ਮਹਿਲਾ ਕ੍ਰਿਕਟ: ਭਾਰਤ ਅਤੇ ਵਿੰਡੀਜ਼ ਵਿੱਚ ਦੂਜਾ ਇੱਕ ਰੋਜ਼ਾ ਮੁਕਾਬਲਾ ਅੱਜ
ਵਡੋਦਰਾ, 23 ਦਸੰਬਰ
ਦੌੜਾਂ ਦੇ ਲਿਹਾਜ਼ ਨਾਲ ਆਪਣੀ ਸਭ ਤੋਂ ਵੱਡੀ ਜਿੱਤ ’ਚੋਂ ਇੱਕ ਦਰਜ ਕਰਨ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਮੰਗਲਵਾਰ ਨੂੰ ਇੱਥੇ ਵੈਸਟਇੰਡੀਜ਼ ਖ਼ਿਲਾਫ਼ ਦੂਜੇ ਇੱਕ ਰੋਜ਼ਾ ਮੈਚ ’ਚ ਲੜੀ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗੀ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਹਿਲੇ ਮੈਚ ਵਿੱਚ ਸਾਰੇ ਵਿਭਾਗਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਅਤੇ 211 ਦੌੜਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਅਗਲੇ ਸਾਲ ਦੇਸ਼ ਵਿੱਚ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ ਦੇ ਮੱਦੇਨਜ਼ਰ ਭਾਰਤੀ ਟੀਮ ਲਈ ਆਉਣ ਵਾਲੇ ਮਹੀਨਿਆਂ ਵਿੱਚ ਸਾਰੇ ਮੈਚ ਅਹਿਮ ਹੋਣਗੇ। ਭਾਰਤ ਨੇ ਹਾਲੇ ਤੱਕ ਮਹਿਲਾ ਵਿਸ਼ਵ ਕੱਪ ਦਾ ਖਿਤਾਬ ਨਹੀਂ ਜਿੱਤਿਆ ਹੈ ਅਤੇ ਟੀਮ ਘਰੇਲੂ ਮੈਦਾਨ ’ਤੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਖਿਤਾਬ ਦਾ ਸੋਕਾ ਖ਼ਤਮ ਕਰਨ ਦੀ ਕੋਸ਼ਿਸ਼ ਕਰੇਗੀ।
ਭਾਰਤੀ ਟੀਮ ਦੀ ਨਵੇਂ ਸੈਸ਼ਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੂੰ ਆਸਟਰੇਲੀਆ ਵਿੱਚ 0-3 ਨਾਲ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਟੀਮ ਨੇ ਵੈਸਟਇੰਡੀਜ਼ ਖ਼ਿਲਾਫ਼ ਚੰਗੀ ਵਾਪਸੀ ਕਰਦਿਆਂ 2-1 ਨਾਲ ਟੀ-2 ਲੜੀ ਜਿੱਤੀ ਅਤੇ ਹੁਣ ਇੱਕ ਰੋਜ਼ਾ ਲੜੀ ਦੀ ਸ਼ੁਰੂਆਤ ਵੀ ਜਿੱਤ ਨਾਲ ਕੀਤੀ ਹੈ। ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡ ਰਹੀ ਦਿੱਲੀ ਦੀ ਪ੍ਰਤਿਕਾ ਰਾਵਲ ਨੇ ਪਹਿਲੇ ਇੱਕ ਰੋਜ਼ਾ ਮੈਚ ਵਿੱਚ 69 ਗੇਂਦਾਂ ’ਚ 40 ਦੌੜਾਂ ਬਣਾਉਣ ਤੋਂ ਇਲਾਵਾ ਉਪ ਕਪਤਾਨ ਸਮ੍ਰਿਤੀ ਮੰਧਾਨਾ ਨਾਲ ਪਹਿਲੀ ਵਿਕਟ ਲਈ ਸੈਂਕੜੇ ਦੀ ਭਾਈਵਾਲੀ ਕਰਕੇ ਚੰਗੀ ਛਾਪ ਛੱਡੀ ਹੈ। ਲੜੀ ਦੀ ਸ਼ੁਰੂਆਤ ਤੋਂ ਪਹਿਲਾਂ ਹਰਮਨਪ੍ਰੀਤ ਦੀ ਫਿਟਨੈੱਸ ਭਾਰਤ ਲਈ ਚਿੰਤਾ ਦਾ ਵਿਸ਼ਾ ਸੀ। ਉਹ ਗੋਡੇ ਦੀ ਸੱਟ ਕਾਰਨ ਆਖਰੀ ਦੋ ਟੀ-20 ਮੈਚਾਂ ’ਚ ਖੇਡ ਨਹੀਂ ਸਕੀ ਸੀ ਪਰ ਪਹਿਲੇ ਇੱਕ ਰੋਜ਼ਾ ਮੁਕਾਬਲੇ ਵਿੱਚ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। -ਪੀਟੀਆਈ