ਮਹਿਲਾ ਕ੍ਰਿਕਟ: ਭਾਰਤ ਨੇ 2-1 ਨਾਲ ਲੜੀ ਜਿੱਤੀ
ਅਹਿਮਦਾਬਾਦ, 29 ਅਕਤੂਬਰ
ਸਲਾਮੀ ਬੱਲੇਬਾਜ਼ੀ ਸਮ੍ਰਿਤੀ ਮੰਧਾਨਾ ਅਤੇ ਬਾਕੀ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਅੱਜ ਇੱਥੇ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਕੇ ਤਿੰਨ ‘ਇੱਕ ਰੋਜ਼ਾ’ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਮ ਕਰ ਲਈ। ਪਿਛਲੇ ਮੁਕਾਬਲਿਆਂ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਵਾਲੀ ਮੰਧਾਨਾ ਨੇ ਇਸ ਮੈਚ ਵਿੱਚ 122 ਗੇਂਦਾਂ ’ਤੇ 100 ਦੌੜਾਂ ਬਣਾਈਆਂ। ਇਹ ਮੰਧਾਨਾ ਦਾ ਇੱਕ ਰੋਜ਼ਾ ਮੁਕਾਬਲਿਆਂ ਵਿੱਚ ਅੱਠਵਾਂ ਸੈਂਕੜਾ ਸੀ।
ਨਿਊਜ਼ੀਲੈਂਡ ਦੀ ਪਾਰੀ ਨੂੰ 232 ਦੌੜਾਂ ’ਤੇ ਸਮੇਟਣ ਮਗਰੋਂ ਭਾਰਤ ਨੇ ਇਹ ਟੀਚਾ 44.2 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ’ਤੇ 236 ਦੌੜਾਂ ਬਣਾ ਕੇ ਪੂਰਾ ਕਰ ਲਿਆ। ਭਾਰਤ ਲਈ ਮੰਧਾਨਾ (100) ਤੋਂ ਇਲਾਵਾ ਕਪਤਾਨ ਹਰਮਨਪ੍ਰੀਤ ਕੌਰ ਨੇ ਨਾਬਾਦ 59, ਯਸਤਿਕਾ ਭਾਟੀਆ ਨੇ 35 ਅਤੇ ਜੈਮਿਮਾ ਰੌਡਰਿਗਜ਼ ਨੇ 22 ਦੌੜਾਂ ਦਾ ਯੋਗਦਾਨ ਪਾਇਆ। ਮੰਧਾਨਾ ਅਤੇ ਹਰਮਨਪ੍ਰੀਤ ਨੇ ਤੀਜੀ ਵਿਕਟ ਲਈ 118 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਦੀ ਜਿੱਤ ਪੱਕੀ ਕੀਤੀ। ਨਿਊਜ਼ੀਲੈਂਡ ਲਈ ਹਾਨਾ ਰੋਵੇ ਨੇ ਦੋ ਜਦਕਿ ਸੋਫੀ ਡਿਵਾਈਨ ਅਤੇ ਫਰਾਨ ਜੋਨਸ ਨੇ ਇੱਕ-ਇੱਕ ਵਿਕਟ ਲਈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਬਰੂਕੀ ਹੈਲੀਡੇ ਨੇ 96 ਗੇਂਦਾਂ ’ਤੇ 86 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੂੰ ਸੰਘਰਸ਼ਪੂਰਨ ਸਕੋਰ ਤੱਕ ਪਹੁੰਚਾਇਆ। -ਪੀਟੀਆਈ