For the best experience, open
https://m.punjabitribuneonline.com
on your mobile browser.
Advertisement

ਔਰਤਾਂ ਦੀ ਬਰਾਬਰੀ ਜ਼ਰੂਰੀ

11:47 AM Mar 09, 2024 IST
ਔਰਤਾਂ ਦੀ ਬਰਾਬਰੀ ਜ਼ਰੂਰੀ
Advertisement

ਡਾ. ਰਣਜੀਤ ਸਿੰਘ

ਜੇਕਰ ਭਾਰਤ ਦੇ ਇਤਿਹਾਸ ਵੱਲ ਝਾਤ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਸਮਾਜ ਵਿੱਚ ਔਰਤ ਨੂੰ ਕਦੇ ਵੀ ਮਰਦ ਦੀ ਬਰਾਬਰੀ ਦਾ ਹੱਕ ਪ੍ਰਾਪਤ ਨਹੀਂ ਹੋਇਆ। ਉਸ ਲਈ ਪਤੀ ਹਮੇਸ਼ਾਂ ਪਰਮੇਸ਼ਰ ਜਾਂ ਮਾਲਕ ਹੀ ਰਿਹਾ ਹੈ। ਔਰਤ ਦਾ ਮੁੱਖ ਕਾਰਜ ਘਰ ਦੀ ਚਾਰਦੀਵਾਰੀ ਤੱਕ ਸੀਮਤ ਰੱਖਿਆ ਗਿਆ ਹੈ। ਆਪਣੇ ਪਤੀ ਦੀ ਸਰੀਰਕ ਭੁੱਖ ਪੂਰੀ ਕਰਨ ਤੇ ਸਾਰੇ ਪਰਿਵਾਰ ਦੀ ਸੇਵਾ ਕਰਨਾ ਹੀ ਉਸ ਦਾ ਧਰਮ ਮੰਨਿਆ ਗਿਆ ਹੈ। ਇੱਥੋਂ ਤੱਕ ਕਿ ਲੋੜ ਪੈਣ ਉੱਤੇ ਪਤਨੀ ਨੂੰ ਆਪਣੇ ਪਤੀ ਦੀ ਹੀ ਨਹੀਂ ਸਗੋਂ ਉਸ ਦੇ ਭਰਾਵਾਂ ਦੀ ਵੀ ਨਾਰ ਬਣ ਕੇ ਰਹਿਣਾ ਪਿਆ ਹੈ। ਪਤਨੀ ਦੇ ਮਰਨ ਪਿੱਛੋਂ ਪਤੀ ਦੂਜਾ ਵਿਆਹ ਕਰਵਾਉਣ ਦਾ ਹੱਕਦਾਰ ਸੀ, ਇੱਕ ਪਤਨੀ ਦੇ ਹੁੰਦਿਆਂ ਦੂਜੀ ਪਤਨੀ ਵੀ ਲਿਆ ਸਕਦਾ ਸੀ ਪਰ ਵਿਧਵਾ ਹੋਈ ਔਰਤ ਕੋਲੋਂ ਜਿਊਣ ਦੇ ਸਾਰੇ ਹੱਕ ਖੋਹ ਲਏ ਜਾਂਦੇ ਸਨ। ਜੇਕਰ ਕੋਈ ਮਰਦ ਪਰਾਈ ਇਸਤਰੀ ਕੋਲ ਚਲਾ ਜਾਵੇ ਤਾਂ ਉਹ ਅਮੀਰਾਂ ਦੇ ਚੋਚਲੇ, ਜੇਕਰ ਕੋਈ ਔਰਤ ਅਜਿਹਾ ਕਰ ਬੈਠੇ ਤਾਂ ਉਹ ਬਦਨਾਮ ਬਣ ਜਾਂਦੀ ਸੀ ਤੇ ਹੁਣ ਹੀ ਹੈ।
ਮਰਦ ਹਮੇਸ਼ਾਂ ਮਤਲਬੀ ਰਿਹਾ ਹੈ। ਆਪਣੀ ਲੋੜ ਲਈ ਉਹ ਦੇਵੀਆਂ ਦੀ ਪੂਜਾ ਕਰਦਾ ਹੈ। ਸ਼ਕਤੀ ਲਈ ਦੁਰਗਾ ਮਾਤਾ, ਦੌਲਤ ਲਈ ਲਕਸ਼ਮੀ ਅਤੇ ਕਲਾ ਲਈ ਸਰਸਵਤੀ ਦੀ ਪੂਜਾ ਕਰਦਾ ਹੈ ਪਰ ਆਪਣੀ ਬਰਾਬਰੀ ਉਸ ਤੋਂ ਸਹਿਣ ਨਹੀਂ ਹੁੰਦੀ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਇਸ ਬੇਇਨਸਾਫੀ ਵਿਰੁੱਧ ਆਵਾਜ਼ ਉਠਾਈ ਸੀ। ਉਨ੍ਹਾਂ ਨੇ ਲੋਕਾਂ ਨੂੰ ਔਰਤ ਦਾ ਸਤਿਕਾਰ ਕਰਨ ਅਤੇ ਮੰਦਾ ਨਾ ਆਖਣ ਦਾ ਉਪਦੇਸ਼ ਦਿੱਤਾ। ਤੀਜੇ ਗੁਰੂ ਅਮਰ ਦਾਸ ਜੀ ਨੇ ਸਤੀ ਪ੍ਰਥਾ ਵਿਰੁੱਧ ਆਵਾਜ਼ ਬੁਲੰਦ ਕੀਤੀ। ਇਸ ਪ੍ਰਥਾ ਅਨੁਸਾਰ ਆਪਣੇ ਪਤੀ ਦੀ ਚਿਤਾ ਵਿੱਚ ਜਿਊਂਦੇ ਸੜਨ ਲਈ ਪਤਨੀ ਨੂੰ ਮਜਬੂਰ ਕੀਤਾ ਜਾਂਦਾ ਸੀ। ਗੁਰੂ ਘਰ ਵਿੱਚ ਔਰਤ ਦਾ ਪੂਰਾ ਸਤਿਕਾਰ ਕੀਤਾ ਗਿਆ। ਦਸਮੇਸ਼ ਪਿਤਾ ਨੇ ਔਰਤਾਂ ਨੂੰ ਵੀ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਸਮਾਜ ਵਿੱਚ ਬਰਾਬਰੀ ਦੀ ਲਹਿਰ ਚਲਾਈ। ਉਨ੍ਹਾਂ ਆਪਣੇ ਸਿੰਘਾਂ ਨੂੰ ਹੁਕਮ ਕੀਤਾ ਕਿ ਜੰਮਦਿਆਂ ਹੀ ਕੁੜੀਆਂ ਨੂੰ ਮਾਰਨਾ ਮਹਾਂ ਪਾਪ ਹੈ, ਇਹ ਘੋਰ ਅਪਰਾਧ ਨਾ ਕੀਤਾ ਜਾਵੇ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨਾਲ ਕੋਈ ਵੀ ਸਮਾਜਿਕ ਸਬੰਧ ਨਾ ਰੱਖਿਆ ਜਾਵੇ। ਇਸ ਕਰਕੇ ਹੀ ਸਿੰਘਣੀਆਂ ਨੇ ਵੀ ਸਿੰਘਾਂ ਦੇ ਬਰਾਬਰ ਲੋਕ ਹੱਕਾਂ ਦੀ ਰਾਖੀ ਲਈ ਕੁਰਬਾਨੀਆਂ ਦਿੱਤੀਆਂ। ਗੁਰੂ ਦੇ ਸਿੰਘਾਂ ਨੇ ਔਰਤ ਦਾ ਪੂਰਾ ਸਤਿਕਾਰ ਕੀਤਾ ਅਤੇ ਪਰਾਈ ਔਰਤ ਵੱਲ ਕਦੇ ਅੱਖ ਚੁੱਕ ਕੇ ਨਹੀਂ ਵੇਖਿਆ ਸਗੋਂ ਧਾੜਵੀਆਂ ਹੱਥੋਂ ਚੁੱਕੀਆਂ ਔਰਤਾਂ ਨੂੰ ਛੁਡਵਾਇਆ।
ਆਜ਼ਾਦੀ ਪਿੱਛੋਂ ਸਾਡੇ ਸੰਵਿਧਾਨ ਵਿੱਚ ਔਰਤਾਂ ਨੂੰ ਬਰਾਬਰੀ ਦੇ ਹੱਕ ਦਿੱਤੇ ਗਏ ਹਨ ਪਰ ਸਮਾਜਿਕ ਤੌਰ ਉੱਤੇ ਅਜੇ ਵੀ ਮਰਦ ਉਸ ਦੀ ਬਰਾਬਰੀ ਕਬੂਲਣ ਲਈ ਤਿਆਰ ਨਹੀਂ ਹੈ। ਔਰਤ ਭਾਵੇਂ ਕਿੰਨੇ ਵੱਡੇ ਅਹੁਦੇ ਉੱਤੇ ਕੰਮ ਕਰਦੀ ਹੋਵੇ, ਫਿਰ ਵੀ ਘਰ ਵਿੱਚ ਬੈਠਾ ਨਿਖੱਟੂ ਮਰਦ ਇਹੋ ਉਮੀਦ ਕਰੇਗਾ ਕਿ ਪਤਨੀ ਹੀ ਕੰਮ ਤੋਂ ਵਾਪਸ ਆ ਕੇ ਰੋਟੀ ਦਾ ਕੰਮ ਕਰੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਦੀ ਰਾਸ਼ਟਰਪਤੀ ਇੱਕ ਔਰਤ ਹੈ। ਪ੍ਰਧਾਨ ਮੰਤਰੀ ਦੀ ਕੁਰਸੀ ਉੱਤੇ ਵੀ ਔਰਤ ਬੈਠ ਚੁੱਕੀ ਹੈ। ਮੁੱਖ ਮੰਤਰੀ ਅਤੇ ਹੋਰ ਅਹੁਦਿਆਂ ਉੱਤੇ ਵੀ ਔਰਤਾਂ ਪੁੱਜੀਆਂ ਹਨ। ਪੜ੍ਹਾਈ ਅਤੇ ਹੋਰ ਹਰ ਖੇਤਰ ਵਿੱਚ ਮਰਦਾਂ ਤੋਂ ਅੱਗੇ ਹੋਣ ਦੇ ਬਾਵਜੂਦ ਔਰਤ ਨੂੰ ਬਰਾਬਰੀ ਪ੍ਰਾਪਤ ਨਹੀਂ ਹੋਈ ਹੈ। ਜੇਕਰ ਕਿਸੇ ਮਰਦ ਨੂੰ ਬੇਟਾ ਜਾਂ ਬੇਟੀ ਦੀ ਲੋੜ ਬਾਰੇ ਪੁੱਛਿਆ ਜਾਵੇ ਤਾਂ ਲਗਭਗ ਸਾਰੇ ਪਤੀ ਹੀ ਪਹਿਲੀ ਔਲਾਦ ਬੇਟਾ ਹੀ ਪਸੰਦ ਕਰਨਗੇ। ਜਦੋਂ ਕਿ ਵੇਖਣ ਵਿੱਚ ਆਇਆ ਹੈ ਕਿ ਲੋੜ ਵੇਲੇ ਮਾਪਿਆਂ ਦੀ ਸੇਵਾ ਆਮ ਕਰਕੇ ਕੁੜੀਆਂ ਹੀ ਕਰਦੀਆਂ ਹਨ। ਪੰਚਾਇਤਾਂ ਵਿੱਚ ਪੰਚਾਂ ਤੇ ਸਰਪੰਚਾਂ ਦੀਆਂ ਕੁਝ ਕੁਰਸੀਆਂ ਔਰਤਾਂ ਲਈ ਰਾਖਵੀਆਂ ਕੀਤੀਆਂ ਗਈਆਂ ਹਨ ਪਰ ਬਹੁਤੇ ਥਾਵੀਂ ਔਰਤਾਂ ਦੇ ਨਾਮ ਕਾਗਜ਼ਾਂ
ਤੱਕ ਹੀ ਸੀਮਤ ਹਨ। ਅਸਲ ਕੰਮ ਤਾਂ ਉਨ੍ਹਾਂ ਦੇ
ਪਤੀ ਹੀ ਕਰਦੇ ਹਨ। ਹੁਣ ਜਦੋਂ ਆਪਣੀ ਮਿਹਨਤ ਸਦਕਾ ਔਰਤਾਂ ਹਰ ਖੇਤਰ ਵਿੱਚ ਮਰਦਾਂ ਦੀ ਬਰਾਬਰੀ ਹੀ ਨਹੀਂ ਸਗੋਂ ਅੱਗੇ ਲੰਘ ਰਹੀਆਂ ਹਨ ਤਾਂ ਮਰਦਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਉਹ ਧਾਰਮਿਕ ਕੱਟੜਵਾਦ ਜਾਂ ਸੱਭਿਆਚਾਰ ਦੇ ਨਾਮ ਹੇਠ ਔਰਤਾਂ ਉੱਤੇ ਜ਼ਬਰਦਸਤੀ ਰੋਕ ਲਗਾਉਣ ਲੱਗੇ।
ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ ਅਤੇ ਨਾ-ਬਰਾਬਰੀ ਵਧ ਰਹੀ ਹੈ। ਉਦੋਂ ਕਿਸੇ ਨੂੰ ਵੀ ਸਮਾਜਿਕ ਕਦਰਾਂ-ਕੀਮਤਾਂ ਦਾ ਘਾਣ ਹੁੰਦਾ ਨਜ਼ਰ ਨਹੀਂ ਆਉਂਦਾ। ਜੇਕਰ ਕੋਈ ਕੁੜੀ ਕਿਸੇ ਮੁੰਡੇ ਨਾਲ ਹੱਸ ਕੇ ਗੱਲ ਕਰ ਲੈਂਦੀ ਹੈ ਤਾਂ ਆਫ਼ਤ ਆ ਜਾਂਦੀ ਹੈ। ਆਪਣੇ ਆਪ ਸਮਾਜ ਦੇ ਠੇਕੇਦਾਰ ਬਣੇ ਕੁਝ ਵਿਹਲੜ ਲੋਕ ਪੱਛਮੀ ਸੱਭਿਆਚਾਰ ਨੂੰ ਫੈਲਣ ਤੋਂ ਰੋਕਣ ਦੇ ਨਾਮ ਹੇਠ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦਾ ਯਤਨ ਕਰਦੇ ਹਨ। ਉਹ ਔਰਤਾਂ ਲਈ ਪਹਿਨਣ, ਖਾਣ ਤੇ ਘੁੰਮਣ ਲਈ ਕਾਨੂੰਨ ਨਿਸ਼ਚਤ ਕਰ ਰਹੇ ਹਨ ਅਤੇ ਆਪ ਸਭ ਤੋਂ ਵੱਧ ਕੁਕਰਮ ਕਰਦੇ ਹਨ। ਔਰਤਾਂ ਦਾ ਇਕੱਲੇ ਸਫ਼ਰ ਕਰਨਾ ਔਖਾ ਹੈ, ਦਫ਼ਤਰਾਂ ਵਿੱਚ ਸ਼ੋਸ਼ਣ ਹੁੰਦਾ ਹੈ, ਘਰੋਗੀ ਕਲੇਸ਼ ਨੂੰ ਝਲਣਾ ਪੈਂਦਾ ਹੈ, ਇੱਥੋਂ ਤੱਕ ਕਿ ਕੁੱਖ ਵਿੱਚ ਮਾਰਿਆ ਜਾਂਦਾ ਹੈ। ਕਿਰਤ ਦਾ ਸਤਿਕਾਰ, ਇਮਾਨਦਾਰੀ, ਮਿਹਨਤ ਅਤੇ ਮਨੁੱਖੀ ਬਰਾਬਰੀ ਪੱਛਮੀ ਸੱਭਿਆਚਾਰ ਦੇ ਅਟੁੱਟ ਅੰਗ ਹਨ। ਸਾਡੇ ਨੌਜਵਾਨ ਇਨ੍ਹਾਂ ਪ੍ਰਭਾਵਾਂ ਨੂੰ ਕਬੂਲਣ ਦੀ ਥਾਂ ਮੀਡੀਆ ਦੇ ਪ੍ਰਭਾਵ ਨੂੰ ਕਬੂਲ ਰਹੇ ਹਨ। ਬਹੁਤੇ ਸੀਰੀਅਲ ਨੌਜਵਾਨਾਂ ਨੂੰ ਗਿਆਨ ਵਿਗਿਆਨ ਨਾਲ ਜੋੜਨ ਦੀ ਥਾਂ ਆਪਸੀ ਸਬੰਧਾਂ ਦੀਆਂ ਹੇਰਾ-ਫੇਰੀਆਂ, ਬੇਈਮਾਨੀ, ਨੰਗੇਜ਼ਵਾਦ ਲਈ ਉਕਸਾਅ ਰਹੇ ਹਨ। ਇਨ੍ਹਾਂ ਵਿਰੁੱਧ ਕਦੇ ਵੀ ਸਮਾਜ ਦੇ ਠੇਕੇਦਾਰਾਂ ਨੇ ਆਵਾਜ਼ ਬੁਲੰਦ ਨਹੀਂ ਕੀਤੀ। ਔਰਤ ਮਾਂ, ਧੀ ਅਤੇ ਪਤਨੀ ਦੇ ਰੂਪ ਵਿੱਚ ਹਮੇਸ਼ਾ ਮਰਦਾਂ ਦੀ ਸੇਵਾ ਕਰਦੀ ਹੈ। ਅਸੀਂ ਇੰਨੇ ਅਕ੍ਰਿਤਘਣ ਹਾਂ ਕਿ ਔਰਤ ਦਾ ਸਤਿਕਾਰ ਕਰਨ ਦੀ ਥਾਂ ਉਸ ਉੱਤੇ ਪਾਬੰਦੀਆਂ ਲਾਉਂਦੇ ਹਾਂ। ਸਰੀਰਕ ਭੁੱਖ ਪੂਰੀ ਕਰਨ ਲਈ ਉਨ੍ਹਾਂ ਨਾਲ ਜ਼ਬਰਦਸਤੀ ਕਰਕੇ ਉਨ੍ਹਾਂ ਦਾ ਜੀਵਨ ਤਬਾਹ ਕਰ ਰਹੇ ਹਾਂ। ਜੇਕਰ ਸਮਾਜਿਕ ਕਦਰਾਂ-ਕੀਮਤਾਂ ਦੀ ਇੰਨੀ ਹੀ ਫ਼ਿਕਰ ਹੈ ਤਾਂ ਬਲਾਤਕਾਰ ਕਰਨ ਵਾਲਿਆਂ ਵਿਰੁੱਧ ਮੁਹਿੰਮ ਚਲਾਈਏ, ਰਿਸ਼ਵਤਖੋਰਾਂ ਨੂੰ ਨਕੇਲ ਪਾਈਏ, ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ਤੋਂ ਬਚਾਈਏ ਅਤੇ ਨਾ ਬਰਾਬਰੀ ਦਾ ਖਾਤਮਾ ਕਰੀਏ, ਉਦੋਂ ਹੀ ਸਮਾਜਿਕ ਕਦਰਾਂ-ਕੀਮਤਾਂ ਦੀ ਰਾਖੀ ਹੋ ਸਕੇਗੀ।
ਹਰ ਵਰ੍ਹੇ ਅੱਠ ਮਾਰਚ ਦਾ ਦਿਨ ‘ਮਹਿਲਾ ਦਿਵਸ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਔਰਤਾਂ ਦੇ ਹੱਕਾਂ ਦਾ ਸ਼ੋਸ਼ਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਹੁੰਦਾ ਹੈ। ਉਸੇ ਨੂੰ ਰੋਕਣ ਲਈ ਇਹ ਦਿਨ ਰਾਖਵਾਂ ਰੱਖਿਆ ਗਿਆ ਹੈ ਪਰ ਇਸ ਦਿਨ ਕੋਈ ਠੋਸ ਅਤੇ ਅਮਲੀ ਕਦਮ ਨਹੀਂ ਚੁੱਕੇ ਜਾਂਦੇ। ਕੇਵਲ ਰਸਮੀ ਸਮਾਗਮ ਹੁੰਦੇ ਹਨ। ਜੇਕਰ ਸਚੁਮੱਚ ਅਸੀਂ ਸਮਾਜ ਨੂੰ ਸੁੰਦਰ, ਖੁਸ਼ਗਵਾਰ ਅਤੇ ਪਰਿਵਾਰ ਨੂੰ ਸਵਰਗ ਬਣਾਉਣਾ ਚਾਹੁੰਦੇ ਹਾਂ ਤਾਂ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਔਰਤਾਂ ਦਾ ਸਤਿਕਾਰ ਕਰੀਏ। ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਬਚਨਬੱਧ ਹੋਈਏ ਅਤੇ ਬਰਾਬਰੀ ਦਾ ਸਥਾਨ ਦੇਣ ਦਾ ਪ੍ਰਣ ਕਰੀਏ। ਔਰਤ ਤੋਂ ਬਿਨਾਂ ਪਰਿਵਾਰ ਅਤੇ ਸਮਾਜ ਸੰਭਵ ਹੀ ਨਹੀਂ ਹੈ।
ਔਰਤਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਪ੍ਰਤੀ ਚੇਤੰਨ ਹੋਣਾ ਚਾਹੀਦਾ ਹੈ। ਆਪਣੇ ਬੱਚਿਆਂ ਲਈ ਵੀ ਕੁਝ ਸਮਾਂ ਕੱਢੋ। ਸਕੂਲੋਂ ਆਉਣ ’ਤੇ ਉਨ੍ਹਾਂ ਦਾ ਆਪ ਸਵਾਗਤ ਕਰਨ ਦੀ ਕੋਸ਼ਿਸ਼ ਕਰੋ। ਉਨ੍ਹਾਂ ਨਾਲ ਗੱਲਾਂ ਕਰੋ ਅਤੇ ਚੰਗੇ ਸੰਸਕਾਰ ਦੇਵੋ ਤਾਂ ਜੋ ਉਨ੍ਹਾਂ ਵਿੱਚ ਚੰਗੀਆਂ ਆਦਤਾਂ ਪੈਣ ਅਤੇ ਉਹ ਨਿਰਾਸ਼ਤਾ ਤੋਂ ਦੂਰ ਰਹਿਣ। ਟੀ.ਵੀ. ਸੀਰੀਅਲਾਂ ਦੇ ਪਿੱਛੇ ਲੱਗ ਭੈੜੀਆਂ ਆਦਤਾਂ ਤੋਂ ਬਚਿਆ ਜਾਵੇ। ਸਰੀਰਕ ਸੁੰਦਰਤਾ ਵੱਲ ਧਿਆਨ ਜ਼ਰੂਰ ਦੇਵੋ ਪਰ ਇਸ ਦੀ ਨੁਮਾਇਸ਼ ਨਾ ਕੀਤੀ ਜਾਵੇ। ਚਰਿੱਤਰ ਉਸਾਰੀ ਅਤੇ ਅਨੁਸ਼ਾਸਨ ਵੱਲ ਆਪ ਵੀ ਧਿਆਨ ਦੇਵੋ ਅਤੇ ਬੱਚਿਆਂ ਨੂੰ ਵੀ ਇਹੋ ਸਬਕ ਸਿਖਾਇਆ ਜਾਵੇ। ਉਨ੍ਹਾਂ ਦੇ ਹੱਥਾਂ ਵਿੱਚ ਸੁਰਤ ਸੰਭਾਲਦਿਆਂ ਹੀ ਸਮਾਰਟ ਫੋਨ ਨਾ ਫੜਾਇਆ ਜਾਵੇ।
ਇਸ ਸਮੇਂ ਪੰਜਾਬ ਵਿੱਚ ਇੱਕ ਨਵੀਂ ਸਮੱਸਿਆ ਸਾਹਮਣੇ ਆ ਰਹੀ ਹੈ। ਸਾਰੇ ਸਕੂਲ, ਕਾਲਜਾਂ ਅਤੇ ਤਕਨੀਕੀ ਸੰਸਥਾਵਾਂ ਵਿੱਚ ਕੁੜੀਆਂ ਦੀ ਗਿਣਤੀ ਵਧ ਰਹੀ ਹੈ ਅਤੇ ਪੜ੍ਹਾਈ ਵਿੱਚ ਵੀ ਉਹ ਅੱਗੇ ਹਨ। ਸਰਕਾਰੀ ਅਤੇ ਗ਼ੈਰ ਸਰਕਾਰੀ ਖੇਤਰਾਂ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਿੱਚ ਵੀ ਉਹ ਅੱਗੇ ਨਿਕਲ ਰਹੀਆਂ ਹਨ। ਅਜਿਹੇ ਵਿੱਚ ਮਰਦਾਂ ਦੀ ਸੋਚ ਬਦਲਣ ਦੀ ਲੋੜ ਹੈ। ਮੁੰਡਿਆਂ ਨੂੰ ਹਰ ਖੇਤਰ ਵਿੱਚ ਸਿਹਤਮੰਦ ਮੁਕਾਬਲਾ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਵਖਰੇਵਾਂ ਨਾ ਵਧ ਜਾਵੇ ਅਤੇ ਕੁੜੀਆਂ ਨੂੰ ਆਪਣੇ ਨਾਲੋਂ ਘੱਟ ਪੜ੍ਹੇ ਲਿਖੇ ਮੁੰਡਿਆਂ ਨਾਲ ਵਿਆਹ ਕਰਨ ਲਈ ਮਜਬੂਰ ਨਾ ਹੋਣਾ ਪਵੇ। ਹੁਣ ਪਾਰਿਵਾਰਕ ਸੁੱਖ ਸ਼ਾਂਤੀ ਵਿੱਚ ਵਿਗਾੜ ਆ ਰਿਹਾ ਹੈ। ਇਸ ਪਾਸੇ ਧਿਆਨ ਦੇਣਾ ਜ਼ਰੂਰੀ ਹੈ। ਪਿੰਡਾਂ ਵਿੱਚ ਅਤੇ ਗ਼ਰੀਬ ਵਰਗ ਵਿੱਚ ਅਜੇ ਵੀ ਔਰਤਾਂ ਪਿੱਛੇ ਹਨ। ਇਸ ਵਰਗ ਦੀਆਂ ਬਹੁਤ ਘੱਟ ਔਰਤਾਂ ਦੇ ਨਾਮ ਕੋਈ ਜ਼ਮੀਨ ਜਾਇਦਾਦ ਹੈ ਜਾਂ ਬੈਂਕ ਵਿੱਚ ਖਾਤੇ ਹਨ। ਹੁਣ ਜਦੋਂ ਔਰਤਾਂ ਬਰਾਬਰ ਜਾਂ ਮਰਦ ਤੋਂ ਵੀ ਵੱਧ ਕਮਾਈ ਕਰਦੀਆਂ ਹਨ ਤਾਂ ਇਸ ਵਖਰੇਵੇਂ ਨੂੰ ਵੀ ਦੂਰ ਕੀਤਾ ਜਾਵੇ। ਸਾਡੇ ਧਾਰਮਿਕ ਆਗੂ ਅਤੇ ਸਮਾਜ ਸੁਧਾਰਕ ਇਸ ਪਾਸੇ ਅਹਿਮ ਯੋਗਦਾਨ ਪਾ ਸਕਦੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×