ਮਹਿਲਾ ਹਾਕੀ: ਭਾਰਤ ਤੇ ਚੀਨ ਵਿਚਾਲੇ ਮੁਕਾਬਲਾ ਅੱਜ
ਰਾਜਗੀਰ, 15 ਨਵੰਬਰ
ਮੌਜੂਦਾ ਚੈਂਪੀਅਨ ਭਾਰਤ ਦਾ ਸ਼ਨਿਚਰਵਾਰ ਨੂੰ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਚੀਨ ਨਾਲ ਮੁਕਾਬਲਾ ਹੋਵੇਗਾ। ਇਹ ਟੂਰਨਾਮੈਂਟ ਵਿੱਚ ਭਾਰਤ ਲਈ ਹੁਣ ਤੱਕ ਦੀ ਸਭ ਤੋਂ ਮੁਸ਼ਕਲ ਚੁਣੌਤੀ ਹੋ ਸਕਦੀ ਹੈ। ਭਾਰਤ ਅਤੇ ਚੀਨ ਦੋਵਾਂ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਸਾਰੇ ਮੈਚ ਜਿੱਤੇ ਹਨ। ਬਿਹਤਰ ਗੋਲ ਔਸਤ ਦੇ ਆਧਾਰ ’ਤੇ ਚੀਨ ਭਾਰਤ ਤੋਂ ਅੱਗੇ ਹੈ। ਰਾਊਂਡ ਰੌਬਿਨ ਗੇੜ ਤੋਂ ਬਾਅਦ ਚਾਰ ਟੀਮਾਂ ਸੈਮੀਫਾਈਨਲ ਖੇਡਣਗੀਆਂ। ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਆਖਰੀ ਦੋ ਮੈਚਾਂ ਵਿੱਚ ਦੋਵੇਂ ਵਾਰ ਚੀਨ ਜੇਤੂ ਰਿਹਾ ਹੈ। ਭਾਰਤ ਕੋਲ ਹੁਣ ਇਸ ਦਾ ਬਦਲਾ ਲੈਣ ਦਾ ਸੁਨਹਿਰੀ ਮੌਕਾ ਹੈ। ਥਾਈਲੈਂਡ ਨੂੰ 13-0 ਨਾਲ ਹਰਾਉਣ ਤੋਂ ਬਾਅਦ ਭਾਰਤ ਦੇ ਟੂਰਨਾਮੈਂਟ ਵਿੱਚ ਕੁੱਲ 20 ਗੋਲ ਹੋ ਗਏ ਹਨ ਜਦਕਿ ਚੀਨ ਨੇ ਕੁੱਲ 22 ਗੋਲ ਕੀਤੇ ਹਨ। ਭਾਰਤ ਨੇ ਥਾਈਲੈਂਡ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅੱਠ ਮੈਦਾਨੀ ਗੋਲਾਂ ਦੇ ਨਾਲ-ਨਾਲ ਪੰਜ ਪੈਨਲਟੀ ਕਾਰਨਰਾਂ ਨੂੰ ਗੋਲ ’ਚ ਬਦਲਿਆ ਸੀ। ਥਾਈਲੈਂਡ ਖ਼ਿਲਾਫ਼ ਜਿੱਤ ਬਾਰੇ ਭਾਰਤੀ ਕੋਚ ਹਰਿੰਦਰ ਸਿੰਘ ਨੇ ਕਿਹਾ, ‘ਮੈਂ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਹੈ। ਡਿਫੈਂਡਰਾਂ ਅਤੇ ਮਿਡਫੀਲਡਰਾਂ ਵਿਚਾਲੇ ਚੰਗਾ ਤਾਲਮੇਲ ਨਜ਼ਰ ਆਇਆ। ਅਸੀਂ ਇਹ ਲੈਅ ਕਾਇਮ ਰੱਖਣੀ ਚਾਹਾਂਗੇ।’ -ਪੀਟੀਆਈ