ਮਹਿਲਾ ਹਾਕੀ: ਭਾਰਤ ਤੇ ਥਾਈਲੈਂਡ ਵਿਚਾਲੇ ਮੁਕਾਬਲਾ ਅੱਜ
ਰਾਜਗੀਰ, 13 ਨਵੰਬਰ
ਆਪਣੇ ਪਹਿਲੇ ਦੋਵੇਂ ਮੈਚਾਂ ਵਿੱਚ ਜਿੱਤ ਦਰਜ ਕਰਕੇ ਉਤਸ਼ਾਹਿਤ ਭਾਰਤੀ ਟੀਮ ਵੀਰਵਾਰ ਨੂੰ ਇੱਥੇ ਏਸ਼ਿਆਈ ਮਹਿਲਾ ਹਾਕੀ ਚੈਂਪੀਅਨਜ਼ ਟਰਾਫੀ ’ਚ ਥਾਈਲੈਂਡ ਖ਼ਿਲਾਫ਼ ਵੱਡੀ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਭਾਰਤ ਅਤੇ ਚੀਨ ਨੇ ਹੁਣ ਤੱਕ ਆਪਣੇ ਦੋਵੇਂ ਮੈਚ ਜਿੱਤੇ ਹਨ ਪਰ ਭਾਰਤੀ ਟੀਮ ਗੋਲ ਅੰਤਰ ਵਿੱਚ ਪਿੱਛੇ ਹੈ, ਜਿਸ ਕਰਕੇ ਅੰਕ ਸੂਚੀ ਵਿੱਚ ਚੀਨ ਸਿਖ਼ਰ ’ਤੇ ਹੈ। ਭਾਰਤ ਹੁਣ ਥਾਈਲੈਂਡ ਦੀ ਕਮਜ਼ੋਰ ਟੀਮ ਖ਼ਿਲਾਫ਼ ਵੱਡੀ ਜਿੱਤ ਦਰਜ ਕਰਕੇ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੇਗਾ। ਸੂਚੀ ਵਿੱਚ ਜਾਪਾਨ ਤੀਜੇ ਜਦਕਿ ਦੱਖਣੀ ਕੋਰੀਆ ਚੌਥੇ ਸਥਾਨ ’ਤੇ ਹੈ।
ਛੇ ਟੀਮਾਂ ਵਿਚਾਲੇ ਖੇਡੇ ਜਾ ਰਹੇ ਇਸ ਟੂਰਨਾਮੈਂਟ ਦੇ ਰਾਊਂਡ ਰੌਬਿਨ ਗੇੜ ’ਚ ਸਿਖਰ ’ਤੇ ਰਹਿਣ ਵਾਲੀਆਂ ਚਾਰ ਟੀਮਾਂ ਸੈਮੀਫਾਈਨਲ ’ਚ ਥਾਂ ਬਣਾਉਣਗੀਆਂ। ਭਾਰਤੀ ਟੀਮ ਨੇ ਹੁਣ ਤੱਕ ਦੋਵੇਂ ਮੈਚਾਂ ਵਿੱਚ ਗੋਲ ਕਰਨ ਦੇ ਕਈ ਮੌਕੇ ਬਣਾਏ ਪਰ ਉਹ ਓਨੇ ਗੋਲ ਨਹੀਂ ਕਰ ਸਕੀ, ਜਿੰਨੇ ਕਰਨੇ ਚਾਹੀਦੇ ਸਨ। ਭਾਰਤੀ ਕੋਚ ਹਰਿੰਦਰ ਸਿੰਘ ਟੀਮ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਨਜ਼ਰ ਨਹੀਂ। ਉਨ੍ਹਾਂ ਕਿਹਾ, ‘ਅਸੀਂ ਹੋਰ ਗੋਲ ਕਰ ਸਕਦੇ ਸੀ ਪਰ ਅਸੀਂ ਜਲਦਬਾਜ਼ੀ ਕੀਤੀ ਅਤੇ ਸਹੀ ਬਦਲ ਦੀ ਉਡੀਕ ਨਹੀਂ ਕੀਤੀ। ਅਸੀਂ ਇਨ੍ਹਾਂ ਮੈਚਾਂ ਦੀਆਂ ਵੀਡੀਓਜ਼ ਦੇਖ ਕੇ ਗਲਤੀਆਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ।’ ਹੁਣ ਤੱਕ ਫਾਰਵਰਡ ਸੰਗੀਤਾ ਕੁਮਾਰੀ ਅਤੇ ਦੀਪਿਕਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦੋਵਾਂ ਨੇ ਹੁਣ ਤੱਕ ਤਿੰਨ-ਤਿੰਨ ਗੋਲ ਕੀਤੇ ਹਨ। ਕਪਤਾਨ ਸਲੀਮਾ ਟੇਟੇ ਅਤੇ ਉਪ ਕਪਤਾਨ ਨਵਨੀਤ ਕੌਰ ਨੂੰ ਬਿਹਤਰ ਖੇਡਣਾ ਹੋਵੇਗਾ। -ਪੀਟੀਆਈ
ਪੈਨਲਟੀ ਕਾਰਨਰ ਨੂੰ ਗੋਲ ’ਚ ਨਾ ਬਦਲਣਾ ਚਿੰਤਾ ਦਾ ਵਿਸ਼ਾ
ਪੈਨਲਟੀ ਕਾਰਨਰ ਨੂੰ ਗੋਲ ’ਚ ਨਾ ਬਦਲਣਾ ਭਾਰਤੀ ਟੀਮ ਲਈ ਚਿੰਤਾ ਦਾ ਵਿਸ਼ਾ ਹੈ। ਮਲੇਸ਼ੀਆ ਖ਼ਿਲਾਫ਼ ਭਾਰਤ ਨੇ 11 ਪੈਨਲਟੀ ਕਾਰਨਰ ਹਾਸਲ ਕੀਤੇ ਪਰ ਇਨ੍ਹਾਂ ’ਚੋਂ ਸਿਰਫ਼ ਤਿੰਨ ਨੂੰ ਹੀ ਗੋਲ ਵਿੱਚ ਬਦਲ ਸਕਿਆ। ਇਸੇ ਤਰ੍ਹਾਂ ਦੱਖਣੀ ਕੋਰੀਆ ਖ਼ਿਲਾਫ਼ ਭਾਰਤ ਨੇ ਅੱਠ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਉਹ ਇਨ੍ਹਾਂ ਦਾ ਵੀ ਫਾਇਦਾ ਨਹੀਂ ਉਠਾ ਸਕਿਆ।