Women's Junior Asia Cup hockey: ਮਹਿਲਾ ਜੂਨੀਅਰ ਏਸ਼ੀਆ ਹਾਕੀ ਕੱਪ: ਭਾਰਤ ਨੇ ਜਾਪਾਨ ਨੂੰ 3-1 ਨਾਲ ਹਰਾਇਆ
ਮਸਕਟ, 14 ਦਸੰਬਰ
ਮੌਜੂਦਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਜਾਪਾਨ ’ਤੇ 3-1 ਦੀ ਜਿੱਤ ਨਾਲ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾ ਲਈ। ਭਾਰਤ ਵੱਲੋਂ ਮੁਮਤਾਜ਼ ਖਾਨ (ਚੌਥੇ ਮਿੰਟ), ਸਾਕਸ਼ੀ ਰਾਣਾ (ਪੰਜਵੇਂ ਮਿੰਟ) ਤੇ ਦੀਪਿਕਾ (13ਵੇਂ ਮਿੰਟ) ਨੇ ਪਹਿਲੇ ਕੁਆਰਟਰ ਵਿੱਚ ਗੋਲ ਕੀਤੇ ਜਦਕਿ ਜਾਪਾਨ ਲਈ ਨਿਕੋ ਮਾਰੂਯਾਮਾ ਨੇ 23ਵੇਂ ਮਿੰਟ ਵਿੱਚ ਗੋਲ ਕੀਤਾ।
ਜੋਤੀ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਲਈ ਸ਼ੁਰੂਆਤੀ ਕੁਆਰਟਰ ਇੱਕਤਰਫ਼ਾ ਰਿਹਾ। ਸੁਨਲਿਤਾ ਟੋਪੋ ਨੇ ਮੁਕਾਬਲੇ ਦੇ ਦੂਜੇ ਮਿੰਟ ਵਿੱਚ ਇੱਕ ਖਤਰਨਾਕ ਗੇਂਦ ਨੂੰ ਰੋਕ ਕੇ ਜਾਪਾਨ ਦੇ ਡਰੈਗ ਫਲਿੱਕ ਦੇ ਮੌਕੇ ਨੂੰ ਨਾਕਾਮ ਕਰ ਦਿੱਤਾ। ਭਾਰਤ ਨੇ ਦੋ ਮਿੰਟ ਮਗਰੋਂ ਗ਼ਲਤੀ ਦਾ ਫਾਇਦਾ ਉਠਾਉਂਦਿਆਂ ਲੀਡ ਬਣਾ ਲਈ।
ਇੱਕ ਮਿੰਟ ਬਾਅਦ ਸਾਕਸ਼ੀ ਰਾਣਾ ਨੇ ਇੱਕ ਹੋਰ ਮੈਦਾਨੀ ਗੋਲ ਦਾਗ਼ ਕੇ ਮੌਜੂਦਾ ਚੈਂਪੀਅਨ ਨੂੰ 2-0 ਨਾਲ ਅੱਗੇ ਕਰ ਦਿੱਤਾ। ਭਾਰਤ ਨੇ ਗਰੁੱਪ ਮੈਚ ਵਿੱਚ ਚੀਨ ਖ਼ਿਲਾਫ਼ ਮਿਲੀ ਹਾਰ ਤੋਂ ਸਬਕ ਸਿੱਖਿਆ ਹੈ। ਪਹਿਲੇ ਕੁਆਰਟਰ ਵਿੱਚ ਦੋ ਮਿੰਟ ਬਾਕੀ ਰਹਿੰਦਿਆਂ ਭਾਰਤ ਨੂੰ ਪੈਨਲਟੀ ਸਟਰੋਕ ਮਿਲਿਆ ਜਿਸ ਨੂੰ ਦੀਪਿਕਾ ਨੇ ਗੋਲ ਵਿੱਚ ਬਦਲ ਲੀਡ 3-0 ਕਰ ਦਿੱਤੀ।
ਦੂਜੇ ਕੁਆਰਟਰ ਵਿੱਚ ਜਾਪਾਨ ਨੇ ਕੁਝ ਮੌਕਿਆਂ ’ਤੇ ਵਿਰੋਧੀ ਘੇਰੇ ਵਿੱਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਮਜ਼ਬੂਤ ਡਿਫੈਂਸ ਨੇ ਉਸ ਨੂੰ ਨਾਕਾਮ ਕਰ ਦਿੱਤਾ। ਜਾਪਾਨ ਦੇ ਖਿਡਾਰੀਆਂ ਨੇ ਅਖ਼ੀਰ ਵਿੱਚ 23ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ, ਜਿਸ ਨਾਲ ਅੰਤਰ ਘਟ ਗਿਆ। ਖ਼ਿਤਾਬੀ ਮੁਕਾਬਲੇ ਵਿੱਚ ਭਾਰਤ ਦਾ ਸਾਹਮਣਾ ਚੀਨ ਨਾਲ ਹੋਵੇਗਾ ਜਿਸ ਨੇ ਦੂਜੇ ਸੈਮੀਫਾਈਨਲ ਵਿੱਚ ਪਿਛਲੇ ਗੇੜ ਦੇ ਉਪ ਜੇਤੂ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ ਸੀ। -ਪੀਟੀਆਈ