ਮਹਿਲਾ ਜੂਨੀਅਰ ਏਸ਼ੀਆ ਹਾਕੀ: ਜਪਾਨ ਨੂੰ 3-1 ਨਾਲ ਹਰਾ ਕੇ ਭਾਰਤ ਫਾਈਨਲ ’ਚ
ਮਸਕਟ, 14 ਦਸੰਬਰ
ਮੌਜੂਦਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਜਪਾਨ ਨੂੰ 3-1 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਹਾਕੀ ਕੱਪ ਦੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਉੱਧਰ ਦੂਜੇ ਸੈਮੀ ਫਾਈਨਲ ਵਿੱਚ ਚੀਨ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਫਾਈਨਲ ’ਚ ਥਾਂ ਬਣਾਈ ਹੈ। ਭਾਰਤ ਲਈ ਮੁਮਤਾਜ਼ ਖਾਨ, ਸਾਕਸ਼ੀ ਰਾਣਾ ਅਤੇ ਦੀਪਿਕਾ ਜਦਕਿ ਜਪਾਨ ਲਈ ਨਿਕੋ ਮਾਰੂਯਾਮਾ ਨੇ ਗੋਲ ਕੀਤਾ। ਜਯੋਤੀ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਲਈ ਪਹਿਲਾ ਕੁਆਰਟਰ ਇੱਕਪਾਸੜ ਰਿਹਾ।
ਸੁਨੇਲੀਤਾ ਟੋਪੋ ਨੇ ਖੇਡ ਦੇ ਦੂਜੇ ਮਿੰਟ ਵਿੱਚ ਖਤਰਨਾਕ ਗੇਂਦ ਨੂੰ ਰੋਕਣ ਲਈ ਤੇਜ਼ੀ ਨਾਲ ਦੌੜ ਕੇ ਜਪਾਨ ਦੇ ਡਰੈਗ ਫਲਿੱਕ ਦੇ ਮੌਕੇ ਨੂੰ ਨਾਕਾਮ ਕਰ ਦਿੱਤਾ। ਭਾਰਤ ਨੇ ਗਲਤੀ ਦਾ ਫਾਇਦਾ ਉਠਾਉਂਦਿਆਂ ਦੋ ਮਿੰਟ ਬਾਅਦ ਹੀ ਲੀਡ ਲੈ ਲਈ।
ਇਸ ਤੋਂ ਇੱਕ ਮਿੰਟ ਬਾਅਦ ਸਾਕਸ਼ੀ ਰਾਣਾ ਨੇ ਇੱਕ ਹੋਰ ਮੈਦਾਨੀ ਗੋਲ ਕਰਕੇ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਪਹਿਲੇ ਕੁਆਰਟਰ ਵਿੱਚ ਦੋ ਮਿੰਟ ਬਾਕੀ ਰਹਿੰਦਿਆਂ ਭਾਰਤ ਨੂੰ ਪੈਨਲਟੀ ਸਟਰੋਕ ਮਿਲਿਆ, ਜਿਸ ਨੂੰ ਦੀਪਿਕਾ ਨੇ ਗੋਲ ਵਿੱਚ ਬਦਲ ਕੇ ਸਕੋਰ 3-0 ਕਰ ਦਿੱਤਾ।
ਦੂਜੇ ਕੁਆਰਟਰ ’ਚ ਜਪਾਨ ਨੇ ਕੁਝ ਮੌਕੇ ਬਣਾਏ ਪਰ ਭਾਰਤ ਦੀ ਮਜ਼ਬੂਤ ਡਿਫੈਂਸ ਨੇ ਇਸ ਨੂੰ ਨਾਕਾਮ ਕਰ ਦਿੱਤਾ। ਜਪਾਨ ਲਈ ਨਿਕੋ ਨੇ 23ਵੇਂ ਮਿੰਟ ਵਿੱਚ ਗੋਲ ਕੀਤਾ। -ਪੀਟੀਆਈ