ਮਹਿਲਾ ਕ੍ਰਿਕਟ: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਫੈ਼ਸਲਾਕੁਨ ਮੈਚ ਅੱਜ
ਅਹਿਮਦਾਬਾਦ, 28 ਅਕਤੂਬਰ
ਭਾਰਤੀ ਮਹਿਲਾ ਟੀਮ ਨੂੰ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ‘ਇੱਕ ਰੋਜ਼ਾ ਮੈਚਾਂ’ ਦੀ ਲੜੀ ਵਿੱਚ ਜਿੱਤ ਹਾਸਲ ਕਰਨ ਲਈ ਭਲਕੇ ਮੰਗਲਵਾਰ ਨੂੰ ਬੱਲੇਬਾਜ਼ਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਭਾਰਤੀ ਬੱਲੇਬਾਜ਼ ਬੀਤੇ ਦਿਨ ਦੂਜੇ ਮੁਕਾਬਲੇ ਵਿੱਚ ਟੀਚੇ ਦਾ ਪਿੱਛਾ ਕਰਨ ਵਿੱਚ ਨਾਕਾਮ ਰਹਿ ਗਏ ਸਨ। ਜਿੱਤ ਲਈ 260 ਦੌੜਾਂ ਬਣਾਉਂਦਿਆਂ ਭਾਰਤ ਨੇ 108 ਦੌੜਾਂ ’ਤੇ ਹੀ ਅੱਠ ਵਿਕਟਾਂ ਗੁਆ ਦਿੱਤੀਆਂ ਸਨ। ਰਾਧਾ ਯਾਦਵ (48) ਅਤੇ ਸਾਇਮਾ ਠਾਕੁਰ (29) ਨੇ ਨੌਵੀਂ ਵਿਕਟ ਲਈ 70 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਨੂੰ ਸ਼ਰਮਨਾਕ ਹਾਰ ਤੋਂ ਬਚਾਇਆ। ਹਾਲਾਂਕਿ ਭਾਰਤੀ ਟੀਮ 183 ਦੌੜਾਂ ’ਤੇ ਆਊਟ ਹੋ ਗਈ ਸੀ। ਇਸ ਤੋਂ ਪਹਿਲਾਂ ਲੜੀ ਦੇ ਸ਼ੁਰੂਆਤੀ ਮੈਚ ’ਚ ਵੀ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਨੂੰ 59 ਦੌੜਾਂ ਨਾਲ ਜਿੱਤ ਦਿਵਾਈ ਸੀ। ਲੜੀ ਦੇ ਪਹਿਲੇ ਦੋ ਮੈਚਾਂ ’ਚ ਇੱਕ ਵੀ ਭਾਰਤੀ ਬੱਲੇਬਾਜ਼ ਨੇ ਨੀਮ ਸੈਂਕੜਾ ਨਹੀਂ ਜੜਿਆ। ਲੜੀ ਦੇ ਫੈਸਲਾਕੁਨ ਮੈਚ ’ਚ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਦੇ ਨਾਲ-ਨਾਲ ਕਪਤਾਨ ਹਰਮਨਪ੍ਰੀਤ ਕੌਰ ਨੂੰ ਵੀ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਮੱਧਕ੍ਰਮ ਵਿੱਚ ਜੇਮਿਮਾ ਰੌਡਰਿਗਜ਼, ਦੀਪਤੀ ਸ਼ਰਮਾ ਅਤੇ ਤੇਜਲ ਹਸਬਨੀਸ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਬਦਲਣ ਵਿੱਚ ਨਾਕਾਮ ਰਹੀਆਂ ਹਨ। ਭਾਰਤ ਲਈ ਸਭ ਤੋਂ ਵੱਡੀ ਸਮੱਸਿਆ ਮੰਧਾਨਾ ਦੀ ਖਰਾਬ ਲੈਅ ਹੈ। ਉਹ ਲੜੀ ਦੇ ਪਹਿਲੇ ਦੋ ਮੈਚਾਂ ਵਿੱਚ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੀ। ਦੂਜੇ ਪਾਸੇ ਭਾਰਤੀ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ ਹੈ। -ਪੀਟੀਆਈ