਨੂੰ ਵੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ ਪਰ ਇਨ੍ਹਾਂ ਦੀ ਚੋਣ ਫਿਟਨੈੱਸ ’ਤੇ ਨਿਰਭਰ ਕਰੇਗੀ। ਸਮ੍ਰਿਤੀ ਮੰਧਾਨਾ ਨੂੰ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 4 ਅਕਤੂਬਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਕਰੇਗਾ। ਇਸ ਟੂਰਨਾਮੈਂਟ ਦੀ ਮੇਜ਼ਬਾਨੀ ਪਹਿਲਾਂ ਬੰਗਲਾਦੇਸ਼ ਨੇ ਕਰਨੀ ਸੀ ਪਰ ਉੱਥੇ ਰਾਜਨੀਤਕ ਅਸ਼ਾਂਤੀ ਹੋਣ ਕਾਰਨ ਇਹ ਮੁਕਾਬਲੇ ਹੁਣ ਸੰਯੁਕਤ ਅਰਬ ਅਮੀਰਾਤ ਵਿੱਚ ਹੋਣਗੇ। ਭਾਰਤ ਲਈ ਸਭ ਤੋਂ ਵੱਡੀ ਚੁਣੌਤੀ ਆਸਟਰੇਲੀਆ ਹੈ। ਇਨ੍ਹਾਂ ਦੋਵਾਂ ਟੀਮਾਂ ਨੂੰ ਪਾਕਿਸਤਾਨ ਅਤੇ ਸ੍ਰੀਲੰਕਾ ਨਾਲ ਇੱਕੋ ਗਰੁੱਪ ਵਿੱਚ ਰੱਖਿਆ ਗਿਆ ਹੈ। ਭਾਰਤੀ ਟੀਮ ’ਚ ਹਰਮਨਪ੍ਰੀਤ, ਸਮ੍ਰਿਤੀ, ਯਾਸਤਿਕਾ ਅਤੇ ਸ਼੍ਰੇਅੰਕਾ ਤੋਂ ਇਲਾਵਾ ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼, ਪੂਜਾ ਵਸਤਰਾਕਰ, ਅਰੁੰਧਤੀ ਰੈੱਡੀ, ਰੇਣੁਕਾ ਸਿੰਘ ਠਾਕੁਰ, ਦਿਆਲਨ ਹੇਮਲਤਾ, ਆਸ਼ਾ ਸੋਭਨਾ, ਰਾਧਾ ਯਾਦਵ ਅਤੇ ਸਜਨਾ ਸਜੀਵਨ ਸ਼ਾਮਲ ਹਨ। -ਪੀਟੀਆਈ