ਮਹਿਲਾ ਟੀ20 ਵਿਸ਼ਵ ਕੱਪ: ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾਇਆ
ਸ਼ਾਰਜਾਹ, 7 ਅਕਤੂਬਰ
Sophie stars as England crush SA by seven wickets ਸੋਫੀ ਐਕਲੇਸਟੋਨ ਦੀ ਸ਼ਾਨਦਾਰ ਗੇਂਦਬਾਜ਼ੀ (15 ਦੌੜਾਂ ’ਤੇ ਦੋ ਵਿਕਟਾਂ) ਤੋਂ ਬਾਅਦ ਨੈਟਲੀ ਸਿਵਰ ਬਰੰਟ (ਨਾਬਾਦ 48) ਅਤੇ ਸਲਾਮੀ ਬੱਲੇਬਾਜ਼ ਡੈਨੀਅਲ ਵਾਯਟ (43) ਵਿਚਾਲੇ ਤੀਜੇ ਵਿਕਟ ਲਈ 55 ਗੇਂਦਾਂ ’ਚ 64 ਦੌੜਾਂ ਦੀ ਸਾਂਝੇਦਾਰੀ ਨਾਲ ਇੰਗਲੈਂਡ ਨੇ ਮਹਿਲਾ ਟੀ20 ਵਿਸ਼ਵ ਕੱਪ ਦੇ ਗਰੁੱਪ ‘ਬੀ’ ਦੇ ਅਹਿਮ ਮੈਚ ਵਿੱਚ ਅੱਜ ਇੱਥੇ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
ਆਪਣੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੂੰ ਹਰਾਉਣ ਵਾਲੀ ਇੰਗਲੈਂਡ ਦੀ ਟੀਮ ਨੇ ਇਸ ਜਿੱਤ ਦੇ ਨਾਲ ਹੀ ਸੈਮੀ ਫਾਈਨਲ ਲਈ ਆਪਣਾ ਦਾਅਵਾ ਮਜ਼ਬੂਤ ਕੀਤਾ। ਦੱਖਣੀ ਅਫਰੀਕਾ ਨੂੰ ਛੇ ਵਿਕਟਾ ’ਤੇ 124 ਦੌੜਾਂ ’ਤੇ ਰੋਕਣ ਤੋਂ ਬਾਅਦ ਇੰਗਲੈਂਡ ਨੇ ਚਾਰ ਗੇਂਦਾਂ ਬਾਕੀ ਰਹਿੰਦੇ ਹੋਏ ਤਿੰਨ ਵਿਕਟਾਂ ’ਤੇ ਟੀਚਾ ਹਾਸਲ ਕਰ ਲਿਆ। ਸਿਵਰ ਬਰੰਟ ਨੇ 36 ਗੇਂਦਾਂ ’ਚ ਨਾਬਾਦ 48 ਦੌੜਾਂ ਦੀ ਹਮਲਾਵਰ ਪਾਰੀ ਵਿੱਚ ਛੇ ਚੌਕੇ ਲਗਾ ਕੇ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਨੂੰ ਹਾਵੀ ਨਹੀਂ ਹੋਣ ਦਿੱਤਾ। ਉਸ ਨੂੰ ਵਾਯਟ ਦਾ ਵਧੀਆ ਸਾਥ ਮਿਲਿਆ ਜਿਸ ਨੇ 43 ਗੇਂਦਾਂ ’ਚ ਚਾਰ ਚੌਕੇ ਲਗਾਏ। -ਪੀਟੀਆਈ