ਮਹਿਲਾ ਕ੍ਰਿਕਟ: ਭਾਰਤ-ਆਸਟਰੇਲੀਆ ਵਿਚਾਲੇ ਆਖਰੀ ਇੱਕ ਰੋਜ਼ਾ ਮੁਕਾਬਲਾ ਅੱਜ
ਪਰਥ, 10 ਦਸੰਬਰ
ਪਹਿਲੇ ਦੋ ਮੈਚਾਂ ’ਚ ਮਿਲੀ ਕਰਾਰੀ ਹਾਰ ਮਗਰੋਂ ਭਾਰਤੀ ਮਹਿਲਾ ਟੀਮ ਬੁੱਧਵਾਰ ਨੂੰ ਆਸਟਰੇਲੀਆ ਖ਼ਿਲਾਫ਼ ਹੋਣ ਵਾਲੇ ਤੀਜੇ ਅਤੇ ਆਖਰੀ ਇੱਕ ਰੋਜ਼ਾ ਮੁਕਾਬਲੇ ਵਿੱਚ ਕਲੀਨ ਸਵੀਪ ਤੋਂ ਬਚਣ ਅਤੇ ਅਗਲੇ ਸਾਲ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਤੋਂ ਪਹਿਲਾਂ ਆਪਣੀਆਂ ਕਮਜ਼ੋਰੀਆਂ ਦੂਰ ਕਰਨ ਦੀ ਕੋਸ਼ਿਸ਼ ਕਰੇਗੀ। ਸੱਤ ਵਾਰ ਦੀ ਵਿਸ਼ਵ ਚੈਂਪੀਅਨ ਆਸਟਰੇਲੀਆ ਨੇ ਤਿੰਨ ਮੈਚਾਂ ਦੀ ਲੜੀ ਵਿੱਚ ਭਾਰਤ ’ਤੇ ਪੂਰੀ ਤਰ੍ਹਾਂ ਦਬਦਬਾ ਬਣਾਇਆ ਹੈ, ਜਦਕਿ ਭਾਰਤ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਤਿੰਨਾਂ ਵਿਭਾਗਾਂ ’ਚ ਖਰਾਬ ਪ੍ਰਦਰਸ਼ਨ ਕੀਤਾ ਹੈ। ਦੂਜੇ ਮੁਕਾਬਲੇ ’ਚ ਮਿਲੀ 122 ਦੌੜਾਂ ਦੀ ਰਿਕਾਰਡ ਹਾਰ ਤੋਂ ਭਾਰਤ ਦੀ ਕਮਜ਼ੋਰੀ ਦਾ ਪਤਾ ਲੱਗਦਾ ਹੈ। ਟੀਮ ਕਿਸੇ ਵੀ ਸਮੇਂ 372 ਦੌੜਾਂ ਦੇ ਟੀਚੇ ’ਤੇ ਪਹੁੰਚਣ ਦੀ ਸਥਿਤੀ ’ਚ ਨਜ਼ਰ ਨਹੀਂ ਆ ਰਹੀ ਸੀ।
ਭਾਰਤ ਨੂੰ ਉਸ ਦੀਆਂ ਦੋ ਸਟਾਰ ਬੱਲੇਬਾਜ਼ਾਂ ਕਪਤਾਨ ਹਰਮਨਪ੍ਰੀਤ ਕੌਰ ਅਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਸਭ ਤੋਂ ਵੱਧ ਨਿਰਾਸ਼ ਕੀਤਾ ਹੈ। ਮੰਧਾਨਾ ਨੇ ਅਕਤੂਬਰ ’ਚ ਨਿਊਜ਼ੀਲੈਂਡ ਖ਼ਿਲਾਫ਼ ਸੈਂਕੜਾ ਜੜਿਆ ਸੀ ਪਰ ਆਸਟਰੇਲੀਆ ਖ਼ਿਲਾਫ਼ ਪਹਿਲੇ ਦੋ ਮੈਚਾਂ ’ਚ ਉਹ ਸਿਰਫ 17 ਦੌੜਾਂ ਹੀ ਬਣਾ ਸਕੀ ਹੈ। ਇਸੇ ਤਰ੍ਹਾਂ ਹਰਮਨਪ੍ਰੀਤ ਆਪਣੀ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਬਦਲਣ ’ਚ ਨਾਕਾਮ ਰਹੀ ਹੈ। ਉਸ ਨੇ ਦੋ ਮੈਚਾਂ ਵਿੱਚ 57 ਦੌੜਾਂ ਬਣਾਈਆਂ ਹਨ। ਭਾਰਤੀ ਟੀਮ ਇਸ ਸਾਲ ਦੇ ਸ਼ੁਰੂ ਵਿੱਚ ਟੀ-20 ਵਿਸ਼ਵ ਕੱਪ ਤੋਂ ਜਲਦੀ ਬਾਹਰ ਹੋ ਗਈ ਸੀ ਅਤੇ ਉਦੋਂ ਤੋਂ ਹਰਮਨਪ੍ਰੀਤ ਦੀ ਬੱਲੇਬਾਜ਼ੀ ਅਤੇ ਕਪਤਾਨੀ ’ਤੇ ਨਜ਼ਰ ਰੱਖੀ ਜਾ ਹੈ।
ਆਸਟਰੇਲੀਆ ਦੇ ਬੱਲੇਬਾਜ਼ ਹੁਣ ਤੱਕ ਦੋ ਸੈਂਕੜੇ ਅਤੇ ਦੋ ਨੀਮ ਸੈਂਕੜੇ ਜੜ ਚੁੱਕੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਬੱਲੇਬਾਜ਼ ਦੌੜਾਂ ਬਣਾਉਣ ਲਈ ਕਿੰਨਾ ਸੰਘਰਸ਼ ਕਰ ਰਹੇ ਹਨ। ਪਹਿਲੇ ਮੁਕਾਬਲੇ ਵਿੱਚ ਚਾਰ ਭਾਰਤੀ ਬੱਲੇਬਾਜ਼ ਹੀ ਦੋਹਰੇ ਅੰਕ ਤੱਕ ਪਹੁੰਚ ਸਕੇ ਸਨ। ਭਾਰਤੀ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਵੀ ਬਹੁਤਾ ਚੰਗਾ ਨਹੀਂ ਰਿਹਾ। -ਪੀਟੀਆਈ