ਮਹਿਲਾ ਟੀ-20: ਭਾਰਤ ਨੇ ਸਕਾਟਲੈਂਡ ਨੂੰ 150 ਦੌੜਾਂ ਨਾਲ ਹਰਾਇਆ
ਕੁਆਲਾਲੰਪੁਰ, 28 ਜਨਵਰੀ
ਸਲਾਮੀ ਬੱਲੇਬਾਜ਼ ਤ੍ਰਿਸ਼ਾ ਜੀ. ਦੇ ਸੈਂਕੜੇ ਅਤੇ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਅੱਜ ਇੱਥੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਸਕਾਟਲੈਂਡ ਨੂੰ 150 ਦੌੜਾਂ ਨਾਲ ਹਰਾ ਦਿੱਤਾ। ਭਾਰਤ ਪਹਿਲਾਂ ਹੀ ਸੈਮੀਫਾਈਨਲ ਵਿੱਚ ਪਹੁੰਚ ਚੁੱਕਾ ਹੈ। ਤ੍ਰਿਸ਼ਾ ਨੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਪਹਿਲਾ ਸੈਂਕੜਾ ਲਗਾ ਕੇ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਉਸ ਨੇ 59 ਗੇਂਦਾਂ ਵਿੱਚ 13 ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 110 ਦੌੜਾਂ ਦੀ ਨਾਬਾਦ ਪਾਰੀ ਖੇਡਣ ਦੇ ਨਾਲ-ਨਾਲ ਤਿੰਨ ਵਿਕਟਾਂ ਵੀ ਲਈਆਂ। ਉਸ ਨੇ ਕਮਾਲਿਨੀ ਜੀ. (42 ਗੇਂਦਾਂ ’ਤੇ 51 ਦੌੜਾਂ) ਨਾਲ 147 ਦੌੜਾਂ ਦੀ ਭਾਈਵਾਲੀ ਕਰਨ ਤੋਂ ਬਾਅਦ ਸਾਨਿਕਾ ਚਾਲਕੇ (20 ਗੇਂਦਾਂ ’ਤੇ ਨਾਬਾਦ 29 ਦੌੜਾਂ) ਨਾਲ ਦੂਜੀ ਵਿਕਟ ਲਈ 61 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ।
ਭਾਰਤ ਨੇ ਗਰੁੱਪ ਏ ਦੇ ਇਸ ਮੈਚ ਵਿੱਚ 20 ਓਵਰਾਂ ਵਿੱਚ ਇੱਕ ਵਿਕਟ ’ਤੇ 208 ਦੌੜਾਂ ਬਣਾਉਣ ਮਗਰੋਂ ਸਕਾਟਲੈਂਡ ਨੂੰ 14 ਓਵਰਾਂ ਵਿੱਚ 58 ਦੌੜਾਂ ’ਤੇ ਹੀ ਸਮੇਟ ਦੱਤਾ। ਖੱਬੇ ਹੱਥ ਦੀ ਸਪਿੰਨਰ ਆਯੂਸ਼ੀ ਸ਼ੁਕਲਾ (ਅੱਠ ਦੌੜਾਂ ਦੇ ਕੇ ਚਾਰ ਵਿਕਟਾਂ) ਦੀ ਅਗਵਾਈ ਹੇਠ ਭਾਰਤੀ ਗੇਂਦਬਾਜ਼ਾਂ ਨੇ ਸਕਾਟਲੈਂਡ ਨੂੰ ਮੈਚ ਵਿੱਚ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਵੈਸ਼ਨਵੀ ਸ਼ਰਮਾ ਨੇ ਪੰਜ ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦਕਿ ਤ੍ਰਿਸ਼ਾ ਨੇ ਵੀ ਛੇ ਦੌੜਾਂ ਦੇ ਕੇ ਤਿੰਨ ਬੱਲੇਬਾਜ਼ਾਂ ਨੂੰ ਆਊਟ ਕੀਤਾ। -ਪੀਟੀਆਈ