ਮਹਿਲਾ ਹਾਕੀ: ਭਾਰਤ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਦੇ ਸੈਮੀਫਾਈਨਲ ’ਚ
ਰਾਜਗੀਰ (ਬਿਹਾਰ), 16 ਨਵੰਬਰ
ਮੌਜੂਦਾ ਚੈਂਪੀਅਨ ਭਾਰਤ ਨੇ ਅੱਜ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜੇਤੂ ਚੀਨ ਨੂੰ 3-0 ਨਾਲ ਹਰਾ ਕੇ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਦੇ ਸੈਮਫਾਈਨਲ ’ਚ ਥਾਂ ਪੱਕੀ ਕਰ ਲਈ ਹੈ।
ਮੈਚ ਦੌਰਾਨ ਭਾਰਤ ਵੱਲੋਂ ਸੰਗੀਤਾ ਕੁਮਾਰੀ ਤੇ ਕਪਤਾਨ ਸਲੀਮਾ ਟੇਟੇ ਨੇ ਕ੍ਰਮਵਾਰ 32ਵੇਂ ਤੇ 37ਵੇਂ ਮਿੰਟ ’ਚ ਦੋ ਮੈਦਾਨੀ ਕੀਤੇ ਜਦਕਿ ਟੂਰਨਾਮੈਂਟ ’ਚ ਹੁਣ ਤੱਕ ਸਭ ਤੋਂ ਵੱਧ ਗੋਲ ਕਰਨ ਵਾਲੀ ਦੀਪਿਕਾ ਨੇ ਟੀਮ ਵੱਲੋਂ ਤੀਜਾ ਗੋਲ ਪੈਨਲਟੀ ਕਾਰਨਰ ਰਾਹੀਂ 60ਵੇਂ ਮਿੰਟ ’ਚ ਦਾਗਿਆ।
ਦੁਨੀਆਂ ਦੀ ਛੇਵੇਂ ਨੰਬਰ ਦੀ ਟੀਮ ਚੀਨ ਖ਼ਿਲਾਫ ਭਾਰਤੀ ਟੀਮ ਨੇ ਟੂਰਨਾਮੈਂਟ ’ਚ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ। ਚਾਰ ਮੈਚਾਂ ’ਚੋਂ ਅੱਠ ਅੰਕਾਂ ਨਾਲ ਮੇਜ਼ਬਾਨ ਟੀਮ ਹੁਣ ਅੰਕ ਸੂਚੀ ’ਚ ਸਿਖਰ ’ਤੇ ਪਹੁੰਚ ਗਈ ਹੈ ਜਦਕਿ ਚਾਰ ਮੈਚਾਂ ’ਚੋਂ ਛੇ ਅੰਕਾਂ ਨਾਲ ਚੀਨ ਦੀ ਟੀਮ ਦੂਜੇ ਸਥਾਨ ’ਤੇ ਖਿਸਕ ਗਈ। ਭਾਰਤੀ ਮਹਿਲਾ ਹਾਕੀ ਟੀਮ ਆਪਣੇ ਆਖਰੀ ਰਾਊਂਡ ਰੌਬਿਨ ਲੀਗ ਮੈਚ ’ਚ ਭਲਕੇ ਐਤਵਾਰ ਨੂੰ ਜਪਾਨ ਦਾ ਸਾਹਮਣਾ ਕਰੇਗੀ। ਛੇ ਮੁਲਕਾਂ ਦੇ ਇਸ ਮਹਾਂਦੀਪੀ ਟੂਰਨਾਮੈਂਟ ’ਚ ਚਾਰ ਸਿਖਰਲੀਆਂ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਇਸੇ ਦੌਰਾਨ ਟੂਰਨਾਮੈਂਟ ਦੇ ਦੋ ਹੋਰ ਮੈਚਾਂ ਵਿੱਚ ਜਪਾਨ ਨੇ ਮਲੇਸ਼ੀਆ ਨੂੰ 2-1 ਗੋਲਾਂ ਨਾਲ ਅਤੇ ਕੋਰੀਆ ਨੇ ਥਾਈਲੈਂਡ ਨੂੰ 4-0 ਨਾਲ ਹਰਾਇਆ। -ਪੀਟੀਆਈ