ਮਹਿਲਾ ਟੀ-20 ਵਿਸ਼ਵ ਕਿ੍ਰਕਟ ਕੱਪ ਅੱਜ ਤੋਂ
ਦੁਬਈ, 2 ਅਕਤੂਬਰ
ਭਾਰਤ, ਇੰਗਲੈਂਡ ਅਤੇ ਦੱਖਣੀ ਅਫਰੀਕਾ ਵਰਗੀਆਂ ਟੀਮਾਂ ਵੀਰਵਾਰ ਤੋਂ ਸ਼ੁਰੂ ਹੋ ਰਹੇ ਮਹਿਲਾ ਟੀ-20 ਵਿਸ਼ਵ ਕਿ੍ਰਕਟ ਕੱਪ ’ਚ ਆਸਟਰੇਲੀਆ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਦਬਦਬੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੀਆਂ। ਟੂਰਨਾਮੈਂਟ ਦੀ ਸ਼ੁਰੂਆਤ ਵੀਰਵਾਰ ਨੂੰ ਸ਼ਾਰਜਾਹ ’ਚ ਹੋਣ ਵਾਲੇ ਦੋ ਮੈਚਾਂ ਨਾਲ ਹੋਵੇਗੀ। ਪਹਿਲਾ ਮੈਚ ਬੰਗਲਾਦੇਸ਼ ਅਤੇ ਸਕਾਟਲੈਂਡ ਵਿਚਾਲੇ ਅਤੇ ਦੂਜਾ ਮੈਚ ਪਾਕਿਸਤਾਨ ਅਤੇ ਸ੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ।
ਪਹਿਲਾਂ ਇਹ ਟੂਰਨਾਮੈਂਟ ਬੰਗਲਾਦੇਸ਼ ਵਿੱਚ ਕਰਵਾਇਆ ਜਾਣਾ ਸੀ ਪਰ ਉੱਥੇ ਸਿਆਸੀ ਅਸ਼ਾਂਤੀ ਕਾਰਨ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਇਸ ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਤਬਦੀਲ ਕਰ ਦਿੱਤਾ। ਦਸ ਟੀਮਾਂ ਵਿਚਾਲੇ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ’ਚ ਆਸਟਰੇਲੀਆ ਨੂੰ ਹਰਾਉਣਾ ਸਾਰੀਆਂ ਟੀਮਾਂ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ।
ਹੁਣ ਤੱਕ ਇਹ ਟੂਰਨਾਮੈਂਟ ਨੌਂ ਵਾਰ ਕਰਵਾਇਆ ਜਾ ਚੁੱਕਾ ਹੈ, ਜਿਸ ਵਿੱਚ ਆਸਟਰੇਲੀਆ ਨੇ ਛੇ ਵਾਰ ਖਿਤਾਬ ਜਿੱਤਿਆ ਹੈ। ਇੰਗਲੈਂਡ, ਭਾਰਤ ਅਤੇ ਦੱਖਣੀ ਅਫਰੀਕਾ ਨੇ ਵਾਰ-ਵਾਰ ਦਿਖਾਇਆ ਹੈ ਕਿ ਆਸਟਰੇਲੀਆ ਨੂੰ ਹਰਾਇਆ ਜਾ ਸਕਦਾ ਹੈ ਪਰ ਜਦੋਂ ਵਿਸ਼ਵ ਕੱਪ ਦੀ ਗੱਲ ਆਉਂਦੀ ਹੈ ਤਾਂ ਕਿਸੇ ਵੀ ਟੀਮ ਲਈ ਉਸ ਨੂੰ ਹਰਾਉਣਾ ਸੌਖਾ ਨਹੀਂ ਹੁੰਦਾ। ਕਰੀਬ 18 ਮਹੀਨੇ ਪਹਿਲਾਂ ਦੱਖਣੀ ਅਫਰੀਕਾ ’ਚ ਟੀਮ ਨੂੰ ਚੈਂਪੀਅਨ ਬਣਾਉਣ ਤੋਂ ਬਾਅਦ ਮੇਗ ਲੈਨਿੰਗ ਨੇ ਸੰਨਿਆਸ ਲੈ ਲਿਆ ਸੀ ਅਤੇ ਹੁਣ ਇਸ ਟੂਰਨਾਮੈਂਟ ‘ਚ ਆਸਟਰੇਲੀਆ ਦਾ ਦਬਦਬਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਐਲੀਸਾ ਹੀਲੀ ਦੇ ਮੋਢਿਆਂ ‘ਤੇ ਹੋਵੇਗੀ। ਆਸਟਰੇਲੀਆ ਨੂੰ ਭਾਰਤ, ਪਾਕਿਸਤਾਨ, ਨਿਊਜ਼ੀਲੈਂਡ ਅਤੇ ਸ੍ਰੀਲੰਕਾ ਨਾਲ ‘ਗਰੁੱਪ ਏ’ ਵਿੱਚ ਰੱਖਿਆ ਗਿਆ ਹੈ ਜਦਕਿ ‘ਗਰੁੱਪ ਬੀ’ ਵਿੱਚ ਇੰਗਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼, ਬੰਗਲਾਦੇਸ਼ ਅਤੇ ਸਕਾਟਲੈਂਡ ਸ਼ਾਮਲ ਹਨ। ਹਰ ਗਰੁੱਪ ਵਿੱਚੋਂ ਸਿਖਰਲੀਆਂ ਦੋ ਟੀਮਾਂ ਸੈਮੀਫਾਈਨਲ ਵਿੱਚ ਥਾਂ ਬਣਾਉਣਗੀਆਂ।
ਭਾਰਤ ਦਾ ਪਹਿਲਾ ਮੁਕਾਬਲਾ ਨਿਊਜ਼ੀਲੈਂਡ ਨਾਲ ਭਲਕੇ
ਭਾਰਤ ਆਪਣਾ ਪਹਿਲਾ ਮੈਚ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਖੇਡੇਗਾ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਟੀਮ ਟੀ-20 ਵਿਸ਼ਵ ਕੱਪ 2020 ਅਤੇ ਰਾਸ਼ਟਰਮੰਡਲ ਖੇਡਾਂ 2022 ਦੇ ਫਾਈਨਲ ਵਿੱਚ ਆਸਟਰੇਲੀਆ ਹੱਥੋਂ ਹਾਰ ਗਈ ਸੀ। ਭਾਰਤੀ ਟੀਮ ਨੂੰ ਹਾਲ ਹੀ ਵਿੱਚ ਏਸ਼ੀਆ ਕੱਪ ਦੇ ਫਾਈਨਲ ’ਚ ਸ੍ਰੀਲੰਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਟੀਮ ਨੇ ਆਪਣੀ ਫਿਟਨੈੱਸ ਅਤੇ ਫੀਲਡਿੰਗ ’ਤੇ ਕਾਫੀ ਮਿਹਨਤ ਕੀਤੀ ਹੈ ਅਤੇ ਉਮੀਦ ਹੈ ਕਿ ਟੂਰਨਾਮੈਂਟ ਦੌਰਾਨ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ। ਹਰਮਨਪ੍ਰੀਤ 2018 ਤੋਂ ਟੀਮ ਦੀ ਅਗਵਾਈ ਕਰ ਰਹੀ ਹੈ ਅਤੇ ਇਸ ਵਾਰ ਉਸ ’ਤੇ ਦਬਾਅ ਹੋਵੇਗਾ। ਜੇ ਇਸ ਵਾਰ ਵੀ ਟੀਮ ਨਾਕਾਮ ਰਹਿੰਦੀ ਹੈ ਤਾਂ ਉਸ ਨੂੰ ਕਪਤਾਨੀ ਗੁਆਉਣੀ ਪੈ ਸਕਦੀ ਹੈ। -ਪੀਟੀਆਈ